ਗੱਤਕਾ ਸੰਸਥਾਵਾਂ ਤੇ ਅਖਾੜੇ ਇਸ ਆਦੇਸ਼ ‘ਤੇ ਇੰਨ-ਬਿੰਨ ਪਹਿਰਾ ਦੇਣ – ਗਰੇਵਾਲ
ਚੰਡੀਗੜ, 14 ਨਵੰਬਰ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਰਜ਼ਿ:), ਗੱਤਕਾ ਐਸੋਸੀਏਸ਼ਨ ਪੰਜਾਬ ਅਤੇ ਇੰਟਰਨੈਸ਼ਨਲ
ਸਿੱਖ ਮਾਰਸ਼ਲ ਆਰਟ ਅਕੈਡਮੀ (ਰਜ਼ਿ.) ਨੇ ਅੱਜ ਇੱਕ ਸਾਂਝੇ ਬਿਆਨ ਵਿੱਚ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਵਲੋਂ ਗੱਤਕੇ ਦੀ ਪ੍ਰਦਰਸ਼ਨੀ ‘ਚ ਸਟੰਟਬਾਜ਼ੀ ਬੰਦ ਕਰਨ ਦੇ ਆਦੇਸ਼ ਦੀ ਪੁਰਜ਼ੋਰ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼-ਵਿਦੇਸ਼ ਵਿੱਚ ਚੱਲਦੇ ਸਮੂਹ ਅਖਾੜੇ ਅਤੇ ਗੱਤਕਾ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਇਸ ਹੁਕਮਨਾਮੇ ਉਪਰ ਇੰਨ-ਬਿੰਨ ਪਹਿਰਾ ਦਿੰਦੇ ਹੋਏ ਵਿਰਾਸਤੀ ਕਲਾ ਦਾ ਹੀ ਪ੍ਰਦਰਸ਼ਨ ਕਰਨ।
ਇਸ ਸਬੰਧੀ ਇੱਕ ਸਾਂਝੇ ਬਿਆਨ ਵਿੱਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਅਤੇ ਤੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਗੱਤਕਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਗੱਤਕਾ ਕੋਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੇ ਸਕੱਤਰ ਉਦੇ ਸਿੰਘ ਸਰਹਿੰਦ ਅਤੇ ਸੰਯੁਕਤ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਇਹ ਤਿੰਨੇ ਸੰਸਥਾਵਾਂ ਸ਼ੁਰੂ ਤੋਂ ਹੀ ਇਸ ਪੁਰਾਤਨ ਮਾਰਸ਼ਲ ਆਰਟ ਵਿੱਚ ਕਿਸੇ ਵੀ ਕਿਸਮ ਦੀ ਸਟੰਟਬਾਜ਼ੀ ਜਾਂ ਬਾਜ਼ੀਗਿਰੀ ਦੇ ਸਖਤ ਖਿਲਾਫ਼ ਰਹੀਆਂ ਹਨ ਅਤੇ ਪਿਛਲੇ ਇੱਕ ਦਹਾਕੇ ਤੋਂ ਹੀ ਹਰ ਮੰਚ ਉਪਰ ਇਸ ਬਿਪਰ ਰੀਤ ਅਤੇ ਜੰਗਜ਼ੂ ਕਲਾ ਦਾ ਮੂਲ ਸਰੂਪ ਨੂੰ ਵਿਗਾੜਨ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ।
ਗੱਤਕਾ ਪ੍ਰਮੋਟਰ ਸ੍ਰੀ ਗਰੇਵਾਲ ਤੇ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਵਿਰਾਸਤੀ ਖੇਡ ਦੇ ਪ੍ਰਦਰਸ਼ਨ ਮੌਕੇ ਕੁੱਝ ਗੱਤਕਾ ਅਖਾੜਿਆਂ ਵੱਲੋਂ ਕੀਤੀ ਜਾਂਦੀ ਸਟੰਟਬਾਜ਼ੀ ਦਾ ਗੱਤਕੇ ਨਾਲ ਕੋਈ ਵੀ ਸਬੰਧ ਨਾ ਹੋਣ ਦੇ ਬਾਵਜੂਦ ਸਟੇਜਾਂ ਅਤੇ ਟੀ.ਵੀ ਸ਼ੋਅ ਦੌਰਾਨ ਬਾਜ਼ੀਗਿਰੀ ਕਰਨ ਵਾਲੇ ਨੌਜਵਾਨ ਗੱਤਕੇ ਦੇ ਨਾਮ ਹੇਠ ਮਾਰੂ ਸਟੰਟ ਕਰਦੇ ਰਹੇ ਜਿਸ ਕਾਰਨ ਕਈ ਬੱਚਿਆਂ ਨੂੰ ਜਾਨੀ ਨੁਕਸਾਨ ਵੀ ਉਠਾਉਣਾ ਪਿਆ ਅਤੇ ਆਮ ਸਧਾਰਨ ਲੋਕ ਅਜਿਹੇ ਗੈਰ-ਗੱਤਕਈ ਅਤੇ ਮਾਰੂ ਸਟੰਟਾਂ ਨੂੰ ਦੇਖਦਿਆਂ ਆਪਣੇ ਬੱਚਿਆਂ ਨੂੰ ਇਸ ਖੇਡ ਤੋਂ ਦੂਰ ਰੱਖ ਰਹੇ ਸਨ।
ਉਨਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਇਸ ਫ਼ੈਸਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ, ਗੱਤਕਾ ਐਸੋਸੀਏਸ਼ਨ ਪੰਜਾਬ ਅਤੇ ਇਸਮਾ ਇਸ ਪਰਾਤਨ ਖੇਡ ਨੂੰ ਦੂਜੀਆਂ ਸਥਾਪਿਤ ਭਾਰਤੀ ਖੇਡਾਂ ਦੀ ਤਰਾਂ ਮੁੜ ਸੁਰਜੀਤ ਕਰਨ, ਕੌਮੀ ਪੱਧਰ ‘ਤੇ ਮਾਨਤਾ ਦਿਵਾਉਣ ਅਤੇ ਹਰਮਨ-ਪਿਆਰਾ ਬਣਾਉਣ ਲਈ ਦ੍ਰਿੜ ਸੰਕਲਪ ਹੈ ਅਤੇ ਇੰਨਾਂ ਸੰਥਾਵਾਂ ਵਲੋਂ ਕੀਤੇ ਜਾ ਰਹੇ ਉਚੇਚੇ ਯਤਨਾਂ ਸਦਕਾ ਗਤਕਾ ਅੱਜ ਸਮੁੱਚੇ ਦੇਸ਼ ਵਿਚ ਪ੍ਰਵਾਨਿਤ ਖੇਡ ਵਜੋਂ ਪ੍ਰਚੱਲਤ ਅਤੇ ਮਕਬੂਲ ਹੋਇਆ ਹੈ ਅਤੇ ਵਿਦੇਸ਼ਾਂ ਵਿਚ ਵੀ ਖੇਡ ਵਜੋਂ ਹਰਮਨ ਪਿਆਰਾ ਬਣ ਗਿਆ ਹੈ।
ਉਨਾਂ ਕਿਹਾ ਕਿ ਗੱਤਕਾ ਯੁੱਧ ਕਲਾ ਆਪਣੇ ਆਪਣੀ ਸੁਰੱਖਿਆ ਦੀ ਪੂਰਨ ਕਲਾ ਹੈ।ਇਸ ਲਈ ਸਮੂਹ ਪਰਿਵਾਰਾਂ ਦੇ ਬੱਚੇ ਵੱਧ ਤੋਂ ਵੱਧ ਇਸ ਕਲਾ ਨੂੰ ਖੇਡਣ ਅਤੇ ਸਵੈ-ਰੱਖਿਆ ਵਜੋਂ ਅਪਨਾਉਣ ਤਾਂ ਜੋ ਸਮਾਜਿਕ ਕੁਰੀਤੀਆਂ, ਪਤਿਤਪੁਣੇ ਅਤੇ ਨਸ਼ਿਆਂ ਤੋਂ ਦੂਰ ਰੱਖਦੇ ਹੋਏ ਨੌਜਵਾਨਾਂ ਦੀ ਉਸਾਰੂ ਸ਼ਕਤੀ ਨੂੰ ਸਹੀ ਦਿਸ਼ਾ ਵੱਲ ਲਾਇਆ ਜਾ ਸਕੇ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media