ਸੰਗਰੂਰ, 3 ਸਤਬੰਰ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਕੈਪਟਨ ਸਰਕਾਰ ਵਲੋਂ ਘਰ-ਘਰ ਨੌਕਰੀ ਦੇਣ ਦੇ ਕੀਤੇ ਵਾਅਦੇ ਅਨੁਸਾਰ ਭਾਵੇਂ ਅਜੇ
ਸਰਕਾਰੀ ਨੌਕਰੀਆਂ ਦਾ ਪਟਾਰਾ ਤਾਂ ਨਹੀਂ ਖੋਲ੍ਹਿਆ ਗਿਆ ਪ੍ਰੰਤੂ ਵੱਖ ਵੱਖ ਕੰਪਨੀਆਂ ਵਿੱਚ ਪ੍ਰਾਈਵੇਟ ਤੌਰ ’ਤੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾ ਕੇ ਬੇਰੁਜ਼ਗਾਰਾਂ ਨੂੰ ਧਰਵਾਸ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ।ਸਰਕਾਰ ਦੇ ਆਦੇਸ਼ ’ਤੇ ਇਥੇ ਸਰਕਾਰੀ ਰਣਬੀਰ ਕਾਲਜ ਵਿਚ ਲਗਾਏ ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲੇ ਵਿੱਚ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਪੜ੍ਹੇ-ਲਿਖੇ ਨੌਜਵਾਨ ਮੁੰਡੇ-ਕੁੜੀਆਂ ਨੌਕਰੀ ਦੀ ਉਮੀਦ ਲੈ ਕੇ ਪੁੱਜੇ।ਸਥਾਨਕ ਸਰਕਾਰੀ ਰਣਬੀਰ ਕਾਲਜ ਦੇ ਵਰਾਂਡੇ ਵਿਚ ਬੇਰੁਜ਼ਗਾਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ।ਬੇਰੁਜ਼ਗਾਰ ਮੁੰਡੇ-ਕੁੜੀਆਂ ਆਪੋ ਆਪਣੀਆਂ ਡਿਗਰੀਆਂ ਚੁੱਕੀ ਨੌਕਰੀ ਲਈ ਆਪਣੀ ਰਜਿਸਟਰੇਸ਼ਨ ਕਰਾਉਣ ਲਈ ਜਦੋਜਹਿਦ ਕਰ ਰਹੇ ਸਨ।ਮੀਂਹ ਮਗਰੋਂ ਪੈਦਾ ਹੋਈ ਹੁੰਮਸ ਭਰੀ ਗਰਮੀ ਵਿੱਚ ਬੇਰੁਜ਼ਗਾਰਾਂ ਨੂੰ ਬਗੈਰ ਪੱਖਿਆਂ ਦੀ ਹਵਾ ਤੋਂ ਹੀ ਕਤਾਰਾਂ ਵਿੱਚ ਲੰਮਾ ਸਮਾਂ ਖੜ੍ਹ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪਈ।ਬੇਰੁਜ਼ਗਾਰ ਹੱਥਾਂ ਵਿੱਚ ਚੁੱਕੀਆਂ ਫਾਈਲਾਂ ਨਾਲ ਹੀ ਗਰਮੀ ਤੋਂ ਬਚਣ ਲਈ ਝੱਲ ਮਾਰ ਰਹੇ ਸਨ।ਵਰਾਂਡੇ ਦੇ ਨਜ਼ਦੀਕ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਕਿਤੇ ਨਜ਼ਰ ਨਹੀਂ ਆਇਆ।ਕਤਾਰ ’ਚ ਖੜ੍ਹੀ ਇੱਕ ਬੇਰੁਜ਼ਗਾਰ ਕੁੜੀ ਨੂੰ ਚੱਕਰ ਆ ਗਿਆ. ਜਿਸ ਨੂੰ ਇੱਕ ਪੁਲੀਸ ਸਬ-ਇੰਸਪੈਕਟਰ ਵਲੋਂ ਟੇਬਲ ’ਤੇ ਬਿਠਾਇਆ ਅਤੇ ਪਾਣੀ ਦੇ ਗਿਲਾਸ ਦਾ ਪ੍ਰਬੰਧ ਕਰਨ ਲਈ ਖੁੱਦ ਪ੍ਰਿੰਸੀਪਲ ਦੇ ਦਫ਼ਤਰ ਤੱਕ ਜਾਣਾ ਪਿਆ, ਜਿਥੋਂ ਪਾਣੀ ਦੇ ਗਿਲਾਸ ਸਮੇਤ ਸੇਵਾਦਾਰ ਨੂੰ ਨਾਲ ਲੈ ਕੇ ਆਇਆ।
ਜ਼ਿਲ੍ਹਾ ਪੱਧਰੀ ਰੁਜ਼ਗਾਰ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ ਵਲੋਂ ਕੀਤਾ ਗਿਆ।ਮੇਲੇ ਦੌਰਾਨ ਬੇਰੁਜ਼ਗਾਰ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੇ ਮੰਤਵ ਨਾਲ 8 ਵੱਖ-ਵੱਖ ਕੰਪਨੀਆਂ ਵਲੋਂ ਸ਼ਿਰਕਤ ਕੀਤੀ ਗਈ।ਪ੍ਰਸ਼ਾਸਨ ਅਨੁਸਾਰ ਜ਼ਿਲ੍ਹਾ ਭਰ ਵਿੱਚੋਂ ਕਰੀਬ 5200 ਬੇਰੁਜ਼ਗਾਰ ਮੁੰਡੇ-ਕੁੜੀਆਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ ਵੱਖ-ਵੱਖ ਕੰਪਨੀਆਂ ਵੱਲੋਂ ਕਰੀਬ 1310 ਬੇਰੁਜ਼ਗਾਰਾਂ ਦੀ ਨੌਕਰੀ, ਟਰੇਨਿੰਗ ਅਤੇ ਕਰਜ਼ਿਆਂ ਸਬੰਧੀ ਚੋਣ ਕੀਤੀ ਗਈ।ਭਾਵੇਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਨੌਕਰੀ, ਟਰੇਨਿੰਗ ਅਤੇ ਕਰਜ਼ਿਆਂ ਲਈ 1310 ਬੇਰੁਜ਼ਗਾਰਾਂ ਦੀ ਚੋਣ ਕੀਤੀ ਹੈ ਪ੍ਰੰਤੂ ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਕਿੰਨੇ ਬੇਰੁਜ਼ਗਾਰਾਂ ਨੂੰ ਨੌਕਰੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁਕੰਮਲ ਰਿਪੋਰਟ ਕੰਪਨੀਆਂ ਵਲੋਂ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਸਾਹਮਣੇ ਆਵੇਗੀ।ਜਾਣਕਾਰੀ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿੱਚ ਕਰੀਬ 15235 ਬੇਰੁਜ਼ਗਾਰ ਰਜਿਸਟਰਡ ਹਨ ਜਿਸ ਤੋਂ ਸਪੱਸ਼ਟ ਹੈ ਕਿ ਜ਼ਿਲ੍ਹਾ ਭਰ ਵਿਚ ਬੇਰੁਜ਼ਗਾਰਾਂ ਦੀ ਗਿਣਤੀ ਇਸ ਅੰਕੜੇ ਤੋਂ ਕਈ ਗੁਣਾ ਵੱਧ ਹੋਵੇਗੀ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media