ਪੀ.ਏ.ਯੂ ਖੇਤਰੀ ਖੋਜ ਕੇਂਦਰ ਵਿਖੇ ਕਿਸਾਨ ਮੇਲਾ ਲਗਾਇਆ ਗਿਆ
ਬਠਿੰਡਾ, 27 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਖੇਤਰੀ ਖੋਜ ਕੇਂਦਰ
ਵਿਖੇ ਕਿਸਾਨ ਮੇਲਾ ਲਗਾਇਆ ਗਿਆ।ਇਸ ਕਿਸਾਨ ਮੇਲੇ ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਸਲਰ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਜ਼ਿਲਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਕੀਤੀ।
ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਕਿ੍ਰਸ਼ੀ ਵਿਗਿਆਨ ਕੇਂਦਰਾਂ ਵਲੋਂ ਸਟਾਲ ਅਤੇ ਖੇਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ।ਕਿਸਾਨ ਮੇਲੇ ਦੌਰਾਨ ਵੱਡੀ ਗਿਣਤੀ ਵਿਚ ਪੰਜਾਬ ਅਤੇ ਗਵਾਂਢੀ ਸੂਬਿਆਂ ਤੋਂ ਕਿਸਾਨਾਂ ਨੇ ਸ਼ਮੂਲੀਅਤ ਕੀਤੀ।ਇਸ ਕਿਸਾਨ ਮੇਲੇ ਦਾ ਮੁੱਖ ਸੰਦੇਸ਼ `ਪਰਾਲੀ ਨਹੀ ਜਲਾਵਾਂਗੇ`, `ਵਾਤਾਵਰਨ ਬਚਾਵਾਂਗੇ` ਰੱਖਿਆ ਗਿਆ ਸੀ।ਇਸ ਮੌਕੇ ਕੇਂਦਰ ਦੇ ਸਾਬਕਾ ਨਿਰਦੇਸ਼ਕ ਡਾ. ਸ਼ਾਮ ਸਿੰਘ ਢਿੱਲੋਂ ਵੀ ਹਾਜ਼ਰ ਸਨ ਅਤੇ ਉਨਾਂ ਯੂਨੀਵਰਸਿਟੀ ਦੇ ਖੋਜ ਕਾਰਜਾਂ ਨੂੰ ਉਤਸ਼ਾਹਤ ਕਰਨ ਲਈ 10 ਹਜ਼ਾਰ ਦੀ ਰਾਸ਼ੀ ਪ੍ਰਦਾਨ ਕੀਤੀ।
ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਲਾਕਰਾ ਨੇ ਕਿਹਾ ਕਿ ਸਾਨੂੰ ਖੇਤੀ ਵਿਭਿੰਨਤਾ ਵੱਲ ਤੁਰਨਾ ਪਵੇਗਾ।ਇਸ ਲਈ ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਇੱਕ ਚੰਗਾ ਬਦਲ ਹੈ।ਉਨਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੁਗਣਾ ਕਰਨ ਦੇ ਲਈ ਜਿਨਸਾਂ ਦੀ ਪ੍ਰੋਸੈਸਿੰਗ ਬਹੁਤ ਜ਼ਰੂਰੀ ਹੈ।ਇਸ ਸੰਦਰਭ ਜੋ ਅਗਲੇ ਮਹੀਨੇ ਯੂਨੀਵਰਸਿਟੀ ਵਿਖੇ ਪ੍ਰੋਸੈਸਿੰਗ ਮੇਲਾ ਲਗਾਇਆ ਜਾ ਰਿਹਾ ਹੈ ਉਹ ਸਲਾਹਣਯੋਗ ਉਦਮ ਹੈ।
ਡਾ. ਢਿਲੋਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਵਿਗਿਆਨੀਆਂ ਲਈ ਆਪਣੀਆਂ ਖੋਜਾਂ ਕਿਸਾਨਾਂ ਤਕ ਪਹੁੰਚਾਉਣ ਦੇ ਲਈ ਇਹ ਕਿਸਾਨ ਮੇਲੇ ਸਭ ਤੋਂ ਢੁਕਵਾਂ ਜ਼ਰੀਆ ਹਨ।ਇਹ ਕਿਸਾਨ ਮੇਲੇ ਦੋਪਾਸੜੇ ਸਹਿਯੋਗ ਦਾ ਪ੍ਰਤੀਕ ਹਨ, ਜਿਥੋਂ ਵਿਗਿਆਨੀਆਂ ਨੂੰ ਆਪਣੀਆਂ ਕੀਤੀਆਂ ਖੋਜਾਂ ਸਬੰਧੀ ਪਰਤੀ ਸੂਚਨਾ ਕਿਸਾਨਾਂ ਤੋਂ ਪ੍ਰਾਪਤ ਹੁੰਦੀ ਹੈ।ਡਾ. ਢਿੱਲੋਂ ਕਿ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਝਾੜ ਵੱਲ ਨਹੀਂ ਮੁਨਾਫ਼ੇ ਬਾਰੇ ਸੋਚਣਾ ਚਾਹੀਦਾ ਹੈ।ਉਨਾਂ ਕਿਹਾ ਕਿ ਇਸ ਲਈ ਸਾਨੂੰ ਮੁਢਲੀਆਂ ਲਾਗਤਾ ’ਤੇ ਕਟੌਤੀ ਕਰਨੀ ਪਵੇਗੀ।ਇਸ ਲਈ ਰਸਾਇਣਾਂ ਦੀ ਵਰਤੋਂ ਲੋੜ ਅਨੁਸਾਰ ਕਰਨੀ ਚਾਹੀਦੀ ਹੈ ਅਤੇ ਖਾਦਾਂ ਦੀ ਵਰਤੋਂ ਮਿੱਟੀ ਪਰਖ ਕਰਵਾਉਣ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ। ਉਨਾਂ ਕਿਸਾਨਾਂ ਨੂੰ ਖੇਤ ਮਸ਼ੀਨਰੀ ਸਰਕਾਰੀ ਪੱਧਰ ’ਤੇ ਅਪਨਾਉਣ ਲਈ ਕਿਹਾ ਅਤੇ ਜ਼ਿਕਰ ਕੀਤਾ ਕਿ ਸਹਿਕਾਰੀ ਪੱਧਰ ਦੇ ਮਸ਼ੀਨਰੀ ਦੀ ਵਰਤੋਂ ਨਾਲ 35 ਪ੍ਰਤੀਸ਼ਤ ਤਕ ਅਸੀਂ ਆਪਣਾ ਖਰਚਾ ਘੱਟ ਕਰ ਸਕਦੇ ਹਾਂ। ਡਾ. ਢਿੱਲੋਂ ਨੇ ਪਰਾਲੀ ਦੀ ਚੰਗੇਰੀ ਸਾਂਭ-ਸੰਭਾਲ ਸਬੰਧੀ ਯੂਨੀਵਰਸਿਟੀ ਵੱਲੋਂ ਸੁਝਾਏ ਬਦਲਾਂ ਬਾਰੇ ਚਾਨਣਾ ਪਾਇਆ। ਉਨਾਂ ਕਿਹਾ ਕਿ ਐਗਰੀਕਲਚਰਲ ਯੂਨੀਵਰਸਿਟੀ ਦੇਸ਼ ਦੀਆਂ ਮੋਹਰੀ ਯੂਨੀਵਰਸਿਟੀਆਂ ਦੀ ਕਤਾਰ ਵਿਚ ਸ਼ਾਮਲ ਹੋਈ ਹੈ, ਜੋ ਕਿ ਵਿਗਿਆਨੀਆਂ ਦੀ ਅਣਥੱਕ ਮਿਹਨਤ ਅਤੇ ਕਿਸਾਨਾਂ ਦੇ ਵਿਸ਼ਵਾਸ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ।ਉਨਾਂ ਕਿਹਾ ਕਿ ਸਾਨੂੰ ਆਪਣੀ ਵਰਤੋਂ ਦੇ ਲਈ ਦਾਲਾਂ ਸਬਜ਼ੀਆਂ ਉਗਾਉਣੀਆਂ ਚਾਹੀਦੀਆਂ ਹਨ।ਉਨਾਂ ਕਿਹਾ ਕਿ ਜੇਕਰ 12 ਲੱਖ ਪਰਿਵਾਰ ਇਸ ਪਾਸੇ ਤੁਰਦਾ ਹੈ ਤਾਂ ਪੰਜਾਬ ਵਿੱਚ 1.5 ਲੱਖ ਏਕੜ ਰਕਬਾ ਦਾਲਾਂ ਸਬਜ਼ੀਆਂ ਦੇ ਹੇਠ ਲਿਆਂਦਾ ਜਾ ਸਕਦਾ ਹੈ।
ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਆਇਆ ਦੇ ਸ਼ਬਦ ਬੋਲਦਿਆਂ ਕਿਹਾ ਕਿ ਸਹਾਇਕ ਕਿੱਤਿਆਂ ਨੂੰ ਸ਼ੁਰੂ ਕਰਨ ਲਈ ਸਾਨੂੰ ਕਿ੍ਰਸ਼ੀ ਵਿਗਿਆਨ ਕੇਂਦਰਾਂ ਨਾਲ ਜੁੜਨਾ ਚਾਹੀਦਾ ਹੈ। ਉਨਾਂ ਜਿਨਸਾਂ ਦੀ ਪ੍ਰੋਸੈਸਿੰਗ ਲਈ ਪੰਜਾਬ ਵਿਚ 300 ਤੋਂ ਵੱਧ ਲਘੂ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ।ਇਨਾਂ ਇਕਾਈਆਂ ਤੋਂ ਆਪਣੀਆਂ ਜਿਨਸਾਂ ਦੀ ਪ੍ਰੋਸੈਸਿੰਗ ਕਰਕੇ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ।ਉਨਾਂ ਕਿਹਾ ਕਿ ਇੰਟਰਨੈਟ ਰਾਹੀਂ ਵੀ ਖੇਤੀਬਾੜੀ ਸਬੰਧੀ ਸੇਧਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।ਯੂਨੀਵਰਸਿਟੀ ਵਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਡਾ. ਨਵਤੇਜ ਸਿੰਘ ਬੈਂਸ ਨੇ ਪ੍ਰਦਾਨ ਕੀਤੀ।ਉਨਾਂ ਬੀਤੇ ਦਿਨੀਂ ਯੂਨੀਵਰਸਿਟੀ ਵਲੋਂ ਸਿਫ਼ਾਰਿਸ਼ ਕੀਤੀਆਂ ਫ਼ਸਲਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ।ਉਨਾਂ ਯੂਨੀਵਰਸਿਟੀ ਦੀਆਂ ਨਵੀਆਂ ਸਿਫ਼ਾਰਿਸ਼ਾਂ ਬਾਰੇ ਵੀ ਚਾਨਣਾ ਪਾਇਆ। ਉਨਾਂ ਕਿਸਾਨਾਂ ਨੂੰ ਪੱਤਾ ਰੰਗ ਚਾਰਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਨਾਲ ਅਸੀ ਖਾਦਾਂ ਦੀ ਵਰਤੋਂ ਕਾਫ਼ੀ ਹੱਦ ਤਕ ਘਟਾ ਸਕਦੇ ਹਾਂ।ਮੇਲੇ ਦੌਰਾਨ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਵਲੋਂ ਵਡਮੁੱਲੀ ਜਾਣਕਾਰੀ ਪ੍ਰਧਾਨ ਕੀਤੀ ਗਈ।ਕਿਸਾਨਾਂ ਦੇ ਸਵਾਲਾ ਦੇ ਜਵਾਬ ਮਾਹਿਰਾਂ ਵਲੋਂ ਮੌਕੇ ’ਤੇ ਹੀ ਦਿੱਤੇ ਗਏ। ਮੇਲੇ ਦੌਰਾਨ ਯੂਨੀਵਰਸਿਟੀ ਦੇ ਬੀਜ ਅਤੇ ਪ੍ਰਕਾਸ਼ਨਾਵਾਂ ਪ੍ਰਾਪਤ ਕਰਨ ਲਈ ਭਾਰੀ ਉਤਸ਼ਾਹ ਦੇਖਿਆ ਗਿਆ।ਅੰਤ ਵਿਚ ਧੰਨਵਾਦ ਦੇ ਸ਼ਬਦ ਕੇਂਦਰ ਦੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਨੇ ਕਹੇ।ਮੇਲੇ ਦੌਰਾਨ ਦੋ ਵਿਦਿਆਰਥਣਾਂ ਵਲੋਂ ਕਵਿਤਾਵਾਂ ਵੀ ਪੜੀਆਂ ਗਈਆਂ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media