Thursday, July 9, 2026

ਫੌਜੀਆਂ ਨੂੰ ਪ੍ਰਸ਼ਾਸਕੀ ਦਫਤਰਾਂ `ਚ ਮਿਲੇਗਾ ਮਾਣ-ਸਤਿਕਾਰ – ਕੈਪਟਨ ਅਮਰਿੰਦਰ

SONY DSC

ਪਠਾਨਕੋਟ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਦੇਸ਼ ਦੀ ਆਜ਼ਾਦੀ ਦੀ ਰੱਖਿਆ ਕਰਨ ਲਈ ਫੌਜੀਆਂ ਦੀ ਭੂਮਿਕਾ ਦੀ ਸਰਾਹਨਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਵਿੱਚ ਫੌਜੀਆਂ ਨੂੰ ਹਰੇਕ ਪ੍ਰਸ਼ਾਸਕੀ ਦਫਤਰ ਵਿੱਚ ਬਣਦਾ ਮਾਣ-ਸਤਿਕਾਰ ਮਿਲੇਗਾ ਭਾਵੇਂ ਉਹ ਤਹਿਸੀਲਾਂ ਹੋਣ ਜਾਂ ਫਿਰ  ਪੁਲਿਸ ਥਾਣੇ।ਗੁਰਦਾਸਪੁਰ ਦੇ ਸਰਬਾਂਗੀ ਵਿਕਾਸ ਦਾ ਵਾਅਦਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਵੋਟ, ਵਿਕਾਸ ਲਈ ਵੋਟ ਹੋਵੇਗੀ।
ਅੱਜ ਏਥੇ ਸਾਬਕਾ ਫੌਜੀਆਂ ਦੀ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਤੁਹਾਡੇ ਵੱਲੋਂ ਦੇਸ਼ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਕਦੀ ਵੀ ਭੁਲਾਇਆ ਨਹੀਂ ਜਾਵੇਗਾ ਅਤੇ ਘੱਟੋ-ਘੱਟ ਇਹ ਮੇਰੀ ਸਰਕਾਰ ਵਿੱਚ ਤਾਂ ਹੋ ਹੀ ਨਹੀਂ ਸਕਦਾ। ਮੈਂ ਤੁਹਾਨੂੰ ਭਰੋਸਾ ਦਿਵਾਉਦਾ ਹਾਂ ਕਿ ਮੇਰੀ ਸਰਕਾਰ ਵਿੱਚ ਤੁਹਾਨੂੰ ਪੂਰਾ ਸਤਿਕਾਰ ਅਤੇ ਨਿਆਂ ਮਿਲੇਗਾ।’’ ਉਨਾਂ ਅੱਗੇ ਕਿਹਾ, ‘‘ਕਿਸੇ ਵੀ ਸਮੱਸਿਆ ਲਈ ਮੇਰੇ ਕੋਲ ਸਿੱਧੇ ਪਹੁੰਚਣ ਤੋਂ ਹਿਚਕਾਇਓ ਨਾ।’’
ਗੁਰਦਾਸਪੁਰ ਉਪ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਨੂੰ ਸਮਰਥਨ ਦੇਣ ਦੀ ਸਾਬਕਾ ਫੌਜੀਆਂ ਨੂੰ ਅਪੀਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਇਸ ਖਿੱਤੇ ਲਈ ਸਭ ਤੋਂ ਵਧੀਆ ਉਮੀਦਵਾਰ ਹਨ।ਉਨਾਂ ਕਿਹਾ, ‘‘ਉਹ ਇੱਕ ਵਧੀਆ ਮਨੁੱਖ ਹਨ ਅਤੇ ਉਹ ਲੋਕ ਸਭਾ ਵਿੱਚ ਗੁਰਦਾਸਪੁਰ ਖਿੱਤੇ ਦੇ ਲੋਕਾਂ ਦੇ ਅਧਿਕਾਰਾਂ ਲਈ ਲੜ ਸਕਦੇ ਹਨ।ਉਨਾਂ ਕਿਹਾ ਕਿ ਜਾਖੜ ਦੀ ਦਿੱਲੀ ਵਿਖੇ ਹੋਂਦ ਨਾਲ ਕਾਂਗਰਸ ਦੀ ਸੰਸਦ ਵਿੱਚ ਸ਼ਕਤੀ ਵਧੇਗੀ ਜਿੱਥੋ ਲੋਕਾਂ ਦੀ ਆਵਾਜ਼ ਜ਼ੋਰਦਾਰ ਢੰਗ ਨਾਲ ਉਠਾਈ ਜਾ ਸਕੇਗੀ।’’
ਜਾਖੜ ਦੇ ‘ਬਾਹਰੀ’ ਹੋਣ ਦੇ ਵਿਰੋਧੀ ਧਿਰ ਦੇ ਭੰਡੀਪ੍ਰਚਾਰ ਨੂੰ ਰੱਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਦੀ ਵਜਾ ਕਾਰਨ ਪੰਜਾਬ ਇੱਕ ਛੋਟੇ ਜਹੇ ਸੂਬੇ ਤੱਕ ਸੀਮਤ ਹੋ ਗਿਆ ਹੈ। ਬਟਵਾਰੇ ਤੋਂ ਪਹਿਲਾਂ ਪੰਜਾਬ ਲਾਹੌਰ ਤੋਂ ਦਿੱਲੀ ਤੱਕ ਸੀ।ਜਾਖੜ ਨੂੰ ਦਿੱਤੀ ਗਈ ਵੋਟ ਵਿਕਾਸ ਲਈ ਵੋਟ ਹੋਣ ਦੀ ਗੱਲ ਆਖਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਇਸ ਖਿੱਤੇ ਦੇ ਸਨਅਤੀਕਰਨ ਵਾਸਤੇ ਪਹਿਲਾਂ ਹੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਪ੍ਰਸਤਾਵਿਤ ਸਨਅਤੀ ਨੀਤੀ ਵਿੱਚ ਇਸ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਆਪਣੀ ਸਰਕਾਰ ਦੀ ‘ਗਾਰਡੀਅਨ ਆਫ ਗਵਰਨੈਂਸ’ (ਜੀ.ਓ.ਜੀ) ਸਕੀਮ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਫੌਜੀਆਂ ਦੀ ਸਵੈ-ਇਛਤ ਫੋਰਸ ਸਾਰੀਆਂ ਸਰਕਾਰੀ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਇਮਾਨਦਾਰੀ ਅਤੇ ਸੰਜ਼ੀਦਗੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਏਗੀ। ਜਿਸ ਦੇ ਨਾਲ ਇਨਾਂ ਸਕੀਮਾਂ ਦਾ ਲਾਭ ਸਭ ਤੋਂ ਵੱਧ ਹੱਕਦਾਰ ਲੋਕਾਂ ਤੱਕ ਪਹੁੰਚ ਸਕੇਗਾ।ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਸਾਬਕਾ ਫੌਜੀਆਂ ਦੇ ਬੱਚਿਆਂ ਦੇ ਵਾਸਤੇ ਇੱਕ ਸੈਨਿਕ ਸਕੂਲ ਸਥਾਪਿਤ ਕਰੇਗੀ ਅਤੇ ਮਾਝਾ ਤੇ ਮਾਲਵਾ ’ਚ ਦੋ ਸਿਖਲਾਈ ਇੰਸਟੀਚਿਊਟ ਬਣਾਏ ਜਾਣਗੇ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply