ਨਵੀਂ ਦਿੱਲੀ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ’ਤੇ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਕਾਨੂੰਨੀ ਲੜਾਈ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਝੂਠ ਬੋਲਣ ਦਾ ਦੋਸ਼ ਲਗਾਇਆ ਹੈ।ਸ੍ਰੋਮਣੀ ਅਕਾਲੀ ਦਲ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਦਫ਼ਤਰ ’ਚ ਕਮੇਟੀ ਅਤੇ ਪਾਰਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ, ਦਿੱਲੀ ਕਮੇਟੀ ਮੈਂਬਰ ਸਰਵਜੀਤ ਸਿੰਘ ਵਿਰਕ ਤੇ ਜਸਮੇਰ ਸਿੰਘ ਨੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਈ ਵਡਾਲਾ ਨੂੰ ਇਸ ਮਸਲੇ ’ਤੇ ਪੰਥ ਦੇ ਸਾਹਮਣੇ ਸੱਚ ਬੋਲਣ ਦੀ ਨਸੀਹਤ ਦਿੱਤੀ ਹੈ।
ਦਰਅਸਲ 1 ਦਸੰਬਰ ਨੂੰ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਮੁੜ ਬਹਾਲੀ ਲਈ ਸਿੱਕਮ ਹਾਈ ਕੋਰਟ ’ਚ ਸੁਨਵਾਈ ਸੀ।ਜਿਸ ਦੌਰਾਨ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਵਿਰਕ ਅਤੇ ਨੋਨੀ ਦੇ ਨਾਲ ਭਾਈ ਵਡਾਲਾ ਨੂੰ ਫਤਹਿ ਬੁਲਾਉਣ ਲਈ ਇੱਕ ਦੂਜੇ ਦੇ ਆਹਮਣੇ ਸਾਹਮਣੇ ਆਏ ਸਨ।ਇਸ ਦੌਰਾਨ ਭਾਈ ਵਡਾਲਾ ਨੇੇ ਸਿਰਸਾ ਬਾਰੇ ਉਕਸਾਉਣ ਵਾਲੀ ਗਲਤ ਸ਼ਬਦਾਵਲੀ ਇਸਤੇਮਾਲ ਕੀਤੀ ਜਿਸ ਨੂੰ ਚੋਰੀ ਛਿੱਪੇ ਵਡਾਲਾ ਦੇ ਸਾਥੀਆਂ ਵੱਲੋਂ ਰਿਕਾਰਡ ਕਰਕੇ ਸੋਸ਼ਲ ਮੀਡੀਆ ’ਤੇ ਪਾ ਦਿੱਤਾ ਗਿਆ।ਇਸ ਵੀਡੀਓ ’ਚ ਭਾਈ ਵਡਾਲਾ ਦਿੱਲੀ ਅਤੇ ਸੋ੍ਰਮਣੀ ਕਮੇਟੀ ’ਤੇ ਇਸ ਮਸਲੇ ਤੋਂ ਦੂਰੀ ਬਣਾ ਕੇ ਰੱਖਣ ਦਾ ਦੋਸ਼ ਲਗਾਉਂਦੇ ਹੋਏ ਨਜ਼ਰ ਆਉਂਦੇ ਹਨ, ਪਰ ਸਿਰਸਾ ਨਿਮਾਣੇਪਣ ’ਚ ਭਾਈ ਵਡਾਲਾ ਨੂੰ ਕੁੱਝ ਨਹੀਂ ਕਹਿੰਦੇ ।
ਪਰਮਿੰਦਰ ਨੇ ਕਿਹਾ ਕਿ ਭਾਈ ਵਡਾਲਾ ਪੰਥ ਦੀ ਸਤਿਕਾਰਤ ਸਖ਼ਸ਼ੀਅਤ ਹਨ, ਕਿਉਂਕਿ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਹਜੂਰੀ ਰਾਗੀ ਦੇ ਤੌਰ ’ਤੇ ਗੁਰਬਾਣੀ ਕੀਰਤਨ ਗਾਇਨ ਕਰਕੇ ਜਸ ਕਮਾਇਆ ਹੈ।ਪਰ ਜਿਸ ਤਰੀਕੇ ਨਾਲ ਭਾਈ ਵਡਾਲਾ ਨੇ ਦਿੱਲੀ ਅਤੇ ਸ੍ਰੋਮਣੀ ਕਮੇਟੀ ਦੇ ਖਿਲਾਫ਼ ਭੰਡੀ ਪ੍ਰਚਾਰ ਕੀਤਾ ਹੈ।ਇਹ ਉਨ੍ਹਾਂ ਦੀ ਸੌੜ੍ਹੀ ਸਿਆਸੀ ਸੋਚ ਦਾ ਨਤੀਜ਼ਾ ਲਗਦਾ ਹੈ।ਇਸ ਸਬੰਧੀ ਪਰਮਿੰਦਰ ਨੇ ਕੌਮ ਵੱਲੋਂ ਇਸ ਮਸਲੇ ’ਚ ਮੁੱਦਈ ਦੀ ਭੂਮਿਕਾ ਨਿਭਾਅ ਰਹੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਿਲੀਗੁੜ੍ਹੀ ਦੇ ਪ੍ਰਧਾਨ ਵੱਲੋਂ ਕੱਲ ਦੀ ਕਾਰਵਾਈ ਬਾਰੇ ਪੰਥ ਨੂੰ ਭੇਜੇ ਗਏ ਪੱਤਰ ਨੂੰ ਵੀ ਜਨਤਕ ਕੀਤਾ।ਜਿਸ ’ਚ ਸਥਾਨਿਕ ਗੁਰਦੁਆਰਾ ਕਮੇਟੀ ਨੇ ਇਸ ਗੱਲ ਦਾ ਇੰਕਸਾਫ਼ ਕੀਤਾ ਹੈ ਕਿ ਉਹ ਸਾਰੀ ਲੜਾਈ ਦਿੱਲੀ ਅਤੇ ਸ੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਲੜ ਰਹੇ ਹਨ।
ਇਸ ਮਸਲੇ ’ਤੇ ਭਾਈ ਵਡਾਲਾ ਨੂੰ ਮੀਡੀਆ ’ਚ ਬਹਿਸ਼ ਕਰਨ ਦੀ ਚੁਨੌਤੀ ਦਿੰਦੇ ਹੋਏ ਪਰਮਿੰਦਰ ਨੇ ਝੂਠੇ ਤੱਥ ਦੱਸਣ ਵਾਸਤੇ ਕੌਮ ਤੋਂ ਮੁਆਫੀ ਮੰਗਣ ਦੀ ਵੀ ਭਾਈ ਵਡਾਲਾ ਤੋਂ ਮੰਗ ਕੀਤੀ ਹੈ।ਉਨ੍ਹਾਂ ਸਵਾਲ ਕੀਤਾ ਕਿ ਭਾਈ ਵਡਾਲਾ ਦੱਸਣ ਕਿ ਹਾਈਕੋਰਟ ’ਚ ਨਾ ਤੇ ਉਨ੍ਹਾਂ ਦਾ ਕੋਈ ਕੇਸ ਸੀ ਤੇ ਨਾ ਹੀ ਵਕੀਲ, ਫਿਰ ਉਹ ਉਥੇ ਕੀ ਕਰਨ ਗਏ ਸਨ? ਕੀ ਉਹ ਕੌਮ ’ਚ ਫੁੱਟ ਪਾ ਕੇ ਲਾਮਿਆਂ ਦਾ ਕੰਮ ਆਸਾਨ ਕਰਨ ਗਏ ਸਨ ? ਗੁਰਦੁਆਰਾ ਕਮੇਟੀਆਂ ਬਾਰੇ ਭੰਡੀ ਪ੍ਰਚਾਰ ਕਰਕੇ ਵਿਦੇਸ਼ਾਂ ਤੋਂ ਫੰਡ ਇਕੱਠਾ ਕਰਨ ਦੀ ਉਨ੍ਹਾਂ ਦੀ ਮੰਸ਼ਾ ਸੀ ?
ਉਨ੍ਹਾਂ ਕਿਹਾ ਕਿ ਇੱਕ ਪਾਸੇ ਸਿਰਸਾ ਵੱਲੋਂ ਇਸ ਮਸਲੇ ’ਤੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ 9 ਸਤੰਬਰ 2017 ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਕੇ ਕਾਰਵਾਈ ਲਈ ਪੱਤਰ ਦਿੱਤਾ ਗਿਆ ਸੀ।ਜਿਸ ’ਤੇ ਕਾਰਵਾਈ ਕਰਦੇ ਹੋਏ ਰਾਸ਼ਟਰਪਤੀ ਦੇ ਸਕੱਤਰ ਵੱਲੋਂ ਪੱਤਰ ਨੂੰ ਸਿੱਕਮ ਦੇ ਮੁੱਖ ਮੰਤਰੀ ਕੋਲ ਭੇਜ ਦਿੱਤਾ ਗਿਆ ਸੀ।
ਭਾਈ ਵਡਾਲਾ ਵੱਲੋਂ ਰਾਸ਼ਟਰਪਤੀ ਨੂੰ ਹਕੂਕ ਪੱਤਰ ਦੇਣ ਦੇ ਕੀਤੇ ਗਏ ਦਾਅਵੇ ਦੇ ਜਵਾਬ ‘ਚ ਪਰਮਿੰਦਰ ਨੇ ਸਵਾਲ ਪੁੱਛਿਆ ਕਿ ਤੁਸੀਂ ਰਾਸ਼ਟਰਪਤੀ ਭਵਨ ਗਏ ਸੀ ਜਾਂ 5 ਕਿਲੋਮੀਟਰ ਦੂਰ ਤੋਂ ਹੀ ਪੱਤਰ ਭੇਜ ਆਏ ਸੀ। ਪੰਜਾਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਬੇਅਦਬੀ, ਸਿੱਖ ਨੌਜਵਾਨਾਂ ਨੂੰ ਅੱਤਵਾਦੀ ਦੱਸ ਕੇ ਹੋ ਰਹੀਆਂ ਗ੍ਰਿਫ਼ਤਾਰੀਆਂ `ਤੇ ਜੱਗੀ ਜੋਹਲ ਦੇ ਮਾਮਲੇ ’ਚ ਪੰਜਾਬ ਪੁਲਿਸ ਦੀ ਸ਼ੱਕੀ ਭੂਮਿਕਾ ਅਤੇ ਟਾਰਗੇਟ ਕਿਲਿੰਗ ਦੇ ਮਾਮਲੇ ਐਨ.ਆਈ.ਏ ਨੂੰ ਸੌਂਪਣ ਦੇ ਹੋਏ ਐਲਾਨ ਬਾਰੇ ਵੀ ਭਾਈ ਵਡਾਲਾ ਨੂੰ ਬੋਲਣ ਦੀ ਉਨ੍ਹਾਂ ਦਿੱਲੀ ਕਮੇਟੀ ਵੱਲੋਂ ਅਪੀਲ ਕੀਤੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media