ਬਠਿੰਡਾ, 23 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -‘‘ਕਵੀ ਕੌਮ ਦਾ ਕੀਮਤੀ ਸਰਮਾਇਆ ਹਨ ਇਨਾਂ ਨੂੰ ਉਤਸ਼ਾਹਤ ਕਰਨਾ ਸਾਡੇ ਜ਼ਰੂਰੀ ਫਰਜ਼ਾਂ ਵਿਚੋਂ
ਅਹਿਮ ਹੈ।ਕਵਿਤਾ ਵਿਚ ਲਿਖੀ ਹੋਈ ਗੱਲ ਵਾਰਤਕ ਨਾਲੋਂ ਵੱਧ ਅਸਰ ਕਰਦੀ ਹੈ।ਪੰਥਕ ਕਵੀਆਂ, ਕਵੀਸ਼ਰਾਂ ਤੇ ਗੁਰਮਤਿ ਨੂੰ ਸਮਰਪਿਤ ਨੂੰ ਉਤਸ਼ਾਹਤ ਕਰਨਾ ਸਾਡਾ ਸਾਰਿਆਂ ਦਾ ਮੁਢਲਾ ਫਰਜ਼ ਹੈ ਅਤੇ ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਕੌਮੀ ਪੱਧਰ ਤੇ ਇਸ ਸਬੰਧੀ ਹੋਰ ਸਾਰਥਕ ਕਾਰਜ ਕ੍ਰਮ ਉਲੀਕੇ ਜਾਣਗੇ, ‘ਇਹ ਸ਼ਬਦ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਭਾਸ਼ਾਵਾਂ ਸਾਹਿਤ ਤੇ ਸਭਿਆਚਾਰਕ ਮਾਮਲੇ ਕੌਂਸਲ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਆਯੋਜਿਤ 52 ਕਵੀਆਂ ਦੇ ਕਵੀ ਦਰਬਾਰ ਨੂੰ ਸੰਬੋਧਨ ਕਰਦਿਆਂ ਕਹੇ।ਉਨਾਂ ਕਿਹਾ ਕਿ ਗੁਰਮਤਿ ਪ੍ਰੰਪਰਾ ਨੂੰ ਸਮਰਪਿਤ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਉਭਰਦੇ ਨੌਜਵਾਨ ਕਵੀ ਅਤੇ ਕਵਿਤਰੀਆਂ ਤਿਆਰ ਕਰਨ ਦੀ ਜੋ ਸੇਵਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਆਰੰਭ ਕੀਤੀ ਗਈ ਹੈ।ਇਹ ਅਤਿ ਸਲਾਹੁਣਯੋਗ ਹੈ।ਇਸ ਸਮੇਂ ਪੰਜਾਬ, ਹਰਿਆਣਾ, ਚੰਡੀਗੜ, ਜੰਮੂ, ਰਾਜਸਥਾਨ, ਹਿਮਾਚਲ, ਉਤਰ ਪ੍ਰਦੇਸ਼, ਉਤਰਾਖੰਡ, ਬਿਹਾਰ ਤੋਂ ਪਹੁੰਚੇ ਉਭਰਦੇ ਨੌਜਵਾਨ 70 ਕਵੀਆਂ ਨੇ ਜੈਕਾਰਿਆਂ ਦੀ ਗੂੰਜ ਵਿਚ ਆਪਣੀਆਂ ਮੌਲਿਕ ਰਚਨਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਇਤਿਹਾਸਕ ਕਵੀ ਦਰਬਾਰ ਵਿਚ ਪੁੱਜੇ ਕਵੀਆਂ ਨੂੰ ਸੰਬੋਧਨ ਕਰਦੇ ਹੋਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਬੜਾ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਚਲਾਈ ਹੋਈ ਕਾਵਿ ਪ੍ਰੰਪਰਾ ਨੂੰ ਹੋਰ ਬਲ ਮਿਲਿਆ ਹੈ।ਇਸ ਮੋਕੇ ਤੇ ਪੁਸਤਕ ‘ਵਾਰਸ ਵਿਰਸੇ ਦੇ‘ ਅਤੇ ਸੋਵੀਨਰ ਵੀ ਰਿਲੀਜ਼ ਕੀਤਾ ਗਿਆ।ਪਿ੍ਰੰ. ਰਾਮ ਸਿੰਘ ਸਰਪ੍ਰਸਤ ਨੇ ਸਾਰੇ ਕਵੀਆਂ ਨੂੰ ਪ੍ਰਣ ਕਰਵਾਇਆ ਕਿ ਉਹ ਸਮਾਜਿਕ ਕੁਰੀਤੀਆਂ, ਮਾਨਵੀ ਪੀੜਾਂ ਖ਼ਤਮ ਕਰਨ ਅਤੇ ਸੱਚੀ ਸੁੱਚੀ ਸਿੱਖੀ ਦੇ ਸੰਚਾਰ ਲਈ ਤਤਪਰ ਰਹਿਣਗੇ।ਜਤਿੰਦਰਪਾਲ ਸਿੰਘ ਸਕੱਤਰ ਜਨਰਲ ਅਤੇ ਇੰਦਰਪਾਲ ਸਿੰਘ ਚੀਫ਼ ਕੋਲੈਬੋਰੇਟਰ ਹੁਰਾਂ ਸਾਰੇ ਕਵੀਆਂ ਤੇ ਸੰਗਤਾਂ ਨੂੰ `ਜੀ ਆਇਆਂ` ਕਿਹਾ ਅਤੇ ਦੱਸਿਆ ਕਿ ਸਟੱਡੀ ਸਰਕਲ ਵਲੋਂ ਅੱਗੋਂ ਵੀ ਨਵੇਂ ਕਵੀਆਂ ਦੀ ਤਿਆਰੀ ਲਈ ਆਰੰਭੇ ਉਦਮ ਨਿਰੰਤਰ ਚੱਲਦੇ ਰਹਿਣਗੇ ਅਤੇ ਕਵੀਆਂ ਦੀ ਪ੍ਰਫੁੱਲਤਾ ਲਈ ਹੋਰ ਵਿਸ਼ੇਸ਼ ਉੱਦਮ ਕੀਤੇ ਜਾਣਗੇ।ਇਸ ਸਮੇਂ ਪ੍ਰਧਾਨ ਸ਼੍ਰੋਮਣੀ ਗੁ: ਪ੍ਰੰ: ਕਮੇਟੀ ਅਤੇ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਆਏ ਹੋਏ ਕਵੀ ਸਾਹਿਬਾਨ ਨੂੰ ਮੋਮੈਂਟੋ ਅਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ।ਪੰਥਕ ਕਵੀ ਡਾ: ਹਰੀ ਸਿੰਘ ਜਾਚਕ ਐਡੀਸ਼ਨਲ ਚੀਫ਼ ਸਕੱਤਰ (ਭਾਸ਼ਾਵਾਂ) ਅਤੇ ਕਨਵੀਨਰ ਕਵੀ ਦਰਬਾਰ ਨੇ ਸਟੇਜ ਸਕੱਤਰ ਵਜੋਂ ਸੇਵਾ ਨਿਭਾਈ।ਪ੍ਰੋ: ਗੁਰਪ੍ਰੀਤ ਸਿੰਘ, ਪ੍ਰਬੰਧਕੀ ਕਨਵੀਨਰ ਅਤ ਪਰਮਿੰਦਰ ਸਿੰਘ ਇੰਚਾਰਜ ਮੀਡੀਆ ਸੈਲ ਨੇ ਆਏ ਹੋਏ ਕਵੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।ਸਮਾਗਮ ਦੀ ਰਿਕਾਰਡਿੰਗ ਟੀ.ਵੀ `ਤੇ ਕੀਤੀ ਗਈ ਅਤੇ ਫਰੀਦਕੋਟ-ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਜੋਨ ਫੇਸ ਬੁੱਕ `ਤੇ ਲਾਈਵ ਚਲਾਇਆ ਗਿਆ।
ਇਸ ਸਮੇਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਰਪ੍ਰਸਤ ਪਿ੍ਰੰ. ਰਾਮ ਸਿੰਘ ਚੇਅਰਮੈਨ ਪ੍ਰਤਾਪ ਸਿੰਘ, ਸਕੱਤਰ ਜਨਰਲ, ਜਤਿੰਦਰਪਾਲ ਸਿੰਘ ਚੀਫ਼ ਕੈਲਬੋਰੇਟਰ ਇੰਦਰਪਾਲ ਸਿੰਘ ਚੀਫ਼ ਆਰਗੇਨਾਈਜ਼ਰ ਬਰਜਿੰਦਰਪਾਲ ਸਿੰਘ, ਡਾ. ਬਲਵਿੰਦਰਪਾਲ ਸਿੰਘ, ਜਗਦੀਸ਼ ਸਿੰਘ ਬੱਡੋਂ, ਡਾ. ਅਵੀਨਿੰਦਰਪਾਲ ਸਿੰਘ, ਰਾਜਵਿੰਦਰ ਸਿੰਘ ਦਿੱਲੀ, ਸੁਰਿੰਦਰਪਾਲ ਸਿੰਘ ਸਿਦਕੀ, ਇੰਜ: ਕਰਮਜੀਤ ਸਿੰਘ ਨੂਰ, ਗੁਰਦਿਆਲ ਸਿੰਘ ਨਿਮਰ, ਅਮਰ ਸੂਫੀ, ਸਤਨਾਮ ਸਿੰਘ ਕੋਮਲ, ਸੁਰਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਕਮੇਟੀ, ਕਰਨ ਸਿੰਘ ਮੈਨੇਜਰ ਤਖ਼ਤ ਸਾਹਿਬ, ਭਾਈ ਗੁਰਜੰਟ ਸਿੰਘ ਹੈਡ ਗਰੰਥੀ, ਜਸਵਿੰਦਰ ਸਿੰਘ ਜੈਤੋਂ ਅਤੇ ਬਲਵੰਤ ਸਿੰਘ ਬਠਿੰਡਾ, ਜਥੇਦਾਰ ਬਲਵੰਤ ਸਿੰਘ ਚੰਗਾਲ ਅਤੇ ਹੋਰ ਪਤਵੰਤੇ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media