ਡੀ.ਆਈ.ਜੀ. ਬਾਰਡਰ ਜੋਨ ਏ.ਕੇ ਮਿਤਲ ਨੇ ਕੀਤਾ ਉਦਘਾਟਨ
ਬਟਾਲਾ, 17 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – 18ਵੀਂ ਅੰਤਰ ਜ਼ਿਲਾ ਬਰਾਡਰ ਜੋਨ ਪੰਜਾਬ ਪੁਲਿਸ ਖੇਡਾਂ ਅਤੇ ਅਥਲੈਟਿਕਸ ਮੀਟ-2017 ਅੱਜ ਬਟਾਲਾ ਦੇ ਰਾਜੀਵ ਗਾਂਧੀ ਸਟੇਡੀਅਮ ਵਿੱਚ ਸ਼ੁਰੂ ਹੋ ਗਈਆਂ।ਇਨਾਂ ਖੇਡਾਂ ਦਾ ਉਦਘਾਟਨ ਬਾਰਡਰ ਜੋਨ ਦੇ ਡੀ.ਆਈ.ਜੀ ਏ.ਕੇ ਮਿਤਲ ਵਲੋਂ ਕੀਤਾ ਗਿਆ।ਇਸ ਮੌਕੇ ਉਨਾਂ ਨਾਲ ਖੇਡਾਂ ਦੀ ਮੇਜ਼ਬਾਨੀ ਕਰa ਰਹੇ ਪੁਲਿਸ ਜ਼ਿਲਾ ਬਟਾਲਾ ਦੇ ਐਸ.ਐਸ.ਪੀ ਉਪਿੰਦਰਜੀਤ ਸਿੰਘ ਘੁੰਮਣ, ਐਸ.ਪੀ ਰਣਬੀਰ ਸਿੰਘ, ਐਸ.ਪੀ ਬਲਜੀਤ ਸਿੰਘ ਉਲੰਪੀਅਨ, ਐਸ.ਪੀ ਸੂਬਾ ਸਿੰਘ, ਡੀ.ਐਸ.ਪੀ ਸੁਚਾ ਸਿੰਘ ਬੱਲ, ਰਵਿੰਦਰ ਸ਼ਰਮਾ ਤੋਂ ਇਲਾਵਾ ਕਈ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।
ਬਾਰਡਰ ਜੋਨ ਦੀ ਇਸ ਤਿੰਨ ਦਿਨਾਂ ਅਥਲੈਟਿਕਸ ਮੀਟ ਵਿੱਚ ਪੁਲਿਸ ਜ਼ਿਲ਼ਾ ਬਟਾਲਾ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਦਿਹਾਤੀ, ਅੰਮਿ੍ਰਤਸਰ ਸ਼ਹਿਰੀ ਅਤੇ ਤਰਨਤਾਰਨ ਦੇ ਪੁਲਿਸ ਜਵਾਨ ਭਾਗ ਲੈ ਰਹੇ ਹਨ।ਇਨਾਂ ਖੇਡ ਮੁਕਾਬਲਿਆਂ ਵਿਚ ਕਬੱਡੀ, ਫੁੱਟਬਾਲ, ਵਾਲੀਬਾਲ, ਬਾਸਕਿਟਬਾਲ ਅਤੇ ਅਥੈਲਟਿਕਸ ਦੇ ਮੁਕਾਬਲੇ ਹੋਣਗੇ। ਪੁਲਿਸ ਖੇਡਾਂ ਦੇ ਅਰੰਭ ਵਿੱਚ ਸਭ ਤੋਂ ਪਹਿਲਾਂ ਖਿਡਾਰੀਆਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ ਅਤੇ ਐਸ.ਆਈ. ਬਲਦੇਵ ਦੀ ਅਗਵਾਈ ਵਿੱਚ ਖਿਡਾਰੀਆਂ ਨੇ ਇਨਾਂ ਖੇਡਾਂ ਵਿੱਚ ਪੂਰੀ ਇਮਾਨਦਾਰੀ ਅਤੇ ਖੇਡ ਭਾਵਨਾ ਨਾਲ ਭਾਗ ਲੈਣ ਦੀ ਸੌਂਹ ਚੁੱਕੀ। ਇਸ ਮੌਕੇ ਡੀ.ਆਈ.ਜੀ ਬਾਰਡਰ ਰੇਂਜ ਮਿਤਲ ਆਈ.ਪੀ.ਐਸ ਨੇ 18ਵੀਆਂ ਅੰਤਰ ਜ਼ਿਲਾ ਬਰਾਡਰ ਜੋਨ ਪੰਜਾਬ ਪੁਲਿਸ ਖੇਡਾਂ ਅਤੇ ਅਥਲੈਟਿਕਸ ਮੀਟ-2017 ਸ਼ੁਰੂ ਕਰਨ ਦਾ ਐਲਾਨ ਕਰਦਿਆਂ ਅਸਮਾਨ ਵਿੱਚ ਰੰਗ-ਬਿਰੰਗੇ ਗੁਬਾਰੇ ਛੱਡੇ।
ਇਸ ਸਮੇਂ ਖਿਡਾਰੀਆਂ ਨੂੰ ਇਨਾਂ ਖੇਡਾਂ ਵਿੱਚ ਖੇਡ ਭਾਵਨਾ ਨਾਲ ਭਾਗ ਲੈਣ ਦੀ ਨਸੀਹਤ ਕਰਦਿਆਂ ਡੀ.ਆਈ.ਜੀ ਮਿਤਲ ਨੇ ਕਿਹਾ ਕਿ ਖੇਡਾਂ ਜਿਥੇ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਦੀਆਂ ਹਨ ਉਥੇ ਇਹ ਅਨੁਸ਼ਾਸਨ ਵੀ ਸਿਖਾਉਂਦੀਆਂ ਹਨ।ਉਨਾਂ ਕਿਹਾ ਕਿ ਪੁਲਿਸ ਜਵਾਨਾਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਰਹਿਣਾ ਜਰੂਰੀ ਹੈ ਕਿਉਂਕਿ ਇੱਕ ਤੰਦਰੁਸਤ ਜਵਾਨ ਆਪਣੀ ਡਿਊਟੀ ਨੂੰ ਬੇਹਤਰ ਢੰਗ ਨਾਲ ਨਿਭਾਅ ਸਕਦਾ ਹੈ।ਉਨਾਂ ਕਿਹਾ ਕਿ ਸਮਾਜ ਵਿਚ ਖੇਡ ਸਭਿਆਚਾਰ ਦੀ ਬਹੁਤ ਲੋੜ ਹ,ੈ ਕਿਉਂਕਿ ਨੌਜਵਾਨ ਖੇਡਾਂ ਨਾਲ ਜੁੜ ਕੇ ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਬਚ ਸਕਦੇ ਹਨ।
ਖੇਡਾਂ ਦਾ ਅਗਾਜ਼ ਮਰਦਾਂ ਦੀ 100 ਮੀਟਰ ਦੌੜ ਨਾਲ ਹੋਇਆ, ਜਿਸ ਵਿਚ ਅੰਮ੍ਰਿਤਸਰ ਸ਼ਹਿਰੀ ਪੁਲਿਸ ਦਾ ਜਵਾਨ ਹਰਵਿੰਦਰ ਸਿੰਘ 12.54 ਸਕਿੰਟ ਦੇ ਸਮੇਂ ਨਾਲ ਪਹਿਲੇ ਸਥਾਨ ’ਤੇ ਰਿਹਾ ਜਦਕਿ ਪਠਾਨਕੋਟ ਦਾ ਜਵਾਨ ਸਤਨਾਮ ਸਿੰਘ 12.65 ਸਕਿੰਟ ਨਾਲ ਦੂਸਰੇ ਅਤੇ ਬਟਾਲਾ ਦਾ ਜਵਾਨ ਗੁਰਿੰਦਰ ਸਿੰਘ 12.90 ਸਕਿੰਟ ਨਾਲ ਤੀਸਰੇ ਸਥਾਨ ’ਤੇ ਰਿਹਾ। ਲੜਕੀਆਂ ਦੀ 100 ਮੀਟਰ ਦੌੜ ਵਿੱਚ ਮਹਿਲਾ ਪੁਲਿਸ ਜਵਾਨ ਮਰਦਾਂ ਦੇ ਮੁਕਾਬਲੇ ਤੇਜ਼ ਦੌੜੀਆਂ ਜਿਸ ਵਿੱਚ ਪਠਾਨਕੋਟ ਜ਼ਿਲੇ ਦੀ ਸਬ ਇੰਸਪੈਕਟਰ ਭੂਮਿਕਾ ਠਾਕੁਰ ਨੇ 11.90 ਸਕਿੰਟ ਦੇ ਸਮੇਂ ਨਾਲ ਵੱਡੀ ਲੀਡ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ।ਤਰਨਤਾਰਨ ਦੀ ਭੁਪਿੰਦਰ ਕੌਰ 12.20 ਸਕਿੰਟ ਨਾਲ ਦੂਸਰੇ ਅਤੇ ਪਠਾਨਕੋਟ ਦੀ ਸ਼ਿਵਾਨੀ 12.50 ਸਕਿੰਟ ਨਾਲ ਤੀਸਰੇ ਸਥਾਨ ’ਤੇ ਰਹੀ।ਫੁੱਟਬਾਲ ਮੁਕਾਬਲੇ ਵਿੱਚ ਅੰਮਿ੍ਰਤਸਰ ਦਿਹਾਤੀ ਪਠਾਨਕੋਟ ਨੂੰ 3-1 ਨਾਲ ਹਰਾ ਕੇ ਜੇਤੂ ਰਿਹਾ। ਕਬੱਡੀ ਮੈਚ ਵਿੱਚ ਅੰਮ੍ਰਿਤਸਰ ਸ਼ਹਿਰੀ ਦੀ ਟੀਮ ਤਰਨਤਾਰਨ ਨੂੰ ਹਰਾ ਕੇ ਜੇਤੂ ਰਹੀ ਅਤੇ ਬਟਾਲਾ ਦੀ ਟੀਮ ਨੇ ਗੁਰਦਾਸਪੁਰ ਨੂੰ ਹਰਾਇਆ। ਵਾਲੀਬਾਲ ਵਿੱਚ ਤਰਨਤਾਰਨ ਨੇ ਅੰਮਿ੍ਰਤਸਰ ਦਿਹਾਤੀ ਨੂੰ ਹਰਾਇਆ ਅਤੇ ਬਟਾਲਾ ਨੇ ਗੁਰਦਾਸਪੁਰ ਨੂੰ ਹਰਾਇਆ।
ਇਸ ਤੋਂ ਪਹਿਲਾਂ ਖੇਡਾਂ ਦੇ ਉਦਘਾਟਨੀ ਸਮਾਰੋਹ ਵਿਚ ਨੌਜਵਾਨਾਂ ਵਲੋਂ ਭੰਗੜੇ ਪਾ ਕੇ ਖੁਸ਼ੀਆਂ ਮਨਾਈਆਂ ਗਈਆਂ। ਇਸ ਮੌਕੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਕੋਟਲਾਬਾਮਾ, ਓਂਕਾਰ ਸਿੰਘ ਲਾਟੀ ਕਾਸ਼ਤੀਵਾਲ, ਸੁਖਪਾਲ ਸਿੰਘ ਭੋਮਾ, ਏ.ਐਸ.ਆਈ ਪਲਵਿੰਦਰ ਸਿੰਘ, ਭਗਤ ਸਿੰਘ ਹੌਲਦਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।
Punjab Post Daily Online Newspaper & Print Media