ਬਟਾਲਾ ਪੁਲਿਸ ਵਲੋਂ ਅਜ਼ਾਦੀ ਘੁਲਾਟੀਏ ਵੱਸਣ ਸਿੰਘ ਨੂੰ ਸਲਾਮੀ ਭੇਟ
ਬਟਾਲਾ, 16 ਸਤੰਬਰ (ਪੰਜਾਬ ਪੋਸਟ- ਨਰਿੰਦਰ ਸਿੰਘ ਬਰਨਾਲ) – ਸੁਤੰਤਰਤਾ ਸੈਲਾਨੀ ਵੱਸਣ ਸਿੰਘ ਰੰਧਾਵਾ (ਕਾਲੇਪਾਣੀ) ਜੋ ਕਿ ਆਪਣੀ ਸੰਸਾਰਿਕ ਯਾਤਰਾ
ਪੂਰੀ ਕਰਦੇ ਹੋਏ ਬੀਤੀ ਸ਼ਾਮ ਪ੍ਰਲੋਕ ਸਿਧਾਰ ਗਏ ਸਨ ਦਾ ਅੱਜ ਸਥਾਨਕ ਪੁਰੀਆਂ ਸ਼ਮਸ਼ਾਨਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਵੱਸਣ ਸਿੰਘ ਦੀ ਚਿਖਾ ਨੂੰ ਅਗਨੀ ਉਨਾਂ ਦੇ ਸਪੁੱਤਰ ਸਤਿੰਦਰਪਾਲ ਸਿੰਘ ਰੰਧਾਵਾ ਅਤੇ ਸੁਰਿੰਦਰਪਾਲ ਸਿੰਘ ਰੰਧਾਵਾ ਨੇ ਲਗਾਈ।98 ਸਾਲਾ ਬਜ਼ੁਰਗ ਸੁਤੰਤਰਤਾ ਸੰਗਰਾਮੀ ਸਵਰਗਵਾਸੀ ਵੱਸਣ ਸਿੰਘ ਕਾਲੇਪਾਣੀ ਆਪਣੇ ਪਿੱਛੇ ਆਪਣੀ ਪਤਨੀ ਗੁਰਬਚਨ ਕੌਰ, ਸਪੁੱਤਰ ਸਤਿੰਦਰਪਾਲ ਸਿੰਘ, ਸੁਰਿੰਦਰਪਾਲ ਸਿੰਘ, ਤਿੰਨ ਧੀਆਂ ਹਰਭਜਨ ਕੌਰ, ਮਹਿੰਦਰ ਕੌਰ ਅਤੇ ਅਮਰਜੀਤ ਕੌਰ ਛੱਡ ਗਏ ਹਨ।
ਇਸ ਤੋਂ ਪਹਿਲਾਂ ਸ਼ਮਸ਼ਾਨਘਾਟ ਵਿਖੇ ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰ ਬਟਾਲਾ ਲਖਵਿੰਦਰ ਸਿੰਘ ਅਤੇ ਡੀ.ਐਸ.ਪੀ ਸੁੱਚਾ ਸਿੰਘ ਬੱਲ ਨੇ ਸ਼ਰਧਾਂਜਲੀ ਭੇਟ ਕੀਤੀ।ਪੁਲਿਸ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਅਤੇ 2 ਮਿੰਟ ਦਾ ਮੋਨ ਧਾਰ ਕੇ ਸਲਾਮੀ ਦਿੱਤੀ। ਇਸ ਮੌਕੇ ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ `ਚ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਨੇ ਨੁਮਾਇੰਦਿਆਂ ਨੇ ਵੀ ਵੱਸਣ ਸਿੰਘ ਕਾਲੇਪਾਣੀ ਦੀ ਅੰਤਿਮ ਯਾਤਰਾ `ਚ ਸ਼ਰੀਕ ਹੋ ਕੇ ਪਰਿਵਾਰ ਦਾ ਦੁੱਖ ਵੰਡਾਇਆ।ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਹਰਭਜਨ ਸਿੰਘ ਬਾਜਵਾ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਸੰਦੀਪ ਸਲਹੋਤਰਾ, ਰਾਕੇਸ਼ ਭਾਟੀਆ, ਸਵਿੰਦਰ ਸਿੰਘ ਭਾਗੋਵਾਲੀਆ, ਰੰਜਨ ਮਲਹੋਤਰਾ ਸਮਤੇ ਵੱਡੀ ਗਿਣਤੀ `ਚ ਸ਼ਹਿਰ ਵਾਸੀਆਂ ਨੇ ਅਜ਼ਾਦੀ ਸੰਗਰਾਮ ਦੇ ਨਾਇਕ ਨੂੰ ਸੇਜ਼ਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ ਦਿੱਤੀ।
ਦੱਸਣਯੋਗ ਹੈ ਕਿ ਸੁਤੰਤਰਤਾ ਸੈਲਾਨੀ ਸਵਰਗਵਾਸੀ ਵਸਣ ਸਿੰਘ ਕਾਲੇਪਾਣੀ ਨੇ ਦੇਸ਼ ਨੂੰ ਅੰਗਰੇਜ਼ ਹਕੂਮਤ ਤੋਂ ਅਜ਼ਾਦ ਕਰਾਉਣ ਲਈ ਆਪਣਾ ਉੱਘਾ ਯੋਗਦਾਨ ਪਾਇਆ ਸੀ।ਵਸਣ ਸਿੰਘ ਕਾਲੇਪਾਣੀ ਦਾ ਜਨਮ 1 ਜਨਵਰੀ 1922 ਨੂੰ ਚੱਕ ਨੰਬਰ 54, ਤਹਿਸੀਲ ਓਕਾੜਾ, ਜ਼ਿਲਾ ਮਿੰਟਗੁਮਰੀ (ਪਾਕਿਸਤਾਨ) ਵਿਖੇ ਹੋਇਆ ਸੀ।ਵੱਸਣ ਸਿੰਘ 1939 `ਚ ਬ੍ਰਿਟਿਸ਼ ਫੌਜ ਦੀ ਰਾਇਲ ਇੰਡੀਅਨ ਆਰਮੀ `ਚ ਭਰਤੀ ਹੋ ਗਏ ਅਤੇ ਅਜੇ ਉਹ ਰੰਗਰੂਟੀ ਹੀ ਕਰ ਰਹੇ ਸਨ ਕਿ ਉਨਾਂ ਨੂੰ ਦੂਸਰੇ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਸੈਨਾ ਨਾਲ ਮਿਸਰ ਭੇਜ ਦਿੱਤਾ ਗਿਆ।ਇਸੇ ਦੌਰਾਨ ਉਹ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਤ ਹੋਏ ਅਤੇ ਉਨਾਂ ਨੇ ਬਰਤਾਨੀਆ ਹਕੂਮਤ ਖਿਲਾਫ ਬਗਾਵਤ ਕਰ ਦਿੱਤੀ।ਵੱਸਣ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮੁਆਫੀ ਮੰਗਣ ਲਈ ਕਿਹਾ ਗਿਆ।ਵੱਸਣ ਸਿੰਘ ਨੇ ਅੰਗਰੇਜ਼ਾਂ ਤੋਂ ਮੁਆਫੀ ਨਹੀਂ ਮੰਗੀ ਅਤੇ ਅਖੀਰ ਉਨਾਂ ਨੂੰ ਕਾਲੇਪਾਣੀ ਦੀ ਸਜ਼ਾ ਸੁਣਾਈ ਗਈ।ਕਾਲੇਪਾਣੀ ਦੀ ਸਜ਼ਾ ਦੇ ਘੋਰ ਤਸੀਹੇ ਵੀ ਉਨਾਂ ਦਾ ਹੌਂਸਲਾ ਨਾ ਢਾਹ ਸਕੇ ਅਤੇ ਉਹ ਅੰਗਰੇਜ਼ ਹਕੂਮਤ ਨੂੰ ਆਪਣੀ ਚਣੌਤੀ ਦਿੰਦੇ ਰਹੇ।ਦੇਸ਼ ਦੀ ਅਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਉਨਾਂ ਨੂੰ ਜੰਗੇ-ਅਜ਼ਾਦੀ `ਚ ਪਾਏ ਯੋਗਦਾਨ ਸਦਕਾ ਤਾਮਰ ਪੱਤਰ ਨਾਲ ਸਨਮਾਨਤ ਕੀਤਾ ਗਿਆ। ਦੇਸ਼ ਦੀ ਵੰਡ ਤੋਂ ਬਾਅਦ ਵੱਸਣ ਸਿੰਘ ਆਪਣੇ ਪਰਿਵਾਰ ਸਮੇਤ ਬਟਾਲਾ ਵਿਖੇ ਆ ਕੇ ਵੱਸ ਗਏ ਸਨ ਅਤੇ ਅੱਜ ਵੀ ਉਨਾਂ ਦਾ ਪਰਿਵਾਰ ਬਟਾਲਾ ਸ਼ਹਿਰ ਵਿਖੇ ਰਹਿ ਰਿਹਾ ਹੈ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media