Thursday, March 26, 2026

ਨਿੱਕੇ ਮੋਟੇ ਫਿਲਮੀ ਸੀਨ ‘ਤੇ ਇਤਰਾਜ਼ ਲਾਉਣ ਵਾਲੀ ਐਸ.ਜੀ.ਪੀ.ਸੀ ਲੰਗਾਹ ਦੀ ਅਸ਼ਲੀਲ ਵੀਡੀਓ `ਤੇ ਚੁੱਪ ਕਿਉਂ- ਮਾਨ

ਪਠਾਨਕੋਟ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗੁਰਦਾਸਪੁਰ ਉਪ ਚੋਣ ਲਈ ਆਮ ਆਦਮ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ (ਰਿਟਾ.) ਸੁਰੇਸ਼ PPN0210201701ਖਜੂਰੀਆ ਦੇ ਹੱਕ ਵਿਚ ਨੇੜਲੇ ਪਿੰਡ ਅਬਾਦਗੜ ਵਿਖੇ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਆਪ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਚੋਣ ਵਾਅਦੇ ਪੂਰੇ ਕਰਨ ਤੋਂ ਮੁਕਰੀ ਕਾਂਗਰਸ ਸਰਕਾਰ ਉੱਤੇ ਵਿਅੰਗ ਕਰਦਿਆਂ ਕਿਹਾ ਕਿ ਪਛਤਾਉਂਦਾ ਹੈ ਪੰਜਾਬ ਕੈਪਟਨ ਦੀ ਬਣਾਕੇ ਸਰਕਾਰ।
ਭਗਵੰਤ ਮਾਨ ਨੇ ਕਿਹਾ ਕਿ 6 ਮਹੀਨੇ ਪਹਿਲਾਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੇ ਲਿਖਤ ਰੂਪ ‘ਚ ਕੀਤੇ ਵੱਡੇ-ਵੱਡੇ ਵਾਅਦਿਆਂ ਤੋਂ ਵੱਡੀਆਂ ਉਮੀਦਾਂ ਬੰਨ ਕੇ ਕੈਪਟਨ ਦੀ ਸਰਕਾਰ ਬਣਾਈ ਸੀ ਪਰ ਅੱਜ ਪੂਰੇ ਪੰਜਾਬ ਦੇ ਲੋਕ ਕੈਪਟਨ ਸਰਕਾਰ ਤੋਂ ਪੂਰੀ ਤਰਾਂ ਨਿਰਾਸ਼ ਹੋ ਚੁੱਕੇ ਹਨ, ਕਿਉਂਕਿ ਘਰ-ਘਰ ਸਰਕਾਰੀ ਨੌਕਰੀ, 51 ਹਜ਼ਾਰ ਰੁਪਏ ਸ਼ਗਨ ਸਕੀਮ, 2500 ਰੁਪਏ ਪੈਨਸ਼ਨ ਅਤੇ ਕਿਸਾਨਾਂ ਤੇ ਖੇਤ ਮਜਦੂਰਾਂ ਦੇ ਸਾਰੇ ਕਰਜ਼ੇ ਮਾਫ਼ ਕਰਨ ਵਰਗੇ ਸਾਰੇ ਵਾਅਦਿਆਂ ਤੋਂ ਕੈਪਟਨ ਸਰਕਾਰ ਭੱਜ ਗਈ ਹੈ। ਆਮ ਜਨਤਾ ਲਈ ਕੋਈ ਵਾਅਦਾ ਪੂਰਾ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਨਹੀਂ ਕੀਤੀ।
ਪਰ ਨਜਾਇਜ਼ ਤੌਰ ‘ਤੇ ਸਰਕਾਰੀ ਕੋਠੀ ਰੱਖਣ ਕਾਰਨ ਸਾਬਕਾ ਕਾਂਗਰਸੀ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੂੰ ਲੱਗੇ 84 ਲੱਖ ਰੁਪਏ ਦੇ ਜੁਰਮਾਨੇ ਦੀ ਰਕਮ ਵਾਪਸ ਕਰਨ ਅਤੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਓਵਰਏਜ ਹੋਏ ਪੋਤੇ ਨੂੰ ਕੈਬਨਿਟ ਦੀ ਸਪੈਸ਼ਲ ਮਨਜ਼ੂਰੀ ਨਾਲ ਡੀ.ਐਸ.ਪੀ ਦੀ ਨੌਕਰੀ ਜ਼ਰੂਰ ਦੇ ਦਿੱਤੀ ਗਈ ਸੀ।
ਮਾਨ ਨੇ ਕਿਹਾ ਕਿ ਪੰਜਾਬ ‘ਚ ਅਕਾਲੀ-ਭਾਜਪਾ ਸਰਕਾਰ ਵਾਂਗੂ ਹੀ ਟਰਾਂਸਪੋਰਟ ਮਾਫ਼ੀਆ, ਡਰੱਗ ਮਾਫ਼ੀਆ,  ਰੇਤ ਮਾਫ਼ੀਆ ਅਤੇ ਕੇਬਲ ਮਾਫ਼ੀਆ ਜਾਰੀ ਹੈ।ਕੇਵਲ ਗੁੰਡਾ ਟੈਕਸ ਉਗਰਾਹੁਣ ਵਾਲੇ ਰਜਿਸਟਰ ਬਦਲੇ ਹਨ।ਪਹਿਲਾਂ ਅਕਾਲੀ-ਭਾਜਪਾ ਵਾਲਿਆਂ ਕੋਲ ਸਨ ਹੁਣ ਕਾਂਗਰਸੀਆਂ ਦੇ ਹੱਥਾਂ ‘ਚ ਆ ਗਏ ਹਨ।
ਭਾਜਪਾ ‘ਤੇ ਵਰਦਿਆਂ ਮਾਨ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਸ਼ੇਖ਼ਚਿਲੀ ਦੇ ਜੋ ਸੁਪਨੇ ਦਿਖਾਏ ਸਨ ਉਹ ਆਮ ਜਨਤਾ ਲਈ ਉਲਟਾ ਪੈ ਗਏ ਹਨ।ਮਹਿੰਗਾਈ ਘਟਣ ਦੀ ਥਾਂ ਦੁੱਗਣੀ ਹੋ ਗਈ। ਇਸ ਲਈ ਇਹਨਾਂ ਦੋਵਾਂ ਤੋਂ ਕੋਈ ਉਮੀਦ ਨਾ ਰੱਖਿਓ, ਇਹ ਆਪਸ ‘ਚ ਮਿਲੇ ਹੋਏ ਹਨ ਅਤੇ ਬਾਰੀ-ਬੰਨ ਕੇ ਲੁੱਟ ਰਹੇ ਹਨ।
ਸ਼ੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਕਾਂਡ ‘ਤੇ ਟਿੱਪਣੀ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਹੁਣ ਅਕਾਲੀ ਦਲ ਪਹਿਲਾਂ ਵਰਗੀ ਸੱਚੇ-ਸੁੱਚੇ ਕਿਰਦਾਰ ਵਾਲੀ ਪਾਰਟੀ ਨਹੀਂ ਰਹੀ। ਇਹ ਬਾਦਲਾਂ ਦੀ ਪ੍ਰਾਈਵੇਟ ਕੰਪਨੀ ਹੈ ਅਤੇ ਲੰਗਾਹ ਵਰਗੇ ਲੋਕ ਇਸ ਦੇ ਅਖੌਤੀ ਜਥੇਦਾਰ ਹਨ।ਸ਼੍ਰੋਮਣੀ ਕਮੇਟੀ `ਤੇ ਨਿਸ਼ਾਨਾ ਬੰਨਦਿਆਂ ਮਾਨ ਨੇ ਕਿਹਾ ਕਿ ਫਿਲਮਾਂ ਵਾਲਿਆਂ ਨੂੰ ਹਰ ਨਿੱਕੇ ਮੋਟੇ ਸੀਨ ‘ਤੇ ਇਤਰਾਜ਼ ਲਾ ਕੇ ਤਲਬ ਕਰਨ ਵਾਲੀ ਐਸ.ਜੀ.ਪੀ.ਸੀ ਨੇ ਹੁਣ ਲੰਗਾਹ ਦੀ ਅਸ਼ਲੀਲ ਫਿਲਮ ਉੱਪਰ ਚੁੱਪੀ ਕਿਉਂ ਧਾਰੀ ਹੋਈ ਹੈ।ਜਦਕਿ ਲੰਗਾਹ ਐਸ.ਜੀ.ਪੀ.ਸੀ ਮੈਂਬਰ ਅਤੇ ਧਰਮ ਪ੍ਰਚਾਰ ਕਮੇਟੀ ਦਾ ਪ੍ਰਮੁੱਖ ਥਾਪਿਆ ਹੋਇਆ ਹੈ। ਮਾਨ ਨੇ ਕਿਹਾ ਕਿ ਧਰਮ ਦੀ ਆੜ ‘ਚ ਸਿਆਸੀ ਧੰਦਾ ਕਰਨ ਵਾਲੇ ਬਾਦਲਾਂ ਨੂੰ ਲੋਕ ਇਹਨਾਂ ਚੋਣਾਂ ‘ਚ ਸਖ਼ਤ ਸਜਾ ਦੇਣ।
ਇਸ ਮੌਕੇ ਆਪ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਜਿਲਾ ਪ੍ਰਧਾਨ ਰਵਿੰਦਰ ਭੱਲਾ, ਸੁਖਦੀਪ ਸਿੰਘ ਸੁੱਖੀ, ਗੁਰਦਿਆਲ ਸਿੰਘ ਸੈਣੀ, ਸੌਰਵ ਬਹਿਲ, ਸੁਭਾਸ ਵਰਮਾ, ਦੇਸ ਰਾਜ ਅਤੇ ਹੋਰ ਸਥਾਨਕ ਆਗੂ ਮੌਜੂਦ ਸਨ।

Check Also

26ਵੇਂ ਰਾਸ਼ਟਰੀ ਰੰਗਮੰਚ ਉਸਤਵ ਦੇ ਪੰਜਵੇਂ ਦਿਨ ਨਾਟਕ ‘ਆਪ ਹਮਾਰੇ ਹੈ ਕੌਨ’ ਦਾ ਮੰਚਣ

ਅੰਮ੍ਰਿਤਸਰ, 25 ਮਾਰਚ (ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਉਤਰੀ ਜ਼ੋਨ ਕਲਚਰਲ ਸੈਂਟਰ ਪਟਿਆਲਾ …

Leave a Reply