ਮਾਲੇਰਕੋਟਲਾ (ਸੰਦੌੜ), 9 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਉਰਦੂ ਦੇ ਉਘੇ ਕਵੀ ਅੱਲਾਮਾ ਇਕਬਾਲ ਡਾ. ਸਰ ਮੁਹੰਮਦ ਇਕਬਾਲ ਦੇ ਜਨਮ ਦਿਹਾੜੇ `ਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਮੁਸਲਿਮ ਸਟੂਡੈਟ ਫੈਡਰੇਸ਼ਨ ਯੂਨਿਟ ਵੱਲੋਂ ਪੂਰੇ ਦੇਸ਼ ਅੰਦਰ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ।ਐਮ.ਐਸ.ਐਫ ਪੰਜਾਬ ਯੂਨਿਟ ਵੱਲੋ ਅਲ਼-ਕਲਾਮ ਸਕਿੱਲ ਸਕੂਲ ਵਿੱਚ ਡਾ. ਸਰ ਮੁਹੰਮਦ ਇਕਬਾਲ ਦੇ ਜਨਮ ਦਿਹਾੜੇ `ਤੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਪੰਜਾਬ ਉਰਦੂ ਅਕੈਡਮੀ ਦੇ ਸਾਬਕਾ ਸਕੱਤਰ ਪ੍ਰਿੰਸੀਪਲ ਡਾਕਟਰ ਮੁਹੰਮਦ ਇਕਬਾਲ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ।ਜਿੰਨਾਂ ਦੇ ਪਹੁੰਚਣ `ਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਮੁਸਲਿਮ ਸਟੂਡੈਟ ਫੈਡਰੇਸ਼ਨ ਯੂਨਿਟ ਅਹੁੱਦੇਦਾਰਾਂ, ਮੈਂਬਰਾਂ ਅਤੇ ਸਕੂਲ ਦੇ ਸਟਾਫ ਵੱਲੋਂ ਇੰਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਪਾਰਟੀ ਦੇ ਸਕੱਤਰ ਮਾਮੂਨ ਰਸ਼ੀਦ ਨੇ ਮੁੱਖ ਮਹਿਮਾਨ ਦੀ ਪ੍ਰੋਗਰਾਮ ਵਿੱਚ ਹਾਜ਼ਰ ਵਿਦਿਆਰਥੀਆਂ ਨਾਲ ਜਾਣ ਪਹਿਚਾਣ ਕਰਵਾਉਣ ਤੋਂ ਬਾਅਦ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਮੁਸਲਿਮ ਲੀਗ ਸੂਬਾ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਰਦੂ ਦੇ ਉੱਘੇ ਕਵੀ ਅੱਲਾਮਾ ਇਕਬਾਲ ਡਾ. ਸਰ ਮੁਹੰਮਦ ਇਕਬਾਲ ਦੀ ਜਿੰਦਗੀ ਬਾਰੇ ਰੌਸ਼ਨੀ ਪਾਈ ਅਤੇ ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਉਰਦੂ ਅਕੈਡਮੀ ਦੇ ਸਾਬਕਾ ਸੱਕਤਰ ਪ੍ਰਿੰਸੀਪਲ ਡਾਕਟਰ ਮੁਹੰਮਦ ਇਕਬਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਵਿੱਚ ਬੜਾ ਮਾਨ ਮਹਿਸੂਸ ਕਰ ਰਹੇ ਹਨ ਕਿ ਉਹ ਉਨ੍ਹਾਂ ਦਾ ਵਿਦਿਆਰਥੀ ਹੈ। ਜਦੋਂ ਉਨ੍ਹਾਂ ਨੂੰ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਆਉਣ ਦਾ ਸੱਦਾ ਦਿੱਤਾ ਤਾਂ ਇਨ੍ਹਾਂ ਨੇ ਬੜੇ ਘੱਟ ਸਮੇ ਵਿੱਚ ਹੀ ਪ੍ਰੋਗਰਾਮ ਵਿੱਚ ਆਉਣ ਲਈ ਹਾਂ ਕਰ ਦਿੱਤੀ ।
ਐਮ.ਏ.ਈ ਐਂਡ ਫਾਉਂਡੇਸ਼ਨ ਦੇ ਚੈਅਰਮੈਨ ਮੁਹੰਮਦ ਤਾਹਿਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਨਰ ਹੀ ਪਹਿਚਾਣ ਹੈ ਅਪਣੇ ਹੁਨਰ ਇਸ ਤਰ੍ਹਾਂ ਵਧਾਓ ਕਿ ਦੁਨੀਆਂ ਲਈ ਇਕ ਮਿਸਾਲ ਬਣੇੇ।ਮੁੱਖ ਮਹਿਮਾਨ ਪ੍ਰਿੰਸੀਪਲ ਡਾਕਟਰ ਮੁਹੰਮਦ ਇਕਬਾਲ ਨੇ ਪਾਰਟੀ ਵਰਕਰਾਂ, ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਲਾਮਾ ਇਕਬਾਲ ਦਾ ਕਲਾਮ ਉਨਾਂ ਲਈ ਚਾਨਣ ਮੁਨਾਰੇ ਵਾਂਗ ਹੈ ਉਨ੍ਹਾਂ ਦੀ ਸ਼ਾਇਰੀ ਵਿੱਚ ਨਿਰਾਸ਼ਤਾ ਤੇ ਮਾਯੂਸੀ ਦੀ ਥਾਂ ਉਮੀਦ ਅਤੇ ਹੌਸਲਾ ਮਿਲਦਾ ਹੈ।ਵਿਦਿਅਰਥੀਆਂ ਲਈ ਉਹਨਾਂ ਦਾ ਕਲਾਮ ਵਿਸ਼ੇਸ਼ ਸਥਾਨ ਰੱਖਦਾ ਹੈ। ਉਹਨਾਂ ਦਾ ਕਲਾਮ ਮਨੁੱਖ ਨੂੰ ਬੁੰਲਦੀਆਂ ਤੱਕ ਪਹੰੁਚਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੂੰ ਆਪਣੇ ਦੇਸ਼ ਹਿੰਦੁਸਤਾਨ ਨਾਲ ਵੀ ਬੇਹੱਦ ਪਿਆਰ ਸੀ ਅਤੇ ਉਨ੍ਹਾਂ ਸਾਰੇ ਧਰਮਾਂ ਦੇ ਆਗੂਆਂ ਪ੍ਰਤੀ ਵੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ। ਡਾ. ਇਕਬਾਲ ਨੇ ਉਨ੍ਹਾਂ ਦੀਆਂ ਵੱਖ-ਵੱਖ ਕਵਿਤਾਵਾਂ ਦਾ ਹਵਾਲਾ ਦੇ ਕੇ ਸਿੱਧ ਕੀਤਾ ਕਿ ਉਹਨਾਂ ਦਾ ਸੰਦੇਸ਼ ਤੇ ਸ਼ਾਇਰੀ ਕਿਸੇ ਵਿਸ਼ੇਸ਼ ਖੇਤਰ ਲਈ ਸੀਮਤ ਨਹੀਂ ਸਗੋਂ ਪੂਰੇ ਵਿਸ਼ਵ ਲਈ ਮਹੱਤਵਪੂਰਨ ਹੈ ਅਤੇ ਜਦੋਂ ਦੁਨੀਆਂ ਦੀ ਇੱਕ ਦੂਜੇ ਨਾਲ ਨੇੜਤਾ ਵਧ ਗਈ ਹੈ ਤਾਂ ਇਕਬਾਲ ਦਾ ਕਲਾਮ ਅੰਤਰਰਾਸ਼ਟਰੀ ਸ਼ਾਂਤੀ ਮਨੁੱਖੀ ਸਦਭਾਵਨਾ ਲਈ ਸਹਾਇਕ ਸਿੱਧ ਹੋ ਸਕਦਾ ਹੈ।ਸੰਸਾਰ ਦੇ ਪ੍ਰਸਿੱਧ ਵਿਦਵਾਨਾਂ ਅਤੇ ਕਵੀਆਂ ਨੇ ਡਾ. ਇਕਬਾਲ ਦੀ ਮਹਾਨਤਾ ਨੂੰ ਪ੍ਰਵਾਨਿਤ ਕੀਤਾ ਹੈ। ਉਨ੍ਹਾਂ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਮੁਸਲਿਮ ਸਟੂਡੈਟ ਫੈਡਰੇਸ਼ਨ ਪੰਜਾਬ ਯੂਨਿਟ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਨੂੰ ਇਸ ਵਿਸ਼ੇਸ਼ ਸਮਾਗਮ ਦੇ ਆਯੋਜਿਤ ਲਈ ਹਾਰਦਿਕ ਵਧਾਈ ਦਿੱਤੀ।ਸਮਾਗਮ ਵਿੱਚ ਐਮ.ਐਸ.ਐਫ ਦੇ ਜਨਰਲ ਸਕੱਤਰ ਅਸਗਰ ਅਲੀ, ਮੀਤ ਪ੍ਰਧਾਨ ਮੁਹੰਮਦ ਉਮਰ, ਮੁਹੰਮਦ ਯੂਸਫ ਰਲਾ, ਸ਼ਮਸ਼ਾਦ ਅਲੀ, ਮੁਹੰਮਦ ਅਖਤਰ, ਫਿਰੋਜ ਅਲੀ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਮੈਂਬਰਾਂ ਨੇ ਸ਼ਿਰਕਤ ਕੀਤੀ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media