
ਏ.ਪੀ.ਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਬਣਿਆ ਚੈਂਪੀਅਨ
ਅੰਮ੍ਰਿਤਸਰ, 4 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਭੰਗੜੇ ਦੇ ਮੁਕਾਬਲਿਆਂ ਨਾਲ ਸ਼ੁਰੂ ਹੋਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਜ਼ੋਨਲ ਯੁਵਕ ਮੇਲਾ ਅੱਜ ਇਥੇ ਗਿੱਧੇ ਦੇ ਮੁਕਾਬਲਿਆਂ ਨਾਲ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਜਿੱਤਾਂ ਅਤੇ ਹਾਰਾਂ ਦੀਆਂ ਮਿੱਠੀਆਂ ਤੇ ਖੱਟੀਆਂ ਯਾਦਾਂ ਨਾਲ ਸੰਪੰਨ ਹੋ ਗਿਆ। ਇਸ ਚਾਰ ਦਿਨਾਂ ਯੁਵਕ ਮੇਲੇ ਦੌਰਾਨ ਅੰਮ੍ਰਿਤਸਰ, ਜਲੰਧਰ, ਤਰਨਤਾਰਨ, ਪਠਾਨਕੋਟ, ਗੁਰਦਾਸਪੁਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਜਿਲਿਆਂ ਦੇ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਇਸ ਮੇਲੇ ਵਿਚ ਕਾਲਜਾਂ ਦੇ ਲਗਪਗ 900 ਵਿਦਿਆਰਥੀਆਂ ਨੇ ਵੱਖ-ਵੱਖ 34 ਸਭਿਆਚਾਰਕ ਆਈਟਮਾਂ ਦੇ ਮੁਕਾਬਲਿਆਂ ਵਿਚ ਭਾਗ ਲਿਆ।
ਸਾਬਕਾ ਪਾਰਲੀਮੈਂਟਰੀ ਸਕੱਤਰ ਸਿਹਤ, ਡਾ. ਨਵਜੋਤ ਕੌਰ ਸਿੱਧੂ ਮੇਲੇ ਦੇ ਸਮਾਪਤੀ ਸਮਾਰੋੋਹ ਮੌਕੇ ਮੁੱਖ ਮਹਿਮਾਨ ਸਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ, ਸ. ਰਣਜੀਤ ਸਿੰਘ ਗੰਡੀਵਿੰਡ ਅਤੇ ਡਾ. ਜਸਵਿੰਦਰ ਸਿੰਘ ਸੰਧੂ, ਓ.ਐਸ.ਡੀ. ਟੂ ਸ. ਨਵਜੋਤ ਸਿੰਘ ਸਿੱਧੂ, ਲੋਕਲ ਬਾਡੀਜ਼, ਟੂਰਿਜ਼ਮ ਅਤੇ ਸਭਿਆਚਾਰਕ ਮਾਮਲੇ ਮੰਤਰੀ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਹੋਏ। ਡਾ. ਜਗਜੀਤ ਕੌਰ, ਡਾਇਰੈਕਟਰ ਯੁਵਕ ਭਲਾਈ ਵਿਭਾਗ ਨੇ ਮੁਖ ਮਹਿਮਾਨ ਅਤੇ ਹੋਰਨ੍ਹਾਂ ਮਹਿਮਾਨਾਂ ਤੇ ਪਤਵੰਤਿਆਂ ਨੂੰ ਜੀ-ਆਇਆਂ ਆਖਿਆ।
ਡਾ. ਸਿੱਧੂ ਨੇ ਇਸ ਮੌਕੇ ਵਿਦਿਆਰਥੀ ਕਲਾਕਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੁਵਕ ਮੇਲੇ ਨਾ ਕੇਵਲ ਸਾਡੇ ਅਮੀਰ ਵਿਰਸੇ ਨਾਲ ਜੋੜਦੇ ਹਨ ਸਗੋਂ ਚੰਗੀ ਟੀਮ ਭਾਵਨਾ ਦਾ ਜਜ਼ਬਾ ਅਤੇ ਚੰਗੀ ਸਿਹਤ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਪੰਜਾਬ ਦੇ ਨੌਜੁਆਨਾਂ ਦੀ ਵਿਦੇਸ਼ਾਂ ਵਿਚ ਪਲਾਇਣ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨੌਜੁਆਨਾਂ ਲਈ ਵਧੀਆ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਆਪਣੇ ਮੁਲਕ ਵਿਚ ਵਧੀਆ ਰੋਜ਼ਗਾਰ ਮਿਲ ਸਕੇ। ਉਨ੍ਹਾਂ ਕਿਹਾ ਕਿ ਆਓ ਆਪਾਂ ਸਾਰੇ ਚੰਗੇ ਪੰਜਾਬ ਦੀ ਸਿਰਜਣਾ ਲਈ ਉਪਰਾਲੇ ਕਰੀਏ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਯੁਵਕ ਮੇਲਿਆਂ ਵਿਚ ਜਰੂਰ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਬਹੁਪੱਖੀ ਵਿਕਾਸ ਹੋ ਸਕੇ।
ਯੁਵਕ ਮੇਲੇ ਦਾ ਨਤੀਜਾ ਨਿਮਨ ਅਨੁਸਾਰ ਹੈ:
ਫਾਈਨਲ ਓਵਰਆਲ ਨਤੀਜਾ
ਚੈਂਪੀਅਨ : ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ, ਜਲੰਧਰ
ਰਨਰਜ਼ਅੱਪ : ਲਾਇਲਪੁਰ ਖਾਲਸਾ ਕਾਲਜ, ਜਲੰਧਰ
ਤੀਜਾ ਸਥਾਨ : ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵਿਮਨ, ਅੰਮ੍ਰਿਤਸਰ
ਈਵੈਂਟ ਵਾਈਜ਼ ਟਰਾਫੀਆਂ
ਫਾਈਨ ਆਰਟਸ: 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ, ਜਲੰਧਰ
2. ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵਿਮਨ, ਅੰਮ੍ਰਿਤਸਰ
ਲਿਟਰੇਰੀ: 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ, ਜਲੰਧਰ
2. ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ, ਅੰਮ੍ਰਿਤਸਰ
ਥੀਏਟਰ: 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ, ਜਲੰਧਰ
2. ਲਾਇਲਪੁਰ ਖਾਲਸਾ ਕਾਲਜ, ਜਲੰਧਰ
ਸੰਗੀਤ: 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ, ਜਲੰਧਰ
2. ਲਾਇਲਪੁਰ ਖਾਲਸਾ ਕਾਲਜ, ਜਲੰਧਰ
ਫੋਕ: 1. ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ, ਜਲੰਧਰ
2. ਲਾਇਲਪੁਰ ਖਾਲਸਾ ਕਾਲਜ, ਜਲੰਧਰ
ਮਹਿਮਾਨਾਂ ਅਤੇ ਡਾ. ਜਗਜੀਤ ਕੌਰ ਨੇ ਜੇਤੂਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਮੁੱਖ ਮਹਿਮਾਨ ਅਤੇ ਵਿਸੇਸ਼ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਯੁਵਕ ਮੇਲੇ ਦੌਰਾਨ ਵੱਖ-ਵੱਖ ਮੁਕਾਬਲੇ ਦਸਮੇਸ਼ ਆਡੀਟੋਰੀਅਮ ਤੋਂ ਇਲਾਵਾ ਯੂਨੀਵਰਸਿਟੀ ਵਿਖੇ ਵੱਖ-ਵੱਖ ਸਟੇਜਾਂ ਜਿਵੇਂ ਗੁਰੂ ਨਾਨਕ ਭਵਨ, ਸੰਗਤ ਹਾਲ, ਕਾਲਜ ਭਵਨ ਆਡੀਟੋਰੀਅਮ, ਰਣਜੀਤ ਭਵਨ ਆਡੀਟੋਰੀਅਮ ਅਤੇ ਕਾਨਫਰੰਸ ਹਾਲ ਵਿਖੇ ਆਯੋਜਤ ਕੀਤੇ ਗਏ।
ਇਸ ਚਾਰ ਦਿਨਾਂ ਯੁਵਕ ਮੇਲੇ ਦੌਰਾਨ ਵੱਖ-ਵੱਖ ਮੁਕਾਬਲੇ ਹੋਏ ਜਿਨ੍ਹਾਂ ਵਿਚ ਭੰਗੜਾ, ਸਮੂਹ ਗਾਇਨ (ਭਾਰਤੀ), ਸਮੂਹ ਸ਼ਬਦ/ਭਜਨ, ਵਾਰ ਗਾਇਨ, ਕਵੀਸ਼ਰੀ, ਪੇਟਿੰਗ, ਕਾਰੂਨਿੰਗ, ਪੋਸਟਰ ਮੇਕਿੰਗ, ਫੋਟੋਗ੍ਰਾਫੀ, ਕੋਲਾਜ, ਕਲੇਅ ਮਾਡਲਿੰਗ, ਇੰਸਟਾਲੇਸ਼ਨ, ਮਮਿਕਰੀ, ਪਹਿਰਾਵਾ ਪ੍ਰਦਰਸ਼ਨੀ, ਮਾਈਮ, ਸਕਿੱਟ, ਇਕਾਂਗੀ, ਗੀਤ/ਗਜ਼ਲ, ਲੋਕ ਗੀਤ, ਕਲਾਸੀਕਲ ਇੰਸ. (ਪਰਕਸ਼ਨ), ਰੰਗੋਲੀ, ਫੁਲਕਾਰੀ, ਪੋਈਟੀਕਲ ਸਿੰਪੋਜ਼ੀਅਮ, ਐਲੋਕਿਊਸ਼ਨ, ਇਕਾਂਗੀ, ਜਨਰਲ ਡਾਂਸ, ਲੋਕ ਸਾਜ਼, ਵੈਸਟਰਨ ਗਰੁੱਪ ਸਾਂਗ, ਕਲਾਸੀਕਲ ਇੰਸ. (ਨਾਨ-ਪਰਕਸ਼ਨ), ਕਲਾਸੀਕਲ ਵੋਕਲ, ਕੁਇਜ਼, ਡੀਬੇਟ, ਕਲਾਸੀਕਲ ਡਾਂਸ, ਗਿੱਧਾ ਅਤੇ ਵੈਸਟਰਨ ਵੋਕਲ ਸੋਲੋ ਸ਼ਾਮਿਲ ਸਨ।
Punjab Post Daily Online Newspaper & Print Media