ਅੰਮਿ੍ਤਸਰ, 1 ਦਸੰਬਰ (ਪੰਜਾਬ ਪੋਸਟ- ਦੀਪ ਦੇਵਿੰਦਰ ਸਿੰਘ) – ਜਮਹੂਰੀ ਅਧਿਕਾਰ ਸਭਾ ਦੇ ਸੱਦੇ `ਤੇ ਅੰਮਿ੍ਰਤਸਰ ਦੀਆਂ ਜਮਹੂਰੀ ਜਨਤਕ ਜਥੇਬੰਦੀਆਂ ਨੇ ਇਕ ਮੁਜ਼ਾਹਰਾ ਕਰਕੇ ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਮਹਾਵਿਦਿਆਲਾ ਰੱਖਣ ਦੀ ਵਿਰੋਧਤਾ ਕੀਤੀ ਹੈ।ਇਸ ਮੁਜ਼ਾਹਰੇ ਤੋਂ ਪਹਿਲਾਂ ਕੀਤੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਕਾਲਜ ਦੇ ਨਾਂ ਬਦਲਣ ਨੂੰ ਭਾਰਤੀ ਜਨਤਾ ਪਾਰਟੀ ਦੇ ਉਸ ਪ੍ਰੋਗਰਾਮ ਦਾ ਹਿੱਸਾ ਦੱਸਿਆ ਜਿਸ ਰਾਹੀਂ ਕਿ ਇਹ ਪਾਰਟੀ ਮੁਲਕ ਵਿੱਚ ਫਾਸ਼ੀਵਾਦ ਦਾ ਮਾਹੌਲ ਬਣਾ ਰਹੀਂ ਹੈ।ਪ੍ਰਬੰਧਕੀ ਕਮੇਟੀ ਦਾ ਇਹ ਫੈਸਲਾ ਦਿਆਲ ਸਿੰਘ ਮਜੀਠੀਆ ਦੀ ਉਸ ਉਦਾਰਵਾਦੀ ਸੋਚ ਨੂੰ ਲੋਕਾਂ ਦੇ ਚੇਤਿਆਂ ਵਿਚੋਂ ਭੁਲਾਉਣ ਦੀ ਕੋਸ਼ਿਸ਼ ਹੈ, ਜਿਸ ਰਾਹੀਂ ਉਹਨਾਂ ਨੇ ਪੰਜਾਬ ਵਿੱਚ ਵਿਦਿਆ ਅਤੇ ਆਧੁਨਿਕਤਾ ਦਾ ਪਸਾਰ ਕਰਨ ਲਈ ਵੱਡਾ ਯੋਗਦਾਨ ਪਾਇਆ।ਦਿਆਲ ਸਿੰਘ ਮਜੀਠੀਆ ਸਾਡੇ ਮੁਲਕ ਦੇ ਇਤਿਹਾਸ ਦਾ ਉਹ ਹਿੱਸਾ ਹੈ ਜਿਸ ਰਾਹੀਂ ਅਧੁਨਿਕ ਵਿਦਿਆ, ਆਧੁਨਿਕ ਵਿਚਾਰਧਾਰਾ ਅਤੇ ਪ੍ਰੈਸ ਦੀ ਆਜ਼ਾਦੀ ਦੀ ਨੀਂਹ ਰੱਖੀ ਗਈ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਪ੍ਰਬੰਧਕੀ ਕਮੇਟੀ ਦਾ ਇਹ ਫੈਸਲਾ ਇਸ ਕਰਕੇ ਲੋਕ ਅਤੇ ਜਮਹੁੂਰੀਅਤ ਵਿਰੋਧੀ ਹੈ।ਰੈਲੀ ਨੂੰ ਸੰਬੋਧਨ ਕਰਨ ਵਾਲਿਆ ਵਿੱਚ ਜਮਹੂਰੀ ਅਧਿਕਾਰ ਸਭਾ ਦੇ ਡਾ. ਪਰਮਿੰਦਰ ਸਿੰਘ, ਵਿਰਸਾ ਵਿਹਾਰ ਦੇ ਜ: ਸਕੱਤਰ ਰਮੇਸ਼ ਯਾਦਵ, ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਭੱਲਾ, ਕਿਸਾਨ ਸਭਾ ਦੇ ਆਗੂ ਕਾਮਰੇਡ ਲਖਬੀਰ ਸਿੰਘ, ਜਮਹੂਰੀ ਕਿਸਾਨ ਸਭਾ ਕਾਮ. ਰਾਜਬਲਬੀਰ ਸਿੰਘ ਸ਼ਾਮਲ ਸਨ। ਸਟੇਜ ਦੀ ਕਾਰਵਾਈ ਯਸ਼ਪਾਲ ਝਬਾਲ ਨੇ ਸਭਾਂਲੀ।ਮੁਜ਼ਾਹਰਾ ਹਾਲ ਗੇਟ ਤੇ ਜਾ ਕੇ ਸਮਾਪਤ ਹੋਇਆ। ਇਸ ਮੌਕੇ ਸੁਮੀਤ ਸਿੰਘ, ਸੁਖਰਾਜ ਸਿੰਘ ਸਰਕਾਰੀਆ, ਜਰਮਨਜੀਤ ਸਿੰਘ, ਪਰਮਜੀਤ ਕੌਰ, ਅਮਰਜੀਤ ਬਾਈ, ਬਲਬੀਰ ਸਿੰਘ ਮੂਧਲ, ਅਮਰਜੀਤ ਸਿੰਘ ਵੇਰਕਾ, ਬਲਦੇਵ ਰਾਜ, ਕਰਨ ਰਾਜ ਸਿੰਘ ਗਿੱਲ ਆਦਿ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media