ਨਵੀਂ ਦਿੱਲੀ, 31 ਅਗਸਤ (ਪੰਜਾਬ ਪੋਸਟ ਬਿਊਰੋ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੀ ਚੋਣ ‘ਬ੍ਰਿਟਿਸ਼ ਕਾਊਂਸਿਲ ਇੰਟਰਨੈਸ਼ਨਲ ਸਕੂਲ
ਅਵਾਰਡ’ 2016-17 ਲਈ ਹੋਈ ਹੈ।ਇਸ ਸਬੰਧੀ ਸਕੂਲ ਨੂੰ ਕਾਊਂਸਿਲ ਵੱਲੋਂ ਅੱਜ ਈ-ਮੇਲ ਰਾਹੀਂ ਜਾਣਕਾਰੀ ਭੇਜੀ ਗਈ ਹੈ।ਇਸ ਅਵਾਰਡ ਨੂੰ ਪ੍ਰਾਪਤ ਕਰਨ ਉਪਰੰਤ ਸਕੂਲ ਨੂੰ ਕੌਮਾਂਤਰੀ ਸਕੂਲ ਦਾ ਦਰਜਾ ਪ੍ਰਾਪਤ ਹੋ ਗਿਆ ਹੈ।ਜਿਸ ਤੋਂ ਬਾਅਦ ਹੁਣ ਸਕੂਲ 2017 ਤੋਂ 2020 ਤਕ ਆਈ.ਐਸ.ਏ ਮਾਰਕ ਦਾ ਇਸਤੇਮਾਲ ਕਰ ਸਕੇਗਾ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਕਿਹਾ ਕਿ ਕਮੇਟੀ ਲਈ ਮਾਣ ਦੀ ਗੱਲ ਹੈ ਕਿ ਸਾਡੇ ਸਕੂਲ ਨੂੰ ਕੌਮਾਂਤਰੀ ਪੱਧਰ ਦੀ ਸਿੱਖਿਆ ਪ੍ਰਣਾਲੀ ਦਾ ਹਾਣੀ ਮੰਨਦੇ ਹੋਏ ਬ੍ਰਿਟਿਸ਼ ਕਾਊਂਸਿਲ ਵੱਲੋਂ ਇਸ ਨਾਮੀ ਅਵਾਰਡ ਲਈ ਚੁਣਿਆ ਗਿਆ ਹੈ। ਬਰਤਾਨਿਆਂ ਦੀ ਮਹਾਰਾਣੀ ਪਾਸੋਂ ਛੇਤੀ ਹੀ ਉਕਤ ਅਵਾਰਡ ਮਿਲਣ ਦੀ ਗੱਲ ਕਰਦੇ ਹੋਏ ਜੀ.ਕੇ ਨੇ ਆਈ.ਐਸ.ਏ ਮਾਨਤਾ ਨੂੰ ਪ੍ਰਾਪਤ ਕਰਨ ਲਈ ਅਗਸਤ 2016 ਤੋਂ ਸ਼ੁਰੂ ਹੋਏ ਸਫ਼ਰ ਦੀ ਵੀ ਜਾਣਕਾਰੀ ਦਿੱਤੀ।
ਜੀ.ਕੇ ਨੇ ਕਿਹਾ ਕਿ ਇੱਕ ਸਾਲ ਦੀ ਲੰਬੀ ਜਦੋ-ਜਹਿਦ ਦੇ ਬਾਅਦ ਸਾਡਾ ਸਕੂਲ ਕੌਮਾਂਤਰੀ ਢਾਂਚੇ ’ਤੇ ਪੂਰਾ ਉਤਰਿਆ ਹੈ।ਜੀ.ਕੇ ਨੇ ਇਸ ਸਬੰਧੀ ਸਕੂਲ ਦੇ 80 ਫੀਸਦੀ ਵਿਦਿਆਰਥੀਆਂ ਵੱਲੋਂ 60 ਕੌਮਾਂਤਰੀ ਪੱਧਰੀ ਪ੍ਰੋਜੈਕਟਾਂ ਵਿਚ ਭਾਗ ਲੈਣ ਦਾ ਵੀ ਹਵਾਲਾ ਦਿੱਤਾ। ਜੀ.ਕੇ ਨੇ ਦੱਸਿਆ ਕਿ ਆਪਣੀ ਪਹਿਲੀ ਕੋਸ਼ਿਸ਼ ’ਚ ਸਕੂਲ ਨਾ ਕੇਵਲ ਕੌਮਾਂਤਰੀ ਸਕੂਲ ਦਾ ਦਰਜ਼ਾ ਪ੍ਰਾਪਤ ਕਰਨ ਵਿਚ ਕਾਮਯਾਬ ਰਿਹਾ ਹੈ ਸਗੋਂ ਸਕੂਲ ਵੱਲੋਂ ਇਸ ਦੌਰਾਨ ਚਲਾਏ ਗਏ 7 ਵੱਡੇ ਪ੍ਰੋਜੈਕਟਾਂ ’ਚੋਂ 3 ਪ੍ਰੋਜੈਕਟਾਂ ਵਿਚ ਵਿਦੇਸ਼ੀ ਸਕੂਲਾਂ ਨੇ ਵੀ ਭਾਗੀਦਾਰੀ ਕੀਤੀ ਹੈ।ਜਿਸ ’ਚ ਅਮਰੀਕਾ, ਨਾਈਜੀਰੀਆ, ਇਜੀਪਟ, ਸ੍ਰੀਲੰਕਾ, ਅਫਗਾਨਿਸਤਾਨ, ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਦੇ ਨਾਮੀ ਸਕੂਲ ਸ਼ਾਮਿਲ ਹਨ।
ਜੀ.ਕੇ ਨੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਜੋਰਦਾਰ ਤਰੀਕੇ ਨਾਲ ਕੀਤੀ ਗਈ ਮਿਹਨਤ ਦਾ ਸਲਾਘਾ ਕਰਦੇ ਹੋਏ ਕੌਮਾਂਤਰੀ ਸਕੂਲ ਦਾ ਦਰਜਾ ਇੰਡੀਆ ਗੇਟ ਸਕੂਲ ਨੂੰ ਮਿਲਣ ਨੂੰ ਮਾਣ ਦਾ ਪ੍ਰਤੀਕ ਦੱਸਿਆ। ਜੀ.ਕੇ ਨੇ ਬੀਤੇ ਦਿਨੀਂ ਇੰਡੀਆ ਗੇਟ ਸਕੂਲ ਨੂੰ ਸਵੱਛ ਭਾਰਤ ਅਵਾਰਡ ਵੱਜੋਂ ਮਿਲੇ ਸਿਲਵਰ ਮੈਡਲ ਤੋਂ ਬਾਅਦ ਹੁਣ ਕੌਮਾਂਤਰੀ ਸਕੂਲ ਦੇ ਮਿਲੇ ਦਰਜੇ ਨੂੰ ਕਮੇਟੀ ਸਕੂਲਾਂ ਦੇ ਵਿੱਦਿਅਕ ਅਤੇ ਢਾਂਚਾਗਤ ਤਬਦੀਲੀ ਨਾਲ ਜੋੜਿਆ।
ਇਥੇ ਦੱਸ ਦੇਈਏ ਕਿ ਇੰਡੀਆ ਗੇਟ ਸਕੂਲ ਦੀ ਸਥਾਪਨਾ 1966 ’ਚ ਜੀ.ਕੇ. ਦੇ ਪਿਤਾ ਜਥੇਦਾਰ ਸੰਤੋਖ ਸਿੰਘ ਜੀ ਪਾਸੋਂ ਕਰਵਾਈ ਗਈ ਸੀ ਅਤੇ ਜੀ.ਕੇ ਖੁੱਦ ਇਸ ਸਕੂਲ ਦੇ ਪਹਿਲੇ ਵਿਦਿਆਰਥੀ ਸਨ। 2016 ’ਚ ਕਮੇਟੀ ਨੇ ਸਕੂਲ ਸਥਾਪਨਾ ਦੀ ਗੋਲਡਨ ਜੁਬਲੀ ਵੀ ਵੱਡੇ ਪੱਧਰ ’ਤੇ ਮਨਾਈ ਸੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media