Monday, March 16, 2026

ਯੂਨੀਵਰਸਿਟੀ ਵਿਖੇ ਐਮ.ਵਾਈ.ਏ.ਐਸ- ਜੀ.ਐਨ.ਡੀ.ਯੂ ਸੈਂਟਰ ਫਾਰ ਸਪੋਰਟਸ ਸਾਇੰਸਜ਼ ਦੀ ਹੋਵੇਗੀ ਸਥਾਪਨਾ

PPN2410201711ਅੰਮ੍ਰਿਤਸਰ, 24 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਮਨਿਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ ਵੱਲੋਂ ਐਮ.ਵਾਈ.ਏ.ਐਸ-ਜੀ.ਐਨ.ਡੀ.ਯੂ. ਸੈਂਟਰ ਫਾਰ ਸਪੋਰਟਸ ਸਾਇੰਸਜ਼ ਦੀ ਸਥਾਪਨਾ ਕੀਤੀ ਜਾਵੇਗੀ। ਇਸ ਕਾਰਜ ਲਈ ਮਨਿਸਟਰੀ ਵੱਲੋਂ ਪੰਜ ਸਾਲਾਂ ਦੇ ਅਰਸੇ ਦੌਰਾਨ 25 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਇਹ ਇਕਲੌਤਾ ਸੈਂਟਰ ਹੈ ਜਿਹੜਾ ਕਿ ਐਮ.ਵਾਈ.ਏ.ਐਸ ਵੱਲੋਂ ਮਨਿਸਟਰੀ ਦੇ ਬਾਹਰ ਸਥਾਪਤ ਕੀਤਾ ਗਿਆ ਹੈ। ਇਹ ਭਾਰਤ ਵਿਚ ਦੂਜਾ ਕੇਂਦਰ ਹੈ ਅਤੇ ਪਹਿਲਾ ਗਵਾਲੀਅਰ ਵਿਖੇ ਕਾਰਜਸ਼ੀਲ ਹੈ। ਇਸ ਤੋਂ ਇਲਾਵਾ ਪਰਸ ਸਕੀਮ ਅਧੀਨ ਡੀ.ਐਸ.ਟੀ. ਵੱਲੋਂ 6 ਕਰੋੜ ਅਤੇ ਰਾਸ਼ਟਰੀ ਉਚਤਰ ਸਿਕਸ਼ਾ ਅਭਿਆਨ ਵੱਲੋਂ 4 ਕਰੋੜ ਰੁਪਏ ਦੀ ਗ੍ਰਾਂਟਾਂ ਪ੍ਰਾਪਤ ਹੋਈਆਂ ਹਨ।
ਇਹ ਜਾਣਕਾਰੀ ਵਾਈਸ-ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਅੱਜ ਇਥੇ ਯੂਨੀਵਰਸਿਟੀ ਦੇ ਸਿੰਡੀਕੇਟ ਰੂਮ ਵਿਖੇ ਪੱਤਰਕਾਰਾਂ ਨਾਲ ਯੂਨੀਵਰਸਿਟੀ ਵੱਲੋਂ ਕੀਤੇ ਕਾਰਜ, ਪ੍ਰਾਪਤੀਆਂ ਅਤੇ ਸੰਭਾਵੀ ਯੋਜਨਾਵਾਂ ਬਾਰੇ ਇਕ ਵਿਸ਼ੇਸ਼ ਇਕੱਤਰਤਾ ਕੀਤੀ। ਇਸ ਮੌਕੇ ਵੱਖ-ਵੱਖ ਅਖਬਾਰਾਂ ਅਤੇ ਇਲੈਕਟ੍ਰੌਨਿਕ ਮੀਡੀਆ ਦੇ ਨੁਮਾਂਇੰਦਿਆਂ ਤੋਂ ਇਲਾਵਾ ਯੂਨੀਵਰਸਿਟੀ ਦੇ ਡੀਨ, ਅਕਾਦਮਿਕ ਮਾਮਲੇ, ਪ੍ਰੋ. ਕਮਲਜੀਤ ਸਿੰਘ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਅਤੇ ਪ੍ਰੋ. ਸਵਪਨਦੀਪ ਸਿੰਘ ਚਿਮਨੀ, ਪ੍ਰੋਫੈਸਰ ਇੰਚਾਰਜ, ਲੋਕ ਸੰਪਰਕ ਹਾਜ਼ਰ ਸਨ।
ਵਾਈਸ-ਚਾਂਸਲਰ ਨੇ ਦੱਸਿਆ ਕਿ ਯੂਨੀਵਰਸਿਟੀ ਨੂੰ 24 ਨਵੰਬਰ, 2017 ਨੂੰ ਯੂਨੀਵਰਸਿਟੀ ਦੇ ਮਨਾਏ ਜਾ ਰਹੇ 48ਵੇਂ ਸਥਾਪਨਾ ਦਿਵਸ ਮੌਕੇ ਪ੍ਰਸਿੱਧ ਵਿਦਵਾਨ ਸਖਸ਼ੀਅਤਾਂ ਯੂ.ਜੀ.ਸੀ. ਦੇ ਚੇਅਰਮੈਨ, ਡਾ. ਵੀ.ਐਸ. ਚੌਹਾਨ, ਐਸ.ਐਮ.ਵੀ.ਡੀ. ਯੂਨੀਵਰਸਿਟੀ ਕਟੜਾ, ਜੰਮੂ ਦੇ ਸਾਬਕਾ ਵਾਈਸ-ਚਾਂਸਲਰ ਪ੍ਰੋ. ਆਰ.ਐਨ.ਕੇ. ਬਾਮੇਜ਼ੇਈ ਅਤੇ ਸ਼੍ਰੀ ਚਿਰੰਜੀਵ ਸਿੰਘ, ਆਈ.ਏ.ਐਸ. ਮੁੁੱਖ ਭਾਸ਼ਣ ਦੇਣਗੇ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿਚ ਆਈ.ਆਈ.ਟੀ. ਖੜਗਪੁਰ ਦੇ ਡਾਇਰੈਕਟਰ ਡਾ. ਪਾਰਥਾ ਪ੍ਰਾਤਿਮ ਚਕਰਬਰਤੀ ਅਤੇ ਏ.ਆਈ.ਸੀ.ਟੀ.ਈ. ਦੇ ਚੇਅਰਮੈਨ, ਡਾ. ਅਨਿਲ ਸਹਾਰਾਬੁਦੇ ਜਿਹੀਆਂ ਪ੍ਰਸਿੱਧ ਸ਼ਖਸੀਅਤਾਂ ਵੱਲੋਂ ਵੀ ਭਾਸ਼ਣ ਦਿੱਤੇ ਜਾਣਗੇ ਤਾਂ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲਾਭ ਮਿਲ ਸਕੇ।
ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿਚ ਹੋਰ ਵਧੀਆ ਵਾਤਾਵਰਣ ਦੇਣ ਲਈ ‘ਲੈਟਸ ਰੌਕ ਐਕਟੀਵਿਟੀ ਕਲੱਬ’ ਅਧੀਨ ਵੱਖ-ਵੱਖ 12 ਸੋਸ਼ਲ ਕਲੱਬਾਂ ਦੀ ਸਥਾਪਨਾ ਕੀਤੀ ਗਈ ਹੈ। ਇਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਅਨੁਸਾਰ ਮੈਂਬਰਸ਼ਿਪ ਦੇਣਾ ਅਤੇ ਛੁੱਟੀਆਂ ਦੌਰਾਨ ਯੂਨੀਵਰਸਿਟੀ ਕੈਂਪਸ ਵਿਖੇ ਯੁਵਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ ਤਾਂ ਜੋ ਵਿਦਿਆਰਥੀਆਂ ਦਾ ਬਹੁਪੱਖੀ ਵਿਕਾਸ ਹੋ ਸਕੇ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨੂੰ ਪ੍ਰਗਟਾਉਣ ਦਾ ਮੌਕਾ ਮਿਲ ਸਕੇ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਮਿਆਰੀ ਅਤੇ ਸਿਖਿਆਦਾਇਕ ਮਨੋਰੰਜਨ ਲਈ ਮੂਵੀ ਕਲੱਬ ਵੀ ਗਠਿਤ ਕੀਤਾ ਗਿਆ ਹੈ ਜਿਸ ਵਿਚ ਵਿਦਿਆਰਥੀਆਂ ਨੂੰ ਮਿਆਰੀ ਫਿਲਮਾਂ ਵਿਖਾਈਆਂ ਜਾਣਗੀਆਂ। ਇਸੇ ਤਰ੍ਹਾਂ ਅੰਤਰਰਾਸ਼ਟਰੀ ਪੱਧਰ ਦੇ ਸਪਿਕ ਮੈਕੇ ਅਦਾਰੇ ਵੱਲੋਂ ਅੰਤਰਰਾਸ਼ਟਰੀ ਪੱਧਰ ਦੇ ਕਲਾਕਾਰਾਂ ਦੀ ਪੇਸ਼ਕਾਰੀ ਕਰਵਾਈ ਜਾਵੇਗੀ। ਯੂਨੀਵਰਸਿਟੀ ਰਿਜ਼ਨਲ ਕੈਂਪਸ ਦੇ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਇੰਟਰਵਿਊ ਮੌਕੇ ਸ਼ਿਸ਼ਟਾਚਾਰ ਅਤੇ ਪਹਿਰਾਵੇ ਸਬੰਧੀ ਛੋਟੀਆਂ ਛੋਟੀਆਂ ਵੀਡੀਓ ਬਣਾਏ ਗਏ ਹਨ ਜੋ ਕਿ ਵਿਦਿਆਰਥੀਆਂ ਨੂੰ ਇੰਟਰਵਿਊ ਅਤੇ ਰੋਜ਼ਮਰਾ ਜ਼ਿੰਦਗੀ ਲਈ ਦਿਸ਼ਾ ਨਿਰਦੇਸ਼ ਦੇ ਸਕਣ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਲਈ ਨੋਟਿਸ ਬੋਰਡ ਰੂਪ ਵਿਚ “ਸਟੂਡੈਂਟ ਵਾਲ” ਬਣਾਈ ਗਈ ਹੈ ਜਿਸ ਜ਼ਰੀਏ ਉਹ ਆਪਣੀਆਂ ਜ਼ਰੂਰਤਾਂ, ਖਰੀਦੋ ਫਰੋਖਤ ਆਦਿ ਬਾਰੇ ਜਾਣਕਾਰੀ ਦੇ ਸਕਣਗੇ। ਇਸ ਤੋਂ ਇਲਾਵਾ ਬੀਤੇ ਦਿਨਾਂ ਦੌਰਾਨ ਅਧਿਆਪਕਾਂ ਦੀ ਤਰੱਕੀ, ਇੰਡਕਸ਼ਨ ਕੋਰਸ, ਫੈਕਲਟੀ ਕਲੱਬ ਨੂੰ ਮੁੜ ਸ਼ੁਰੂ ਕਰਨਾ ਤੋਂ ਇਲਾਵਾ ਸੈਂਟਰ ਸਰਕਾਰ ਹੈਲਥ ਸਕੀਮ ਦਾ ਯੂਨੀਵਰਸਿਟੀ ਸਿਹਤ ਕੇਂਦਰ ਵਿਖੇ ਸ਼ੁਰੂ ਕਰਨਾ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ ਜਿਸ ਅਧੀਨ 16 ਵੱਖ-ਵੱਖ ਸੁਪਰ ਸਪੈਸ਼ਲਟੀ ਹਸਪਤਾਲਾਂ ਵੱਲੋਂ ਸਸਤ ਇਲਾਜ ਮੁਹਈਆ ਕਰਨ ਲਈ ਸਹਿਮਤੀ ਦੇ ਦਿੱਤੀ ਗਈ ਹੈ।
ਪ੍ਰੋ. ਸੰਧੂ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਯੂਵਕ ਮੇਲਿਆਂ ਦੇ ਨਤੀਜਿਆਂ ਵਿਚ ਹੋਰ ਪਾਰਦਰਸ਼ਤਾ ਲਿਆਉਣ ਲਈ ਮੁਕਾਬਲਿਆਂ ਦੇ ਖਤਮ ਹੋਣ ਦੇ ਤੁਰੰਤ ਉਪਰੰਤ ਨਤੀਜਿਆਂ ਦੀ ਘੋਸ਼ਣਾਂ ਕਰ ਦਿੱਤੀ ਜਾਂਦੀ ਹੈ ਅਤੇ ਇਸ ਕਾਰਜ ਵਾਸਤੇ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਅਬਜ਼ਰਵਰਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਕਮੇਟੀ ਦੇ ਸੁਝਾਅ ਉਪਰੰਤ ਵਿਦਿਆਰਥੀਆਂ ਦੇ 180 ਅਧਿਆਪਨ ਦਿਨਾਂ ਨੂੰ ਪੂਰਾ ਕਰਨ ਲਈ ਸੁਝਾਅ ਦਿਤੇ ਜਾਣਗੇ।
ਵਿਦਿਆਰਥੀਆਂ ਦੀ ਸਹੂਲਤ ਲਈ ਸ਼ਨਾਖਤੀ ਕਮ ਡੈਬਿਟ ਕਾਰਡ ਸ਼ੁਰੂ ਕਰਨਾ, ਸਾਇਕਾਲੋਜੀ ਕੌਂਸਲਰ ਦੀ ਨਿਯੁਕਤੀ ਅਤੇ ਵਿਦਿਆਰਥੀਆਂ ਨੂੰ ਸਵੱਛ ਜਲ ਮੁਹਈਆ ਕਰਨ ਲਈ ਵੱਖ-ਵੱਖ ਸਥਾਨਾਂ ਤੇ ਆਰ.ਓ. ਕੂਲਰਾਂ ਨੂੰ ਲਾਉਣਾ, ਰੂਫ ਟਾਪ ਸੋਲਰ ਐਨਰਜੀ ਪਲਾਂਟ ਅਤੇ ਯੂਨੀਵਰਸਿਟੀ ਹੋਰ ਹਰਾ ਭਰਾ ਬਣਾਉਣ ਲਈ ਉਪਰਾਲੇ ਕਰਨੇ ਜਿਹੇ ਕਾਰਜ ਬੀਤੇ ਦਿਨੀ ਸ਼ੁਰੂ ਕਰ ਦਿਤੇ ਗਏ ਹਨ।
ਭਾਰਤ ਸਰਕਾਰ ਦੇ ਸਾਬਕਾ ਸਕੱਤਰ ਸ਼੍ਰੀ ਦਿਲਸ਼ੇਰ ਸਿੰਘ ਕਲਹਾ ਆਈ.ਏ.ਐਸ., ਸਾਬਕਾ ਸਿਖਿਆ ਸਕੱਤਰ, ਸ਼੍ਰੀ ਅਸ਼ੋਕ ਠਾਕੁਰ ਆਈ.ਏ.ਐਸ ਅਤੇ ਸਾਬਕਾ ਡੀ.ਜੀ.ਪੀ. ਸ਼੍ਰੀ ਅਨਿਲ ਕੌਸ਼ਿਕ ਆਈ.ਪੀ.ਐਸ. ਨੂੰ ਯੂਨੀਵਰਸਿਟੀ ਦਾ ਸਟੈਂਡਿੰਗ ਕਮੇਟੀ ਵਿਜ਼ੀਲੈਂਸ ਲਗਾਇਆ ਗਿਆ ਹੈ ਤਾਂ ਜੋ ਪ੍ਰਸ਼ਾਸਨਿਕ ਕਾਰਜਾਂ ਵਿਚ ਵਧੇਰੇ ਅਨੁਕੂਲਤਾ ਅਤੇ ਈਮਾਨਦਾਰੀ ਲਿਆਂਦੀ ਜਾ ਸਕੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਸ਼੍ਰੀ ਰਾਜੀਵ ਭੱਲਾ ਨੂੰ ਯੂਨੀਵਰਸਿਟੀ ਦੇ ਫੈਕਲਟੀ ਆਫ ਲਾਅ ਦਾ ਡੀਨ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਸਾਬਕਾ ਐਸ.ਪੀ. ਵਿਜੀਲੈਂਸ ਸ਼੍ਰੀ ਚਮਨ ਲਾਲ ਨੂੰ ਸਲਾਹਕਾਰ ਵਿਜੀਲੈਂਸ ਲਾਇਆ ਗਿਆ ਹੈ। ਪੰਜ ਲੱਖ ਤੋਂ ਉਪਰ ਦੀ ਖਰੀਦ ਲਈ ਕੇਂਦਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।ਪ੍ਰਸਿੱਧ ਪ੍ਰਸ਼ਾਸਨਿਕ ਅਧਿਕਾਰੀ ਅਤੇ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਦੇ ਐਡੀਸ਼ਨਲ ਸਕੱਤਰ (ਟੈਕਨੀਕਲ ਐਜੂਕੇਸ਼ਨ) ਸ਼੍ਰੀ ਆਰ. ਸੁਬਰਾਮਨੀਅਮ ਆਈ.ਏ.ਐਸ., ਨਾਮਵਰ ਖੇਤੀਬਾੜੀ ਅਰਥਸ਼ਾਸਤਰੀ ਅਤੇ ਪਦਮਭੂਸ਼ਣ ਪ੍ਰਾਪਤ, ਡਾ. ਸਰਦਾਰਾ ਸਿੰਘ ਜੌਹਲ ਨੂੰ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਇੰਟਰਨੈਟ ਸਪੀਡ ਵਧਾਉਣ ਦੇ ਨਾਲ ਨਾਲ ਨਵੇਂ ਪੋਰਟਲ ਜਿਵੇਂ ਰੀਸਰਚ ਪੋਰਟਲ, ਲੀਵ ਪੋਰਟਲ, ਐਡਮਿਸ਼ਨ ਪੋਰਟਲ, ਈ-ਟਰਾਂਸਕ੍ਰਿਪਿਟ ਪੋਰਟਲ ਅਤੇ ਈ ਮੈਗਜ਼ੀਨ ਸ਼ੁਰੂ ਕੀਤੇ ਗਏ ਹਨ। ਵਿਦਿਆਰਥੀਆਂ ਦੀ ਨਿਰੰਤਰ ਫੀਡ ਬੈਕ ਲੈਣ ਤੋਂ ਇਲਾਵਾ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਨੂੰ ਜੋੜਨ ਲਈ ਇਕ ਵਿਸ਼ੇਸ਼ ਵੈਬਸਾਈਟ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਨਾਮੀ ਅਦਾਰਿਆਂ ਨਾਲ ਸਮਝੌਤੇ ਕੀਤੇ ਗਏ ਹਨ ਜਿਸ ਅਧੀਨ ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਵੱਖ-ਵੱਖ ਅਦਾਰੇ ਅਤੇ ਪ੍ਰਯੋਗਸ਼ਾਲਾਵਾਂ ਵਿਚ ਜਾ ਕੇ ਕਾਰਜ ਕਰਨ ਦਾ ਮੌਕਾ ਮਿਲ ਸਕੇ।
ਪੱਤਰਕਾਰਾਂ ਦੀ ਇਸ ਮਿਲਣੀ ਵਿਚ ਵਾਈਸ-ਚਾਂਸਲਰ ਵੱਲੋਂ ਪੱਤਰਕਾਰਾਂ ਵੱਲੋਂ ਪੁੱਛੇ ਸੁਆਲਾਂ ਦੇ ਜੁਆਬ ਵੀ ਦਿੱਤੇ ਗਏ।  ਉਨ੍ਹਾਂ ਪੱਤਰਕਾਰ ਭਾਈਚਾਰੇ ਦਾ ਉਨ੍ਹਾਂ ਵੱਲੋਂ ਦਿਤੇ ਸਹਿਯੋਗ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਕਿ ਭਵਿੱਖ ਵਿਚ ਉਨ੍ਹਾਂ ਦਾ ਯੋਗਦਾਨ ਯੂਨੀਵਰਸਿਟੀ ਦੇ ਵਿਕਾਸ ਲਈ ਹੋਰ ਲਾਹੇਵੰਦ ਹੋਵੇਗਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply