ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਇਕਨਾਮਿਕਸ ਵੱਲੋਂ ਸਵੱਛ
ਭਾਰਤ ਅਭਿਆਨ ਕਰਵਾਇਆ ਗਿਆ।ਪ੍ਰੋ. ਸਰਬਜੋਤ ਸਿੰਘ ਬਹਿਲ, ਡੀਨ ਵਿਦਿਆਰਥੀ ਭਲਾਈ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਸਕੂਲ ਦੇ ਮੁਖੀ, ਪ੍ਰੋ. ਪਰਮਜੀਤ ਨੰਦਾ ਨੇ ਮੁੱਖ ਮਹਿਮਾਨ ਅਤੇ ਹੋਰ ਸਾਰਿਆਂ ਨੂੰ ਜੀ ਆਇਆ ਆਖਿਆ ਅਤੇ ਪ੍ਰੋ. ਪਰਮਿੰਦਰ ਸਿੰਘ ਨੇ ਮੁੱਖ ਮਹਿਮਾਨ ਬਾਰੇ ਜਾਣਕਾਰੀ ਦਿੱਤੀ।
ਇਹ ਅਭਿਆਨ ਸਕੂਲ ਵੱਲੋਂ 2014 ਤੋਂ ਹਰ ਸਾਲ ਚਲਾਇਆ ਜਾਂਦਾ ਹੈ ਅਤੇ ਇਹ ਇਸ ਲੜੀ ਦਾ ਚੌਥਾ ਪ੍ਰੋਗਰਾਮ ਸੀ। ਪਹਿਲੇ ਅਭਿਆਨ ਵਿਚ ਅਧਿਆਪਨ ਤੇ ਗੈਰ ਅਧਿਆਪਨ ਅਮਲੇ ਵੱਲੋਂ ਸਫਾਈ ਦੀ ਸਹੁੰ ਚੁੱਕੀ ਗਈ ਅਤੇ ਸਕੂਲ ਦੇ ਫਰਸ਼ ਦੀ ਸਫਾਈ ਕੀਤੀ ਗਈ।ਦੂਜੇ ਵਰ੍ਹੇ ਇੰਟਰ-ਕਲਾਸ ਸਫਾਈ ਮੁਕਾਬਲੇ ਕਰਵਾਏ ਗਏ ਅਤੇ ਤੀਜੇ ਸਾਲ ਸਕੂਲ ਦੇ ਫਿਜ਼ੀਕਲ ਢਾਂਚੇ ਦੀ ਸਫਾਈ ਸਬੰਧੀ ਮੁਕਾਬਲਾ ਅਤੇ ਸਵੱਛ ਭਾਰਤ ‘ਤੇ ਇੰਟਰ-ਕਲਾਸ ਪਾਵਰ ਪੁਆਇੰਟ ਪੇਸ਼ਕਾਰੀ ਕਰਵਾਈ ਗਈ।ਇਸੇ ਤਰ੍ਹਾਂ ਹੁਣ ਯਾਨੀ ਚੌਥੇ ਅਭਿਆਨ ਵਿਚ ਆਲੇ ਦੁਆਲੇ ਦੀ ਸਫਾਈ, ਇੰਟਰ ਕਲਾਸ ਸਫਾਈ, ਪੇਪਰ ਪੇਸ਼ਕਾਰੀ ਮੁਕਾਬਲੇ ਅਤੇ ਪੌਦੇ ਲਗਾਉਣ ਸਬੰਧੀ ਕਾਰਜ ਕੀਤੇ ਗਏ।
ਸਫਾਈ ਮੁਕਾਬਲੇ ਵਿਚ ਬੀ.ਐਸ.ਸੀ. ਸਮੈਸਟਰ ਪਹਿਲਾ ਨੇ ਪਹਿਲਾ ਸਥਾਨ ਹਾਸਲ ਕਰਦੇ ਹੋਏ ਟਰਾਫੀ ਹਾਸਲ ਕੀਤੀ ਅਤੇ ਬੀ.ਐਸ.ਸੀ. ਸਮੈਸਟਰ ਤੀਜਾ ਪੇਪਰ ਪੇਸ਼ਕਾਰੀ ਵਿਚ ਪਹਿਲੇ ਸਥਾਨ ‘ਤੇ ਰਿਹਾ।ਪ੍ਰੋ. ਬਹਿਲ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਉਨ੍ਹਾਂ ਨੂੰ ਇਨਾਮ ਪ੍ਰਦਾਨ ਕੀਤੇ।ਡਾ. ਬਲਜੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਪ੍ਰੋ. ਕੁਲਦੀਪ ਕੌਰ, ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ, ਡਾ. ਨੀਨਾ, ਡਾ. ਬਲਜੀਤ ਕੌਰ, ਡਾ. ਸਵਾਤੀ ਮਹਿਤਾ ਅਤੇ ਡਾ. ਰੀਮਾ ਸ਼ਰਮਾ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media