ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਦੇ ਵਿਦਿਆਰਥੀ ਜਿੱਥੇ ਵਿੱਦਿਆ ਖੇਤਰ ’ਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰ ਰਹੇ ਹਨ, ਉੱਥੇ ਖੇਡਾਂ ’ਚ ਵੀ ਵਧੀਆ ਪ੍ਰਦਰਸ਼ਨ ਨਾਲ ਉਪਲਬੱਧੀਆਂ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕਰ ਰਹੇ ਹਨ, ਜਿਸ ਦੀ ਉਦਾਹਰਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਲ ਇੰਡੀਆ ਇੰਟਰ ਵਰਸਿਟੀ ਬਾਕਸਿੰਗ ਮੁਕਾਬਲਿਆਂ ’ਚ ਜ਼ਿਲ੍ਹੇ ਨੇ 32 ਤਮਗੇ ਹਾਸਲ ਕੀਤੇ ਜਿਨ੍ਹਾਂ ’ਚੋਂ ਖ਼ਾਲਸਾ ਕਾਲਜ ਸੰਸਥਾ ਨੇ 28 ਤਮਗੇ ਆਪਣੀ ਝੋਲੀ ’ਚ ਪਾਏ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਉਕਤ ਗੱਲ ਦਾ ਪ੍ਰਗਟਾਵਾ ਅੱਜ ਆਪਣੇ ਦਫ਼ਤਰ ਵਿਖੇ ਬਾਕਸਿੰਗ ’ਚ ਸੋਨੇ ਦਾ ਤਮਗਾ ਹਾਸਲ ਕਰਨ ਵਾਲੇ ਵਿਦਿਆਰਥੀ ਰਾਜਪਿੰਦਰ ਸਿੰਘ ਨੂੰ ਮੁਬਾਰਕਬਾਕ ਦਿੰਦਿਆ ਹੌਂਸਲਾ ਅਫ਼ਜਾਈ ਕਰਦਿਆਂ ਜਾਹਿਰ ਕੀਤਾ।
ਉਨ੍ਹਾਂ ਦੱਸਿਆ ਕਿ ਉਕਤ ਵਿਦਿਆਰਥੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਰਵਾਏ ਗਏ ਆਲ ਇੰਡੀਆ ਯੂਨੀਵਰਸਿਟੀ ’ਚ 56 ਕਿਲੋ ਭਾਰ ਵਰਗ ’ਚ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਉਨ੍ਹਾਂ ਇਸ ਮੌਕੇ ਬਾਕਸਿੰਗ ਕੋਚ ਬਲਜਿੰਦਰ ਸਿੰਘ ਨੂੰ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਇਹ ਉਨ੍ਹਾਂ ਦੁਆਰਾ ਕਰਵਾਏ ਜਾਂਦੇ ਸਖ਼ਤ ਅਭਿਆਸ ਦਾ ਨਤੀਜਾ ਹੈ ਕਿ ਵਿਦਿਆਰਥੀ ਇਸ ਮੁਕਾਮ ’ਤੇ ਪੁੱਜਿਆ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਹੋਏ ਆਲ ਇੰਡੀਆ ਇੰਟਰ ’ਵਰਸਿਟੀ ਬਾਕਸਿੰਗ ਮੁਕਾਬਲਿਆਂ ’ਚ ਕਾਲਜ ਵਿਦਿਆਰਥੀਆਂ ਨੇ 28 ਤਮਗੇ ਬਲਜਿੰਦਰ ਸਿੰਘ ਦੀ ਕੋਚਿੰਗ ਹੇਠ ਪ੍ਰਾਪਤ ਕੀਤੇ ਹਨ, ਜਿਨ੍ਹਾਂ ’ਚ 7 ਸੋਨੇ, 6 ਚਾਂਦੀ ਅਤੇ 15 ਤਮਗੇ ਕਾਂਸੇ ਦੇ ਹਨ, ਜਿਸ ’ਚ ਖ਼ਾਲਸਾ ਕਾਲਜ ਦੇ 23 ਅਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ 5 ਤਮਗੇ ਹਿੱਸੇ ਆਏ।
ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਰਾਜਪਿੰਦਰ ਸਿੰਘ ਨੇ 2012 ਤੋਂ ਪੜ੍ਹਾਈ ਦੇ ਨਾਲ-ਨਾਲ ਬਾਕਸਿੰਗ ਦੀ ਸ਼ੁਰੂਆਤ ਕੀਤੀ ਅਤੇ ਸੰਨ 2013 ’ਚ 46 ਕਿਲੋ ਵਰਗ ’ਚ ਰੂਰਲ ਗੇਮਜ਼ ਜੋ ਕਿ ਫ਼ਤਿਹਗੜ੍ਹ ਸਾਹਿਬ ਅਤੇ ਨੈਸ਼ਨਲ ਰੂਰਲ ਗੇਮਜ਼ (ਮਹਾਰਾਸ਼ਟਰ) ’ਚ ਕ੍ਰਮਵਾਰ ਸੋਨੇ ਅਤੇ ਤਾਂਬੇ ਦਾ ਤਮਗਾ ਹਾਸਲ ਕੀਤਾ।ਇਸੇ ਤਰ੍ਹਾਂ 2014 ’ਚ 48 ਕਿਲੋ ਵਰਗ ਦੀ ਸਕੂਲ ਸਟੇਟ, ਅੰਡਰ-19 ਪਟਿਆਲਾ ’ਚ ਅਤੇ ਸਕੂਲ ਨੈਸ਼ਨਲ ਅੰਡਰ-19 ਦਿੱਲੀ ਵਿਖੇ ਸੋਨੇ, 2015 ’ਚ 48 ਕਿਲੋ ਵਰਗ ਦੀ ਜੂਨੀਅਰ ਸਟੇਟ ਚੈਂਪੀਅਨਸ਼ਿਪ ਸੰਗਰੂਰ ਵਿਖੇ ਚਾਂਦੀ ਦਾ ਤਮਗਾ ਹਾਸਲ ਕੀਤਾ ਅਤੇ ਇਸੇ ਸਾਲ ਜੂਨੀਅਰ ਨੈਸ਼ਨਲ ਗੇਮਜ਼ ’ਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ 2016 ’ਚ ਉਕਤ ਵਿਦਿਆਰਥੀ ਦੀ ਔਰੰਗਾਬਾਦ ਵਿਖੇ ਇੰਡੀਆ ਕੈਂਪ ਲਈ ਚੋਣ ਹੋਈ ਅਤੇ 2017 ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ 56 ਕਿਲੋ ਵਰਗ ਦੇ ਹੋਏ ਇੰਟਰ ਕਾਲਜ ਮੁਕਾਬਲੇ ’ਚ ਸੋਨੇ ਦਾ ਤਮਗਾ ਪ੍ਰਾਪਤ ਕੀਤਾ।ਉਨ੍ਹਾਂ ਇਸ ਮੌਕੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ। ਇਸ ਮੌਕੇ ਡਾ. ਦਲਜੀਤ ਸਿੰਘ, ਬਲਜਿੰਦਰ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media