
ਅੰਮ੍ਰਿਤਸਰ, 19 ਜੁਲਾਈ ( ਪੰਜਾਬ ਪੋਸਟ ਬਿਊਰੋ) – ਸਿੱਖ ਨੌਜੁਆਨ ਬੱਚੇ-ਬੱਚੀਆਂ “ਸਿੰਘ ਤੇ ਕੌਰ” ਸ਼ਬਦ ਦੀ ਪ੍ਰੀਭਾਸ਼ਾ ਨੂੰ ਸਮਝਣ ਤਾਂ ਜੋ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਕੌਮ ਨੂੰ ਬਖਸ਼ੇ ਇਹ ਦੋਵੇ ਅਨਮੋਲ ਸ਼ਬਦਾਂ ਦਾ ਸਤਿਕਾਰ ਬਣਿਆ ਰਹੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੰਵਰਬੀਰ ਸਿੰਘ (ਅੰਮ੍ਰਿਤਸਰ) ਪ੍ਰਧਾਨ ਆਈ.ਐਸ.ਓ ਅੰਮ੍ਰਿਤਸਰ, ਮੈਂਬਰ ਜੇਲ੍ਹ ਬੋਰਡ ਪੰਜਾਬ ਨੇ ਕੀਤਾ। ਉਹਨਾਂ ਕਿਹਾ ਕਿ ਸਿੰਘ, ਕੌਰ ਸ਼ਬਦ ਦਾ ਪਿਛਲੇ ਲੰਮੇ ਸਮੇਂ ਤੋਂ ਨਿਰਾਦਰ ਹੋ ਰਿਹਾ ਹੈ ਅਤੇ ਨੌਜਵਾਨ ਸਿੱਖ ਬੱਚੇ-ਬੱਚੀਆਂ ਇਹਨਾਂ ਦੋਵਾਂ ਮਹਾਨ ਸ਼ਬਦਾਂ ਨੂੰ ਤੋੜਨ-ਮਰੋੜਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ, ਕੁੱਝ ਲੋਕ ਤਾਂ ਝੂਠੀ ਸ਼ੋਹਰਤ ਦੀ ਖਾਤਰ ਇਸ ਦਾ ਨਿਰਾਦਰ ਕਰ ਰਹੇ ਹਨ ਅਤੇ ਆਪਣੇ ਸਬੰਧਤ ਨਾਮ ਦੇ ਨਾਲ ਸਿੰਘ ਤੇ ਕੌਰ ਸ਼ਬਦ ਲਗਾਉਣਾ ਸ਼ਾਇਦ ਉਹ ਆਪਣੀ ਸ਼ਾਨ ਦੇ ਖਿਲਾਫ ਸਮਝਣ ਲਗ ਪਏ ਹਨ।
ਕੰਵਰਬੀਰ ਸਿੰਘ ਨੇ ਕਿਹਾ ਕਿ ਇਹਨਾਂ ਦੋਵੇ ਸ਼ਬਦਾਂ ਦੀ ਇੰਨੀ ਵੱਡੀ ਮਹਾਨਤਾ ਹੈ ਕਿ ਲਫਜ਼ ਖਤਮ ਹੋ ਜਾਣਗੇ, ਪਰ ਇਸਦੀ ਮਹਾਨਤਾ ਨਹੀਂ ਖਤਮ ਹੋਵੇਗੀ।ਖਾਸ ਕਰਕੇ ਪੰਜਾਬੀ ਲੇਖਕਾਂ, ਗੀਤਕਾਰਾਂ, ਗਾਇਕਾਂ ਤੇ ਪੰਜਾਬੀ ਫਿਲਮੀ ਕਲਾਕਾਰਾਂ ਨੇ ਤਾਂ ਹੱਦ ਕਰ ਦਿਤੀ ਹੈ। ਹਰ ਕੋਈ ਆਪਣੇ ਨਾਮ ਨਾਲ ਸਿੰਘ ਤੇ ਕੌਰ ਸ਼ਬਦ ਨੂੰ ਪੂਰੀ ਤਰਾਂ ਹਟਾ ਕਿ ਜਾਂ ਤੋੜ ਮਰੋੜ ਕਿ ਆਪਣਾ ਨਾਮ ਪੇਸ਼ ਕਰ ਰਿਹਾ ਹੈ। ਕੁੱਝ ਕੁ ਨੂੰ ਛੱਡ ਇਹਨਾਂ ਦੇ ਪਾਏ ਹੋਏ ਪੈਡਿਆਂ ਤੇ ਅੱਜ ਹਰ ਕੋਈ ਸ਼ੋਕ ਨਾਲ ਚੱਲ ਰਿਹਾ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਅੱਜ ਕੱਲ ਜਿਥੇ ਨੌਜਵਾਨ ਆਪਣੇ ਕੇਸਾਂ ਨੂੰ ਕਟਵਾ ਕਿ ਅਪਣੀ ਪਹਿਚਾਨ ਪਹਿਲਾਂ ਹੀ ਗੁਆ ਰਹੇ ਹਨ। ਉਥੇ ਰਹਿੰਦੀ ਖੁੰਦੀ ਕਸਰ ਇਹ ਆਪਣੇ ਨਾਮ ਨਾਲ ਲੱਗਦੇ ਸਿੰਘ/ਕੌਰ ਸ਼ਬਦ ਨੂੰ ਹਟਾ ਕੇ ਪੂਰੀ ਤਰ੍ਹਾਂ ਸਿੰਘ ਕੌਮ ਦੀ ਪਹਿਚਾਣ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੰਵਰਬੀਰ ਸਿੰਘ ਨੇ ਕਿਹਾ ਕਿ ਇਹਨਾਂ ਦੋਵੇ ਸ਼ਬਦਾਂ ਨੂੰ ਆਪਣੇ ਨਾਲ ਨਾਲ ਜੁੜਿਆਂ ਰੱਖਣ ਲਈ ਪੁਰਾਤਨ ਸਿੰਘਾਂ ਸਿੰਘਣੀਆਂ ਨੇ ਆਪਣੇ ਬੰਦ ਬੰਦ ਕੱਟਾ ਦਿਤੇ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕਿ ਝੋਲੀਆਂ ਵਿੱਚ ਪਵਾਏ, ਕਿਉਂਕਿ ਉਹ ਮੁਸਲਮਾਨ ਨਹੀਂ ਬਣਨਾ ਚਾਹੁੰਦੇ ਸਨ। ਹਰ ਸਿੱਖ ਤੇ ਬੀਬੀ ਦੀ ਅਸਲ ਪਹਿਚਾਣ ਇਹ ਦੋਵੇ ਸ਼ਬਦ ਹੀ ਮੂਲ ਰੂਪ ਵਿਚ ਕਰਵਾਉਂਦੇ ਹਨ। ਜਿਸ ਤੋਂ ਹਰ ਕਿਸੇ ਨੂੰ ਪਤਾ ਚੱਲਦਾ ਹੈ ਕਿ ਇਹ ਬੰਦਾ ਤੇ ਬੀਬੀ ਸਿੱਖ ਧਰਮ ਨਾਲ ਸਬੰਧ ਰੱਖਣ ਵਾਲੇ ਹਨ। ਕੰਵਰਬੀਰ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾਲਾਂ ਨੂੰ ਮੁਸਲਮਾਨ ਬਣਾਉਣ ਲਈ ਅਨੇਕਾ ਲਾਲਚ ਦਿੱਤੇ ਗਏ ਪਰ ਉਹਨਾਂ ਕਿਹਾ ਕਿ ਅਸੀਂ ਆਪਣੇ ਸਿੱਖ ਧਰਮ ਨੂੰ ਕਦੇ ਨਹੀਂ ਵਿਸਾਰ ਸਕਦੇ।ਇਸੇ ਧਰਮ ਨੂੰ ਬਚਾਉਣ ਲਈ ਉਹਨਾਂ ਆਪਣੀਆਂ ਸ਼ਹੀਦੀਆਂ ਵੀ ਦਿੱਤੀਆਂ। ਅੱਜ ਅਸੀਂ ਉਹਨਾਂ ਸਮੂਹ ਸ਼ਹੀਦਾਂ ਦੇ ਗੁਨਹਾਗਾਰ ਹੋਵਾਂਗੇ ਜੇ ਅਸੀਂ ਸਿੰਘ/ਕੌਰ ਸ਼ਬਦ ਨੂੰ ਆਪਣੇ ਨਾਮ ਨਾਲੋ ਹਟਾ ਕੇ ਜਾਂ ਤੋੜ ਮਰੋੜ ਕੇ ਪੇਸ਼ ਕਰਾਂਗੇ।ਇਸ ਲਈ ਸਾਡੀ ਸਾਰੀਆਂ ਨੂੰ ਅਪੀਲ ਹੈ ਕਿ ਆਪਣੀ ਝੂਠੀ ਸ਼ਾਨ ਨੂੰ ਬਚਾਉਣ ਦੀ ਖਾਤਿਰ ਆਪਣੀ ਅਸਲ ਪਹਿਚਾਣ ਨਾ ਗਵਾ ਬੈਠਿਓ ਨਹੀਂ ਤਾਂ ਸਮਾਂ ਬੀਤਣ ਉਪਰੰਤ ਇਸ ਦਾ ਅਫਸੋਸ ਹੋਵੇਗਾ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media