ਅੰਮ੍ਰਿਤਸਰ, 1 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜਿੱਥੇ ਜਿਲਾ ਪ੍ਰਸਾਸ਼ਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਉਨਾਂ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ, ਜੋ ਕਿ ਪਰਾਲੀ ਨੂੰ ਸਾੜੇ ਬਗੈਰ ਖੇਤਾਂ ਵਿਚ ਵਾਹ ਰਹੇ ਹਨ।ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਵੱਲੋਂ ਕੀਤੀ ਗਈ ਇਸ ਪਹਿਲ ਕਦਮੀ ਤਹਿਤ ਅੱਜ ਅੰਮ੍ਰਿਤਸਰ ਜਿਲੇ ਦੇ ਪਿੰਡ ਭੋਏਵਾਲੀ ਦੇ ਕਿਸਾਨ ਗੁਰਦੇਵ ਸਿੰਘ ਤੇ ਮਨਪ੍ਰੀਤ ਸਿੰਘ, ਰਾਣਾ ਪ੍ਰਤਾਪ ਸਿੰਘ ਅਤੇ ਸੁਖਰਾਜ ਸਿੰਘ ਨੂੰ ਪਰਾਲੀ ਨਾ ਸਾੜਨ ਲਈ ਵਿਸ਼ੇਸ਼ ਤੌਰ ’ਤੇ ਉਨਾਂ ਦੇ ਘਰ ਜਾ ਕੇ ਸਨਮਾਨਿਤ ਕੀਤਾ ਗਿਆ।ਸਹਾਇਕ ਵਾਤਾਵਰਣ ਇੰਜੀਨੀਅਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੰਨੂੰ ਵਲੋਂ ਜਾਰੀ ਕੀਤੇ ਗਏ ਪ੍ਰਸੰਸਾ ਪੱਤਰ ਵਿਚ ਉਕਤ ਕਿਸਾਨਾਂ ਦੀ ਇਸ ਗੱਲੋਂ ਹੌਸਲਾ ਅਫਜ਼ਾਈ ਕੀਤੀ ਗਈ ਹੈ ਕਿ ਉਨਾਂ ਨੇ ਪਰਾਲੀ ਨੂੰ ਬਿਨਾਂ ਕਿਸੇ ਮਸ਼ੀਨੀ ਮਦਦ ਦੇ ਤੰਗਲੀ ਨਾਲ ਖਿਲਾਰ ਕੇ ਤਵੀਆਂ ਦੀ ਮਦਦ ਨਾਲ ਹੀ ਖੇਤ ਵਿਚ ਵਾਹ ਦਿੱਤਾ।ਬੋਰਡ ਦੇ ਉਕਤ ਕਿਸਾਨਾਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਇਹ ਅਪੀਲ ਵੀ ਕੀਤੀ ਹੈ ਕਿ ਉਹ ਆਪਣੇ ਨੇੜਲੇ ਕਿਸਾਨਾਂ ਨੂੰ ਵੀ ਇਸ ਕੰਮ ਲਈ ਪ੍ਰੇਰਿਤ ਕਰਨ, ਤਾਂ ਜੋ ਪੰਜਾਬ ਦਾ ਵਾਤਾਵਰਣ ਖਰਾਬ ਨਾ ਹੋਵੇ ਅਤੇ ਜ਼ਮੀਨ ਬੰਜਰ ਨਾ ਹੋਵੇ।ਉਨਾਂ ਕਿਹਾ ਕਿ ਜੋ ਵੀ ਕਿਸਾਨ ਪਰਾਲੀ ਦੀ ਸਾਂਭ-ਸੰਭਾਲ ਲਈ ਉਪਰਾਲਾ ਕਰੇਗਾ, ਬੋਰਡ ਵੱਲੋਂ ਉਸ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।
Check Also
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ
ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …
Punjab Post Daily Online Newspaper & Print Media