Thursday, March 26, 2026

ਅਮਰੀਕਾ ਤੇ ਉੱਤਰੀ ਕੋਰੀਆ ਦੀ ਜੰਗ ਵਿੱਚਲਾ ਫਾਸਲਾ

ਅਮਰੀਕਾ ਵਲੋਂ ਉੱਤਰੀ ਕੋਰੀਆ ’ਤੇ ਜੇਕਰ ਹਮਲਾ ਹੁੰਦਾ ਹੈ ਤਾਂ ਇਸ ਸੂਰਤ ਵਿੱਚ ਚੀਨ ਸਿੱਧਾ ਦਖਲ ਦੇਵੇਗਾ।ਚੀਨ ਨੇ ਅਮਰੀਕਾ-ਉੱਤਰੀ ਕੋਰੀਆ ਦਰਮਿਆਨ ਚਲ ਰਹੀ ਤਨਾਤਨੀ ਵਿਚਕਾਰ ਆਪਣੀ ਸਥਿਤੀ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ।ਚੀਨ ਦੇ ਸਰਕਾਰੀ ਅਖ਼ਬਾਰ ‘ਗਲੋਬਲ ਟਾਈਮਜ਼’ ਵਿੱਚ ਇਹ ਟਿੱਪਣੀ ਪ੍ਰਕਾਸ਼ਿਤ ਹੋਈ ਹੈ।ਜੇ ਉੱਤਰੀ ਕੋਰੀਆ ਨੇ ਪਹਿਲੇ ਹਮਲਾ ਕੀਤਾ ਤਾਂ ਚੀਨ ਨਿਰਪੱਖ ਰਹੇਗਾ। ਅਖ਼ਬਾਰ ਨੇ ਲਿਖਿਆ ਹੈ ਕਿ ਅਮਰੀਕਾ ਅਤੇ ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ਦੇ ਸ਼ਾਸਨ ਨੂੰ ਖ਼ਤਮ ਕਰ ਕੇ ਕੋਰੀਆਈ ਪ੍ਰਾਇਦੀਪ ਦਾ ਰਾਜਨੀਤਕ ਸਰੂਪ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਚੀਨ ਦੋਹਾਂ ਦੇਸ਼ਾਂ ਨੂੰ ਅਜਿਹਾ ਕਰਨ ਤੋਂ ਰੋਕੇਗਾ। ਅਖ਼ਬਾਰ ਅਨੁਸਾਰ ਚੀਨ ਕੋਰੀਆਈ ਪ੍ਰਾਇਦੀਪ ’ਚ ਜੰਗ ਦੇ ਖਿਲਾਫ ਹੈ। ਚੀਨ ਕਿਸੇ ਵੀ ਪੱਖ ਨੂੰ ਫੌਜੀ ਸੰਘਰਸ਼ ਸ਼ੁਰੂ ਕਰਨ ਲਈ ਬੜਾਵਾ ਨਹੀਂ ਦੇਵੇਗਾ।ਪ੍ਰੰਤੂ ਚੀਨੀ ਹਿੱਤਾਂ ਨੂੰ ਨੁਕਸਾਨ ਹੋਇਆ ਤਾਂ ਇਸ ਨਾਲ ਦ੍ਰਿੜ੍ਹਤਾ ਨਾਲ ਨਿਪਟੇਗਾ।ਉੱਤਰੀ ਕੋਰੀਆ ਦੀ ਫੌਜ ਨੇ ਇਕ ਚੇਤਾਵਨੀ ਭਰਪੂਰ ਬਿਆਨ ਵਿੱਚ ਕਿਹਾ ਕਿ ਅਮਰੀਕੀ ਦੀਪ ਗੁਆਮ ’ਤੇ ਮਿਜ਼ਾਈਲ ਦਾਗਣ ਦੀ ਯੋਜਨਾ ’ਤੇ ਕੰਮ ਪੂਰਾ ਕਰ ਲਿਆ ਗਿਆ ਹੈ। ਇਸ ਧਮਕੀ ’ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਲਟ ਸਖ਼ਤ ਚਿਤਾਵਨੀ ਦੇ ਦਿੱਤੀ। ਟਰੰਪ ਨੇ ਕਿਹਾ ਹੈ ਕਿ ਵੇਖਦੇ ਹਾਂ, ਉਹ ਗੁਆਮ ਦੇ ਨਾਲ ਕੀ ਕਰਦਾ ਹੈ। ਗੁਆਮ ’ਚ ਕੁਝ ਹੁੰਦਾ ਹੈ ਤਾਂ ਇਸ ਦੇ ਬਾਅਦ ਉੱਤਰੀ ਕੋਰੀਆ ’ਚ ਜੋ ਹੋਵੇਗਾ ਉਹੋ ਜਿਹਾ ਕਿਸੇ ਨੇ ਪਹਿਲੇ ਨਹੀਂ ਵੇਖਿਆ ਹੋਵੇਗਾ।
ਟਰੰਪ ਦੇ ਇਸ ਬਿਆਨ ਦੇ ਤੁਰੰਤ ਬਾਅਦ ਅਮਰੀਕਾ ਦੇ ਰੱਖਿਆ ਮੰਤਰੀ ਵੀ ਉੱਤਰੀ ਕੋਰੀਆ ’ਤੇ ਵਰ੍ਹੇ।ਮੈਟਿਸ ਨੇ ਕਿਹਾ ਕਿ ਅਸੀਂ ਯੁੱਧ ਦੇ ਲਈ ਤਿਆਰ ਹਾਂ। ਵੈਸੇ ਅਮਰੀਕਾ ਕੂਟਨੀਤੀ ਦੇ ਰਸਤੇ ਨੂੰ ਤਰਜੀਹ ਦੇਵੇਗਾ ਕਿਉਂਕਿ ਜੰਗ ਹੋਈ ਤਾਂ ਇਹ ਨੁਕਸਾਨਦੇਹ ਹੋਵੇਗੀ।ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਉੱਤਰੀ ਕੋਰੀਆ ਦੇ ਮੁੱਦੇ ’ਤੇ ਅਮਰੀਕੀ ਰਾਸ਼ਟਰਪਤੀ ਨਾਲ ਫੌਨ ’ਤੇ ਗੱਲਬਾਤ ਕਰਦਿਆਂ ਆਪਣਾ ਸਮਰਥਨ ਦਿੱਤਾ।ਟਰਨਬੁੱਲ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਜੰਗ ਦੀ ਸਥਿਤੀ ’ਚ ਆਸਟ੍ਰੇਲੀਆਈ ਫੌਜ ਅਮਰੀਕਾ ਵੱਲ ਰਹੇਗੀ।ਅਮਰੀਕਾ ਅਤੇ ਜਾਪਾਨੀ ਫੌਜ ਨੇ ਜਾਪਾਨੀ ਦੀਪ ਹੋਕਾਈਡੋ ’ਤੇ 18 ਦਿਨਾਂ ਦਾ ਜੰਗੀ ਅਭਿਆਸ ਸ਼ੁਰੂ ਕਰ ਦਿੱਤਾ।ਇਸ ’ਚ ਦੋਹਾਂ ਦੇਸ਼ਾਂ ਦੀ ਫ਼ੌਜ਼ ਦੇ 3,500 ਜਵਾਨ ਸ਼ਾਮਿਲ ਹਨ। ਇਸ ਦੌਰਾਨ ਰਾਕੇਟ ਵੀ ਛੱਡੇ ਜਾਣਗੇ। ਇਸ ਦੇ ਇਲਾਵਾ ਅਮਰੀਕਾ ਦਾ ਦੱਖਣੀ ਕੋਰੀਆ ਦੇ ਨਾਲ 21 ਅਗਸਤ ਤੋਂ ਜੰਗੀ ਅਭਿਆਸ ਸ਼ੁਰੂ ਹੋਵੇਗਾ।ਇਸ ’ਚ 30 ਹਜ਼ਾਰ ਜਵਾਨ ਹਿੱਸਾ ਲੈਣਗੇ।ਦੱਖਣੀ ਕੋਰੀਆ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਚੁੰਗ ਯੋਂਗ ਨੇ ਸ਼ੁੱਕਰਵਾਰ ਨੂੰ ਆਪਣੇ ਅਮਰੀਕੀ ਹਮਰੁਤਬਾ ਜਨਰਲ ਐੱਚਆਰ ਮੈਕਮਾਸਟਰ ਨਾਲ ਗੱਲਬਾਤ ਕੀਤੀ।
ਚੀਨ ਚਾਹੁੰਦੈ ਭਾਰਤ ਦਾ ਸਾਥ :-
ਭਾਵੇਂ ਚੀਨ ਦੇਸ਼, ਭਾਰਤ ਨਾਲ ਲੱਗਦੀਆਂ ਸਰਹੱਦਾਂ ਤੇ ਵੱਖ-ਵੱਖ ਪਾਸਿਓਂ ਤਨਾਅ ਬਣਾ ਕੇ ਧਿਆਨ ਵੰਡੀ ਰੱਖਣਾ ਚਾਹੁੰਦਾ ਹੈ, ਪਰ ਡੋਕਲਾਮ ’ਤੇ ਭਾਰਤ ਨਾਲ ਤਣਾਅ ਦੇ ਬਾਵਜੂਦ ਚੀਨ ਹਿੰਦ ਮਹਾਸਾਗਰ ’ਚ ਭਾਰਤ ਨਾਲ ਹੱਥ ਮਿਲਾਉਣਾ ਚਾਹੁੰਦਾ ਹੈ।ਚੀਨ ਨੇ ਆਪਣੇ ਉੱਪਰ ਲੱਗ ਰਹੇ ਵਿਸਥਾਰਵਾਦੀ ਮੰਸ਼ਾ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਚੀਨ ਕਿਸੇ ਦੇਸ਼ ’ਚ ਘੁਸਪੈਠ ਨਹੀਂ ਕਰਦਾ ਪਰ ਕਿਸੇ ਨੂੰ ਆਪਣੀ ਸਰਹੱਦ ਅੰਦਰ ਅਜਿਹਾ ਕਰਨ ਦੀ ਇਜਾਜ਼ਤ ਵੀ ਨਹੀਂ ਦਿੰਦਾ ਹੈ।ਸਾਡੇ ਕੋਲ ਮੌਜੂਦ ਵੱਡੇ ਹਥਿਆਰਾਂ ਨੂੰ ਖਿਡੌਣੇ ਨਾਂ ਸਮਝਿਆ ਜਾਵੇ। ਚੀਨ ਨੇ ਭਾਰਤੀ ਮੀਡੀਆ ਨੂੰ ਆਪਣੇ ਜੰਗੀ ਜਹਾਜ਼ ਯੂਲਿਨ ਨੂੰ ਵਿਖਾਉਣ ਲਈ ਬੁਲਾਇਆ ਸੀ।ਇਸ ਦੌਰਾਨ ਜਹਾਜ਼ ਦੇ ਕੈਪਟਨ ਲਿਆਂਗ ਤਿਆਨਜੁਨ ਨੇ ਆਪਣੀ ਮਨਸ਼ਾ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਹਿੰਦ ਮਹਾਸਾਗਰ ਦੀ ਸੁਰੱਖਿਆ ਲਈ ਭਾਰਤ ਤੇ ਚੀਨ ਨੂੰ ਇਕ ਮੰਚ ’ਤੇ ਆਉਣਾ ਚਾਹੀਦਾ ਹੈ।ਦੂਜੇ ਪਾਸੇ ਵਿਵਾਦਿਤ ਦੱਖਣੀ ਚੀਨ ਸਾਗਰ ’ਚ ਇਕ ਅਮਰੀਕੀ ਜੰਗੀ ਬੇੇੜੇ ਦੇ ਪਹੁੰਚਣ ਨਾਲ ਚੀਨ ਭੜਕਿਆ ਹੋਇਆ ਹੈ।
ਅਮਰੀਕਾ ਡੋਕਲਾਮ ਖੇਤਰ ’ਚ ਪੈਦਾ ਹੋਏ ਰੇੜਕੇ ਦੇ ਹੱਲ ਨੂੰ ਭਾਰਤ-ਚੀਨ ਵਿਚਕਾਰ ਗੱਲਬਾਤ ਦੀ ਹਮਾਇਤ ਕਰਦਾ ਹੈ।ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੀਥਰ ਨੌਰਟਰ ਨੇ ਕਿਹਾ ਕਿ ਡੋਕਲਾਮ ਦੀ ਸਥਿਤੀ ’ਤੇ ਸਾਡੀ ਨੇੜਿਉਂ ਨਜ਼ਰ ਹੈ।ਸਾਡੇ ਭਾਰਤ ਤੇ ਚੀਨ ਦੋਵਾਂ ਦੇਸ਼ਾਂ ਨਾਲ ਚੰਗੇ ਰਿਸ਼ਤੇ ਹਨ।ਅਸੀਂ ਦੋਵਾਂ ਧਿਰਾਂ ਨੂੰ ਗੱੱਲਬਾਤ ਲਈ ਉਤਸ਼ਾਹਿਤ ਕਰਦੇ ਰਹਾਂਗੇ।ਅਮਰੀਕੀ ਫੌਜ ਨੂੰ ਅਤਿ ਆਧੁਨਿਕ ਕਰਨ ਲਈ ਰੱਖਿਆ ਬਜ਼ਟ ’ਚ ਉਨ੍ਹਾਂ ਵੱਲੋਂ ਅਰਬਾਂ ਡਾਲਰ ਦਾ ਵਾਧਾ ਰੱਖਿਆ ਗਿਆ ਹੈ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪੂਰੀ ਦੁਨੀਆਂ ਤੋਂ ਪਰਮਾਣੂ ਹਥਿਆਰ ਖ਼ਤਮ ਕਰਨਾ ਚਾਹੁੰਦੇ ਹਨ।ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਅਮਰੀਕਾ ਦੇ ਪਰਮਾਣੂ ਭੰਡਾਰ ਨੂੰ ਲਗਾਤਾਰ ਵਧਾਉਣ ’ਚ ਲੱਗੇ ਹੋਏ ਹਨ।ਅਜਿਹੇ ਸਮੇਂ ਉਨ੍ਹਾਂ ਦਾ ਤਾਜ਼ਾ ਬਿਆਨ ਹੈਰਾਨ ਕਰਨ ਵਾਲਾ ਹੈ।ਨਿਊਜਰਸੀ ’ਚ ਇਕ ਜਨਤਕ ਮੀਟਿੰਗ ’ਚ ਟਰੰਪ ਨੇ ਕਿਹਾ ਕਿ ਮੈਂ ਦੁਨੀਆਂ ਨੂੰ ਪਰਮਾਣੂ ਹਥਿਆਰਾਂ ਤੋਂ ਵਿਹੂਣਾ ਵੇਖਣਾ ਪਸੰਦ ਕਰਾਂਗਾ।ਮੈਂ ਸਾਧਾਰਨ ਸ਼ਬਦਾਂ ’ਚ ਕਹਿੰਦਾ ਹਾਂ ਕਿ ਪਰਮਾਣੂ ਹਥਿਆਰ ਪੂਰੀ ਦੁਨੀਆਂ ਲਈ ਸਭ ਤੋਂ ਵੱਡਾ ਖ਼ਤਰਾ ਹੈ।ਮੈਂ ਚਾਹਾਂਗਾ ਕਿ ਅਮਰੀਕਾ, ਰੂਸ, ਚੀਨ, ਪਾਕਿਸਤਾਨ ਅਤੇ ਹੋਰ ਪਰਮਾਣੂ ਹਥਿਆਰਾਂ ਵਾਲੇ ਦੇਸ਼ ਇਸ ਨੂੰ ਖ਼ਤਮ ਕਰ ਦੇਣ। ਟਰੰਪ ਨੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਪਰਮਾਣੂ ਹਥਿਆਰ ਖ਼ਤਮ ਹੋਣ ਤਕ ਅਮਰੀਕਾ ਸਭ ਤੋਂ ਤਾਕਤਵਰ ਪਰਮਾਣੂ ਹਥਿਆਰ ਸੰਪੰਨ ਦੇਸ਼ ਬਣਿਆ ਰਹੇਗਾ।ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਬਾਅਦ ਉਨ੍ਹਾਂ ਨੇ ਆਪਣੇ ਫੌਜ ਮੁਖੀਆਂ ਨੂੰ ਸਭ ਤੋਂ ਪਹਿਲਾਂ ਨਿਰਦੇਸ਼ ਪਰਮਾਣੂ ਹਥਿਆਰ ਦੇ ਭੰਡਾਰ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਭੰਡਾਰ ਬਣਾਉਣ ਦਾ ਸੱਦਾ ਦਿੱਤਾ ਸੀ। ਉਸ ਨੇ ਕਿਹਾ ਕਿ ਮੇਰੀ ਸਰਕਾਰ ਨੇ ਪਰਮਾਣੂ ਸਮਰੱਥਾ ਵਧਾਉਣ ਲਈ ਕਾਫੀ ਪੈਸਾ ਖਰਚ ਕੀਤਾ ਹੈ, ਅਸੀਂ ਚਾਹੁੰਦੇ ਹਾਂ ਕਿ ਦੁਨੀਆਂ ਭਰ ’ਚ ਅਮਰੀਕਾ ਸਾਹਮਣੇ ਕੋਈ ਨਾ ਟਿਕ ਸਕੇ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ’ਤੇ ਫੌਜ਼ਾਂ ਨੂੰ ਕਾਰਵਾਈ ਲਈ ਬਿਲਕੁਲ ਤਿਆਰ ਦੱਸਿਆ ਹੈ ਅਤੇ ਨਾਲ ਹੀ ਗੁਆਮ ਦੀ ਜਨਤਾ ਨੂੰ ਕਿਹਾ ਹੈ ਕਿ ਉਹ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰਨ। ਉਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਦੂਜੇ ਪਾਸੇ ਉੱਤਰੀ ਕੋਰੀਆ ਨੇ ਟਰੰਪ ’ਤੇ ਕੋਰੀਆਈ ਪ੍ਰਾਇਦੀਪ ਨੂੰ ਪਰਮਾਣੂ ਜੰਗ ਦੇ ਕਗਾਰ ’ਤੇ ਪਹੁੰਚਾਉਣ ਦਾ ਦੋਸ਼ ਲਗਾਇਆ ਹੈ।ਟਕਰਾਅ ਦੇ ਖਦਸ਼ੇ ’ਚ ਜਾਪਾਨ ਨੇ ਮਿਜ਼ਾਈਲ ਰੋਕੂ ਸਿਸਟਮ ਤਾਇਨਾਤ ਕਰ ਦਿੱਤਾ ਹੈ।ਕੋਰੀਆਈ ਪ੍ਰਾਇਦੀਪ ’ਚ ਵਧੇ ਤਣਾਅ ਦਰਮਿਆਨ ਅਮਰੀਕੀ ਰੱੱਖਿਆ ਮੰਤਰਾਲੇ ਪੈਂਟਾਗਨ ਨੇ ਕਿਹਾ ਹੈ ਕਿ ਦੱਖਣੀ ਕੋਰੀਆ ਨਾਲ ਉਸ ਦਾ ਦਸ ਦਿਨਾਂ ਫੌਜੀ ਅਭਿਆਸ ਪਹਿਲਾਂ ਨਿਰਧਾਰਤ ਪ੍ਰੋਗਰਾਮ ਦੇ ਮੁਤਾਬਿਕ ਹੀ ਹੋਵੇਗਾ।ਖਤਰੇ ਨੂੰ ਵੇਖਦੇ ਹੋਏ ਦੁਨੀਆਂ ਦੇ ਮੁੱਖ ਦੇਸ਼ਾਂ ਨੇ ਪੇਸ਼ਬੰਦੀ ਸ਼ੁਰੂ ਕਰ ਦਿੱਤੀ ਹੈ।ਚੀਨ, ਰੂਸ ਅਤੇ ਜਰਮਨੀ ਨੇ ਅਮਰੀਕਾ ਅਤੇ ਉੱਤਰੀ ਕੋਰੀਆ ਦਰਮਿਆਨ ਛਿੜੀ ਤਿੱਖੀ ਬਹਿਸ ’ਤੇ ਚਿੰਤਾ ਪ੍ਰਗਟਾਈ ਹੈ।ਇਸ ਦੌਰਾਨ ਟਰੰਪ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੂੰ ਟੈਲੀਫੌਨ ’ਤੇ ਗੱਲ ਕਰਕੇ ਇਕ ਵਾਰੀ ਫਿਰ ਤੋਂ ਉੱਤਰੀ ਕੋਰੀਆ ’ਤੇ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ, ਜਿਸ ਨਾਲ ਹਾਲਾਤ ਨੂੰ ਵਿਗੜਨ ਤੋਂ ਬਚਾਇਆ ਜਾ ਸਕੇ। ਜਿਨਪਿੰਗ ਨੇ ਉੱਤਰੀ ਕੋਰੀਆ ਦੇ ਮਾਮਲੇ ’ਚ ਸੰਜਮ ਵਰਤੇ ਜਾਣ ਦੀ ਲੋੜ ਦੱਸੀ ਹੈ ਅਤੇ ਪਰਮਾਣੂ ਹਥਿਆਰ ਅਤੇ ਮਿਜ਼ਾਈਲ ਵਿਕਾਸ ਪ੍ਰੋਗਰਾਮ ’ਤੇ ਉੱਤਰੀ ਕੋਰੀਆ ਨਾਲ ਗੱਲ ਕਰਕੇ ਇਸਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ।
ਅੰਮ੍ਰਿਤਸਰ ਤੱਕ ਡੈਡੀਕੇਟਿਡ ਫਰੇਟ ਕਾਰੀਡੋਰ ਦੀ ਉਮੀਦ ਢਹਿ ਢੇਰੀ ਹੋ ਗਈ ਹੈ।ਰੇਲਵੇ ਨੇ ਵਣਜ ਵਪਾਰ ਮਾਮਲਿਆਂ ਦੀ ਸੰਸਦੀ ਸਥਾਈ ਕਮੇਟੀ ਦੇ ਉਸ ਸੁਝਾਅ ਜਿਸ ਵਿੱਚ ਕਮੇਟੀ ਨੇ ਕਾਰੀਡੋਰ ਨੂੰ ਅੰਮ੍ਰਿਤਸਰ ਤੱਕ ਵਧਾਉਣ ਦੀ ਗੱਲ ਕਹੀ ਸੀ, ਨੂੰ ਖਾਰਿਜ ਕਰ ਦਿੱਤਾ ਹੈ।ਰੇਲਵੇ ਨੇ ਸਪੱਸ਼ਟ ਕੀਤਾ ਹੈ ਕਿ ਈਸਟਰਨ ਡੈਡੀਕੇਟਿਡ ਫਰੇਟ ਕਾਰੀਡੋਰ ਨੂੰ ਪੱਛਮੀ ਬੰਗਾਲ ਦੇ ਦਨਕੁਨੀ ਤੋਂ ਪੰਜਾਬ ਦੇ ਲੁਧਿਆਣਾ ਸ਼ਹਿਰ ਤੱਕ ਹੀ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।
ਇਹ ਫੈਸਲਾ ਇਸ ਰੂਟ ’ਤੇ ਟ੍ਰੈਫਿਕ ਅਤੇ ਕਈ ਹੋਰ ਪੱਧਰਾਂ ’ਤੇ ਕੀਤੇ ਗਏ ਅਧਿਐਨ ਤੋਂ ਬਾਅਦ ਲਿਆ ਗਿਆ ਹੈ।ਇਸ ਲਈ ਲੁਧਿਆਣਾ ਤੋਂ ਅਟਾਰੀ ਤੱਕ ਇਸ ਨੂੰ ਵਿਸਥਾਰ ਦੇ ਸਕਣਾ ਸੰਭਵ ਨਹੀਂ ਹੈ। ਅਟਾਰੀ ਬਾਰਡਰ ਤੱਕ ਮੌਜੂਦਾ ਰੇਲਵੇ ਲਾਈਨ ਦਾ ਹੀ ਪ੍ਰਯੋਗ ਕੀਤਾ ਜਾਵੇਗਾ, ਜੋ ਫੀਡਰ ਰੂਟ ਦੇ ਤੌਰ ’ਤੇ ਕੰਮ ਕਰੇਗੀ।ਦਰਅਸਲ, ਅੰਮ੍ਰਿਤਸਰ ਤੱਕ ਕਾਰੀਡੋਰ ਦੇ ਮਾਮਲੇ ਵਿੱਚ ਕਮੇਟੀ ਦਾ ਸੁਝਾਅ ਸੀ ਕਿ ਕਾਰੀਡੋਰ ਨੂੰ ਵਿਸਥਾਰ ਦੇਣ ਨਾਲ ਅਟਾਰੀ ਬਾਰਡਰ ਦੇ ਰਾਹੀਂ ਭਾਰਤ ਪਾਕਿਸਤਾਨ ਵਿਚਾਲੇ ਕਾਰੋਬਾਰ ਕਰਨ ਵਾਲੇ ਉਦਯੋਗਪਤੀਆਂ ਨੂੰ ਕਾਫੀ ਲਾਭ ਮਿਲੇਗਾ।ਇਸ ਸੁਝਾਅ ’ਤੇ ਰੇਲਵੇ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਉੱਤਰਾਖੰਡ ਤੇ ਪੱਛਮੀ ਬੰਗਾਲ ਸਰਕਾਰ ਵੱਲੋਂ ਨਿਸ਼ਾਨਦੇਹ ਕੀਤੇ ਗਏ ਹੱਬ ਦੇ ਮਾਸਟਰ ਪਲਾਨ ਦਾ ਖਾਕਾ ਤਿਆਰ ਕਰ ਲਿਆ ਹੈ।ਜਿਥੋਂ ਤੱਕ ਸਵਾਲ ਪੰਜਾਬ ਦਾ ਹੈ, ਉਥੇ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਇਨਾਂ ਹੱਬਾਂ ਲਈ ਜਗ੍ਹਾ ਮੁਹੱਈਆ ਕਰਵਾਈ ਜਾਵੇ।
ਵਣਜ ਵਪਾਰ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਨੂੰ ਸੁਝਾਅ ਦਿੰਦਿਆਂ ਕਮੇਟੀ ਨੇ ਕਿਹਾ ਕਿ ਵਾਹਗਾ ਬਾਰਡਰ ਰਾਹੀਂ ਸਿਰਫ਼ 137 ਉਤਪਾਦਾਂ ਦੇ ਐਕਸਪੋਰਟ ਦੀ ਪਾਬੰਦੀ ਖਤਮ ਕਰਨ ਦੀ ਪਹਿਲ ਹੋਣੀ ਚਾਹੀਦੀ ਹੈ, ਤਾਂ ਕਿ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇ।ਪਾਕਿਸਤਾਨ ਨੇ ਵਾਹਗਾ ਬਾਰਡਰ ਤੋਂ ਸਿਰਫ 137 ਵਸਤੂਆਂ ਦੇ ਇੰਪੋਰਟ ਨੂੰ ਮਨਜ਼ੂਰੀ ਦਿੱਤੀ ਹੋਈ ਹੈ। ਪਾਕਿਸਤਾਨ ਨੇ 1209 ਅਜਿਹੇ ਉਤਪਾਦਾਂ ਦੀ ਨਿਸ਼ਾਨਦੇਹੀ ਕੀਤੀ ਹੈ, ਜਿਨ੍ਹਾਂ ਨੂੰ ਭਾਰਤ ਵਿੱਚ ਇੰਪੋਰਟ ਨਹੀਂ ਕੀਤਾ ਜਾ ਸਕਦਾ।ਰੋਕ ਵਾਲੀਆਂ ਵਸਤੂਆਂ ਤੇ ਉਤਪਾਦਾਂ ਨੂੰ ਪਾਕਿਸਤਾਨ ਨੇ ਨੈਗੇਟਿਵ ਲਿਸਟ ਵਿੱਚ ਪਾਇਆ ਹੋਇਆ ਹੈ।ਕਮੇਟੀ ਨੇ ਇਸ ਨੈਗੇਟਿਵ ਲਿਸਟ ਨੂੰ ਵੀ ਖਤਮ ਕਰਨ ਦਾ ਸੁਝਾਅ ਦਿੱਤਾ ਹੈ ਤਾਂ ਕਿ ਕਾਰੀਡੋਰ ਦੇ ਰਾਹੀਂ ਕਾਰੋਬਾਰ ਵਧੇ।ਇਸੇ ਲੜੀ ਵਿੱਚ ਕਮੇਟੀ ਨੇ ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਤੇ ਫਾਜ਼ਿਲਕਾ ਸਾਦਕੀ ਬਾਰਡਰ ਨੂੰ ਵੀ ਖੋਲ੍ਹਣ ਦਾ ਸੁਝਾਅ ਦਿੱਤਾ ਹੈ।

Diljit Singh Bedi

-ਦਿਲਜੀਤ ਸਿੰਘ ‘ਬੇਦੀ’
ਵਧੀਕ ਸਕੱਤਰ,
ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
ਮੋ- 98148 98570

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply