ਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਇਤਿਹਾਸਕ ਖ਼ਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵੱਲੋਂ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਖੁੰਬਾਂ ਦੀ ਕਾਸ਼ਤ ਸਬੰਧੀ 7 ਰੋਜ਼ਾ ਕੋਰਸ ਸੰਪੰਨ ਹੋ ਗਿਆ।ਇਸ ਮੌਕੇ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਕਿਸਾਨਾਂ ਅਤੇ ਕਿਸਾਨ ਔਰਤਾਂ ਨੂੰ ਮੁੱਖ ਖੇਤੀਬਾੜੀ ਅਫ਼ਸਰ ਦਲਬੀਰ ਸਿੰਘ ਛੀਨਾ ਨੇ ਤੂੜੀ, ਪਰਾਲੀ ਨੂੰ ਸਾੜਨ ਨਾਲੋਂ ਖੁੰਬਾਂ ਦੀ ਖੇਤੀ ਵਿੱਚ ਵਰਤਣ ਅਤੇ ਸੈਲਫ਼ ਹੈਲਪ ਗਰੁੱਪ ਬਣਾਕੇ ਇਸ ਧੰਦੇ ਨੂੰ ਅਪਨਾਉਣ ਲਈ ਜਾਗਰੂਕ ਕੀਤਾ।
ਪ੍ਰਿੰ: ਡਾ. ਮਹਿਲ ਸਿੰਘ ਨੇ ਕਿਸਾਨਾਂ ਨੂੰ ਖੁੰਬਾਂ ਦੀ ਕਾਸ਼ਤ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ, ਸਰਕਾਰ ਵੱਲੋਂ ਚਲਾਈਆਂ ਸਕੀਮਾਂ ਦਾ ਭਰਪੂਰ ਲਾਹਾ ਲੈਣ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਿਖਲਾਈ ਸਬੰਧੀ ਸਿਖਿਆਰਥੀਆਂ ਦੀ ਵਿਖਾਈ ਦਿਲਚਸਪੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੁੰਬਾਂ ਦਾ ਧੰਦਾ ਅਤਿ ਲਾਹੇਵੰਦ ਕਿੱਤਾ ਹੈ ਅਤੇ ਇਸ ਨੂੰ ਅਪਨਾ ਕੇ ਜਿੱਥੇ ਕਿਸਾਨਾਂ ਨੂੰ ਰੋਜਗਾਰ ਦਾ ਸਾਧਨ ਹਾਸਲ ਹੋਵੇਗਾ, ਉਥੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਵੀ ਹੋ ਸਕੇਗਾ। ਉਨ੍ਹਾਂ ਕਿਹਾ ਕਿ ਕਾਲਜ ਦੇ ਉਕਤ ਕੇਂਦਰ ਵੱਲੋਂ ਸਮੇਂ-ਸਮੇਂ ਖੇਤੀਬਾੜੀ ਨਾਲ ਜੁੜੇ ਧੰਦਿਆਂ ਸਬੰਧੀ ਕਿਸਾਨਾਂ ਨੂੰ ਜਾਗ੍ਰਿਤ ਕਰਦਿਆਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿਖਲਾਈ ਲਈ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਕਿਸਾਨ ਕੈਂਪਾਂ ਤੋਂ ਲਾਹਾ ਲੈ ਸਕਣ।
ਕੋਰਸ ਦੌਰਾਨ ਸਹਾਇਕ ਮੰਡੀਕਰਨ ਅਫ਼ਸਰ ਨਾਜ਼ਰ ਸਿੰਘ ਨੇ ਖੁੰਬਾਂ ਦੇ ਸੁਚੱਜੇ ਮੰਡੀਕਰਨ ਸਬੰਧੀ, ਕੇਂਦਰ ਦੇ ਖੇਤੀਬਾੜੀ ਸੂਚਨਾ ਅਫ਼ਸਰ ਜਸਵਿੰਦਰ ਸਿੰਘ ਭਾਟੀਆ ਨੇ ਟ੍ਰੇਨਿੰਗ ਦੌਰਾਨ ਬਟਨ ਖੁੰਬ ਦੀ ਕਾਸ਼ਤ ਸਬੰਧੀ ਕੰਪੋਸਟ ਦੀ ਤਿਆਰੀ, ਕੇਸਿੰਗ ਸਾਇਲ, ਢਿੰਗਰੀ ਦੀ ਕਾਸ਼ਤ ਅਤੇ ਖੁੰਬਾਂ ਦੀ ਪੈਦਾਵਾਰ ਵਧਾਉਣ ਲਈ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਇਸ ਕੋਰਸ ਦੌਰਾਨ ਬਾਗਬਾਨੀ ਵਿਭਾਗ ਵੱਲੋਂ ਗੁਰਿੰਦਰ ਸਿੰਘ ਧੰਜਲ ਵੱਲੋਂ ਮਹਿਕਮੇ ਦੀ ਸਕੀਮਾਂ ਵੱਲੋਂ ਖੁੰਬਾਂ ‘ਤੇ ਮਿਲਣ ਵਾਲੀ ਸਬਸਿਡੀ ਬਾਰੇ, ਸ੍ਰੀਮਤੀ ਰੀਨੂੰ ਵਿਰਦੀ ਨੇ ਖੁੰਬਾਂ ਵਿੱਚ ਮੌਜ਼ੂਦ ਖ਼ੁਰਾਕੀ ਤੱਤਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ।
ਕੋਰਸ ਮੌਕੇ ਸਿਖਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਖੇਤੀਬਾੜੀ ਮਾਹਿਰਾਂ ਨੇ ਬੜੇ ਸੁਚੱਜੇ ਢੰਗ ਨਾਲ ਜਵਾਬ ਦਿੰਦਿਆਂ ਉਸ ਸਬੰਧੀ ਲਾਭ ਤੇ ਹਾਨੀਆਂ ਵੀ ਦੱਸੀਆਂ, ਜਿਸ ‘ਤੇ ਕਿਸਾਨਾਂ ਨੇ ਇਸ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ ਉਤਸ਼ਾਹਿਤ ਵੀ ਵਿਖਾਇਆ।ਇਸ ਕੌਰਸ ਦੌਰਾਨ ਵੱਖ-ਵੱਖ ਵਿਭਾਗਾਂ ਤੋਂ ਆਏ ਡਾ. ਨਰਿੰਦਰ ਸਿੰਘ, ਡਾ. ਪਰਵਿੰਦਰ ਸਿੰਘ, ਡਾ. ਪਰਮਿੰਦਰ ਕੌਰ, ਕੁਲਵੰਤ ਸਿੰਘ, ਪ੍ਰਭਜੋਤ ਸਿੰਘ, ਗੁਰਬੀਰ ਸਿੰਘ ਰੰਧਾਵਾ ਨੇ ਵੱਖ-ਵੱਖ ਵਿਸ਼ਿਆਂ ‘ਤੇ ਕਿਸਾਨਾਂ ਨੂੰ ਜਾਗਰੂਕ ਕਰਵਾਇਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media