ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਖੇ ਅੱਜ ਇਥੇ ਭਾਰਤ ਸਰਕਾਰ
ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਗਲੋਬਲ ਇਨੀਸ਼ੀਏਟਿਵ ਆਫ ਅਕੈਡੇਮਿਕ ਟੈਨਵਰਕਸ (ਗਿਆਨ) ਪ੍ਰੋਗਰਾਮ ਅਧੀਨ ਨੈਨੋ-ਸਟਰਕਚਰ ਵਿਸ਼ੇ ‘ਤੇ ਇਕ ਪੰਜ ਦਿਨਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਵੱਲੋਂ ਭਾਰਤ ਸਰਕਾਰ ਦੇ ਹਿਊਮਨ ਰਿਸੋਰਸ ਡਿਵੈਲਪਮੈਂਟ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਇਸ ਪ੍ਰੋਗਰਾਮ ਵਿਚ ਦੇਸ਼ ਦੇ ਵੱਖਵੱਖ ਕੋਨਿਆਂ ਤੋਂ 100 ਤੋਂ ਵੱਧ ਵਿਗਿਆਨੀ, ਅਧਿਆਪਕ ਤੇ ਖੋਜਾਰਥੀ ਭਾਗ ਲੈ ਰਹੇ ਹਨ ਅਤੇ ਇਸ ਦਾ ਇੰਟਰਨੈਟ ਰਾਹੀਂ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਲਾਹੇਵੰਦ ਹੋ ਸਕਣ।
ਵਾਈਸ-ਚਾਂਸਲਰ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਨੇ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਸਰਕਾਰ ਵੱਲੋਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੇ ਗਿਆਨ ਵਿਚ ਹੋਰ ਵਾਧਾ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ।ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹੇ ਵੱਧ ਤੋਂ ਵੱਧ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਪ੍ਰੋ. ਸੰਧੂ ਨੇ ਕਿਹਾ ਕਿ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਇਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਕਿ ਇਸ ਯੂਨੀਵਰਸਿਟੀ ਦਾ ਹੋਰ ਵਧੇਰੇ ਵਿਕਾਸ ਹੋ ਸਕੇ ਅਤੇ ਉਹ ਆਪਣੀ ਵਧੇਰੇ ਪਛਾਣ, ਨਾ ਕਿ ਰਾਸ਼ਟਰੀ ਸਗੋਂ ਅੰਤਰਰਾਸ਼ਟਰੀ ਪੱਧਰ ‘ਤੇ ਵੀ ਬਣਾ ਸਕੇ।ਉਨ੍ਹਾਂ ਕਿਹਾ ਕਿ ਉਹ ਸਭ ਉਸਾਰੂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਗੇ ਜੋ ਕਿ ਯੂਨੀਵਰਸਿਟੀ ਅਤੇ ਵਿਦਿਆਰਥੀਆਂ ਦੇ ਹਿਤ ਵਿਚ ਹੋਵੇਗੀ।
ਗਿਆਨ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਪਲਵਿੰਦਰ ਸਿੰਘ ਨੇ ਪੋ੍ਰਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਨਿਉ ਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਦੇ ਅਪਲਾਇਡ ਫਿਜ਼ਿਕਸ ਅਤੇ ਅਪਲਾਇਡ ਮੈਥੇਮੈਟਿਕਸ ਵਿਭਾਗ ਦੇ ਵਿਸ਼ਵ ਪ੍ਰਸਿੱਧ ਵਿਗਿਆਨੀ ਪ੍ਰੋ. ਸਿਮੌਨ ਜੇ.ਐਲ ਬਿਲੈਂਗ ਵੱਲੋਂ ਵਿਦਿਆਰਥੀਆਂ ਨੂੰ ਐਕਸਰੇ ਅਤੇ ਨਿਊਟਰੌਨ ਤਕਨੀਕਾਂ ਬਾਰੇ ਵਿਸ਼ੇਸ਼ ਭਾਸ਼ਣ ਦਿੱਤੇ ਜਾਣਗੇ।
ਵਿਭਾਗ ਦੇ ਮੁਖੀ, ਡਾ. ਐਚ.ਐਸ. ਸੈਨੀ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਵਿਭਾਗ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਡਾ. ਅਤੁਲ ਖੰਨਾ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਮੁੱਖ ਮਹਿਮਾਨ ਦੀ ਜਾਣਪਛਾਣ ਕਰਾਈ। ਵਿਭਾਗ ਵੱਲੋਂ ਪ੍ਰ੍ਰੋ. ਸੰਧੂ ਅਤੇ ਪ੍ਰੋ. ਸੀਮੌਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media