ਅੰਮ੍ਰਿਤਸਰ ਵਿਕਾਸ ਮੰਚ ਨੇ ਸਭਿਆਚਾਰ ਤੇ ਸੈਰ ਸਪਾਟਾ ਮੰਤਰੀ ਸਿੱਧੂ ਤੋਂ ਦਖਲ ਦੀ ਕੀਤੀ ਮੰਗ
ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਵਿਰਸਾ ਵਿਹਾਰ ਸੋਸਾਇਟੀ ਦੇ ਵਿਵਾਦ ਨੂੰ ਮੰਦਭਾਗਾ ਕਰਾਰ ਦਿੰਦਿਆਂ ਅੰਮ੍ਰਿਤਸਰ ਵਿਕਾਸ ਮੰਚ ਨੇ ਇਹ ਚੋਣ
ਮੁੜ ਸੋਸਾਇਟੀ ਦੇ ਚੇਅਰਮੈਨ ਤੇ ਡਿਪਟੀ ਕਮਿਸ਼ਨਰ ਦੀ ਦੇਖ-ਰੇਖ ਵਿੱਚ ਕਰਵਾਉਣ ਦੀ ਮੰਗ ਕੀਤੀ ਹੈ।ਅੱਜ ਸਥਾਨਕ ਅਸੋਕਾ ਸਕੂਲ ਵਿੱਚ ਹੋਈ ਵਿਕਾਸ ਮੰਚ ਦੀ ਮੀਟਿੰਗ ਵਿੱਚ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ।ਇਸ ਮੌਕੇ ਮੰਚ ਦੇ ਪ੍ਰਧਾਨ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਕਿਹਾ ਕਿ ਰੰਗ ਕਰਮੀਆਂ, ਨਾਟਕਕਾਰਾਂ, ਲੇਖਕਾਂ ਤੇ ਸਾਹਿਤਕਾਰਾਂ ਦੇ ਮੱਕੇ ਵਜੋਂ ਜਾਣਿਆ ਜਾਂਦਾ ਵਿਰਸਾ ਵਿਹਾਰ ਵੱਡੀ ਜੱਦੋਜਹਿਦ ਉਪਰੰਤ ਹੋਂਦ ਵਿੱਚ ਆਇਆ ਹੈ।ਜਿਸ ਲਈ ਸ਼ਹਿਰ ਦੇ ਨਾਮੀ ਗਰਾਮੀ ਕਾਲਕਾਰਾਂ ਨੇ ਕਾਫੀ ਘਾਲਣਾ ਘਾਲੀ ਹੈ, ਇਸ ਲਈ ਇਸ ਨੂੰ ਰਾਜਨੀਤੀ ਦਾ ਸ਼ਿਕਾਰ ਹੋਣੋ ਬਚਾਉਣਾ ਚਾਹੀਦਾ ਹੈ।ਪ੍ਰਧਾਨ ਅਣਖੀ ਨੇ ਦੱਸਿਆ ਕਿ ਮੰਚ ਵਲੋਂ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸਭਿਆਚਾਰ ਤੇ ਸੈਰ ਸਪਾਟਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਨਿੱਜੀ ਦਖਲ ਦੇ ਕੇ ਵਿਰਸਾ ਵਿਹਾਰ ਸੋਸਾਇਟੀ ਵਿੱਚ ਦਾਖਲ ਹੋ ਰਹੇ ਗੈਰ ਸਾਹਿਤਕ ਤੇ ਕਲਾਕਾਰੀ ਨਾਲ ਵਾਹ ਵਾਸਤਾ ਨਾ ਰੱਖਣ ਵਾਲਿਆਂ ਨੂੰ ਦੂਰ ਰੱਖਣ ਦੀ ਮੰਗ ਕੀਤੀ ਗਈ ਹੈ।
ਪ੍ਰਿ. ਕੁਲਵੰਤ ਸਿੰਘ ਅਣਖੀ ਨੇ ਕਿਹਾ ਕਿ ਗੁਰੂ ਨਗਰੀ ਦਾ ਮਾਣ ਵਿਰਸਾ ਵਿਹਾਰ ਅੰਮ੍ਰਿਤਸਰ ਦਾ ਸਾਹਿਤਕ, ਰੰਗਮੰਚ ਅਤੇ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਹੈ।ਜਿਥੇ ਕਲਾ ਪ੍ਰੇਮੀਆਂ ਤੇ ਸ਼ਹਿਰੀਆਂ ਤੋਂ ਇਲਾਵਾ ਮੁੱਖ ਮੰਤਰੀ ਤੱਕ ਵੀ ਨਾਟਕ ਵੇਖਣ ਆ ਚੁੱਕੇ ਹਨ।ਪ੍ਰੰਤੂ ਕੁੱਝ ਅਜਿਹੇ ਲੋਕ ਜਿੰਨਾਂ ਦਾ ਸਾਹਿਤ ਅਤੇ ਰੰਗਕਰਮੀਆਂ ਤੇ ਲੇਖਕਾਂ ਨਾਲ ਨਾ ਸਿਰਫ ਦੂਰ ਦਾ ਵੀ ਵਾਸਤਾ ਨਹੀਂ. ਬਲਕਿ ਵਿਰਸਾ ਵਿਹਾਰ ਦੇ ਵਿਹਾਰਕ ਪੱਖੌਂ ਦਾਗੀ ਹਨ, ਅਹੁੱਦਿਆਂ ਦੀ ਲਾਲਸਾ ਵਿੱਚ ਕਲਾ ਦੇ ਮੰਦਰ `ਤੇ ਕਾਬਜ਼ ਹੋਣ ਦੀ ਕੋਸ਼ਿਸ਼ ਵਿੱਚ ਹਨ।ਪ੍ਰੋ. ਅਣਖੀ ਨੇ ਕਿਹਾ ਕਿ ਪਿਛਲੇ ਦਿਨੀ ਹੋਈ ਚੋਣ ਨੇ ਸ਼ਹਿਰ ਵਾਸੀਆਂ ਨੂੰ ਨਿਰਾਸ਼ ਕੀਤਾ ਹੈ।ਵਿਰਸਾ ਵਿਹਾਰ ਪੰਜਾਬੀ ਬੋਲੀ, ਸਭਿਆਚਾਰ, ਸਾਹਿਤ, ਸੰਗੀਤ ਅਤੇ ਰੰਗ-ਮੰਚ ਦੇ ਪ੍ਰਫੁਲਤਾ ਦੇ ਆਸ਼ੇ ਨਾਲ ਹੋਂਦ ਵਿੱਚ ਆਇਆ ਹੈ ਅਤੇ ਇਨਾਂ ਦੇ ਪ੍ਰਬੰਧਕ ਵੀ ਇਨਾਂ ਖੇਤਰਾਂ ਦੇ ਮਹਾਂਰਥੀ ਹੀ ਹੋਣੇ ਚਾਹੀਦੇ ਹਨ।ਉਨਾਂ ਕਿਹਾ ਕਿ ਸਿੱਧਾਂਤਕ ਤੌਰ ਤੇ ਤਾਂ ਚਾਹੀਦਾ ਹੈ ਕਿ ਚਿੱਤਰਕਾਰ, ਪੇਂਟਰ ਅਤੇ ਬੁੱਤ ਤਰਾਸ਼ ਕਲਾਕਾਰ ਆਪਣੀ ਕਰਮ ਭੂਮੀ ਤੇ ਦਿਲਚਸਪੀ ਆਰਟ ਗੈਲਰੀ ਤੱਕ ਮਹਿਦੂਦ ਰੱਖਣ ਅਤੇ ਸਾਹਿਤਕਾਰਾਂ, ਰੰਗ-ਕਰਮੀਆਂ, ਕਹਾਣੀਕਾਰਾਂ, ਕਵੀਆਂ ਅਤੇ ਗਾਇਕਾਂ ਆਦਿ ਕਲਾਕਾਰਾਂ ਲਈ ਵਿਰਸਾ ਵਿਹਾਰ ਛੱਡ ਦੇਣ।ਉਨਾਂ ਯਾਦ ਦਿਵਾਇਆ ਕਿ ਜੋ ਨਾਂਹ ਪੱਖੀ ਮਾਹੋਲ ਇਸ ਵੇਲੇ ਵਿਰਸਾ ਵਿਹਾਰ ਵਿਖੇ ਸਿਰਜਿਆ ਗਿਆ ਹੈ, ਅਜਿਹਾ ਹੀ ਮਾਹੋਲ ਕੁੱਝ ਸਾਲ ਪਹਿਲਾਂ ਆਰਟ ਗੈਲਰੀ ਵਿੱਚ ਬਣਿਆ ਸੀ, ਜਦੋਂ ਨੀਟਾ ਮਹਿੰਦਰੂ ਵਰਗੀ ਅਸਲੀ ਕਲਾਕਾਰ ਨੂੰ ਆਰਟ ਗੈਲਰੀ ਤੋਂ ਬਾਹਰ ਦਾ ਰਸਤਾ ਵਿਖਾ ਕੇ ਰਾਜਸੀ ਕਲਾਕਾਰ ਹਾਵੀ ਹੋ ਗਏ ਸਨ।
ਪ੍ਰਿ. ਅਣਖੀ ਨੇ ਕਿਹਾ ਕਿ ਗੁਰੂ ਨਗਰੀ ਦੇ ਯੋਜਨਾਬੱਧ ਵਿਕਾਸ ਅਤੇ ਸ਼ਹਿਰੀਆਂ ਦੀ ਭਲਾਈ ਦੇ ਆਸ਼ੇ ਨੂੰ ਲੈ ਕੇ ਕੰਮ ਕਰ ਰਹੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਨੇ ਆਪਣੀ ਜਿੰਮੇਵਾਰੀ ਸਮਝਦਿਆਂ ਇਸ ਮਾਮਲੇ `ਚ ਦਖਲ ਦੇਣ ਦਾ ਫੈਸਲਾ ਲ਼ਿਆ ਹੈ।ਆਸ ਹੈ ਕਿ ਸੈਰ ਸਪਾਟਾ ਮੰਤਰੀ ਵਜੋਂ ਆਪ ਸ਼ਹਿਰੀਆਂ ਦੀਆਂ ਭਾਵਾਨਾਵਾਂ ਦਾ ਖਿਆਲ ਰੱਖਦਿਆਂ ਇਸ ਨੂੰ ਰਾਜਸੀ ਸਾਜ਼ਿਸ਼ ਤੋਂ ਬਚਾਉਣ ਦਾ ਉਪਰਾਲਾ ਜਰੂਰ ਕਰੋਗੇ।ਇਸ ਮੀਟਿੰਗ ਵਿੱਚ ਸ਼ਹਿਰ ਦੇ ਕਈ ਹੋਰ ਸੰਜ਼ੀਦਾ ਮਸਲੇ ਵੀ ਵਿਚਾਰੇ ਗਏ।ਇਸ ਸਮੇਂ ਸਰਪ੍ਰਸਤ ਪ੍ਰੋ. ਮੋਹਨ ਸਿੰਘ, ਜਨਰਲ ਸੈਕਟਰੀ ਮਨਜੀਤ ਸਿੰਘ ਸੈਣੀ, ਕੁਲਦੀਪ ਸਿੰਘ, ਨਿਰਮਲ ਸਿੰਘ ਅਨੰਦ, ਪ੍ਰਿ. ਜੋਗਿੰਦਰ ਸਿੰਘ, ਲਖਬੀਰ ਸਿੰਘ ਘੁੰਮਣ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media