Tuesday, September 29, 2026

ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦਿਵਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਲੱਖਾ ਸਿਧਾਣਾ ਦੀ ਰਿਹਾਈ ਦੌਰਾਨ ਜੇਲ੍ਹ ਅੱਗਿਓਂ ਨੌਜਵਾਨਾਂ ਦੀ ਗੱਡੀਆਂ ਸਮੇਤ ਗ੍ਰਿਫ਼ਤਾਰੀ ਪੁਲਿਸ ਰਾਜ ਦੀ ਨਿਸ਼ਾਨੀ

PPN1812201709ਬਠਿੰਡਾ, 18 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬੀ ਮਾਂ ਬੋਲੀ ਦਾ ਬਣਦਾ ਮਾਣ ਸਤਿਕਾਰ ਬਹਾਲ ਕਰਵਾਉਣ ਲਈ ਸਾਂਝੀ ਐਕਸਨ ਕਮੇਟੀ ਨੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।ਮਾਲਵਾ ਯੂਥ ਫੈਡਰੇਸਨ ਦੇ ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਦੀ ਫ਼ਰੀਦਕੋਟ ਜੇਲ੍ਹ ਤੋਂ ਰਿਹਾਈ ਮਗਰੋਂ ਹਾਲਤ ਨੂੰ ਨਜਿੱਠਣ ਲਈ ਕਮੇਟੀ ਦੀ ਅਹਿਮ ਮੀਟਿੰਗ ਉਸ ਦੇ ਜੱਦੀ ਪਿੰਡ ਸਿਧਾਣਾ ਵਿੱਚ ਕੀਤੀ ਗਈ।ਮਾਂ ਬੋਲੀ ਸਤਿਕਾਰ ਕਮੇਟੀ ਦੇ ਆਗੂਆਂ ਬਾਬਾ ਹਰਦੀਪ ਸਿੰਘ ਮਹਿਰਾਜ, ਲਖਵੀਰ ਸਿੰਘ ਲੱਖਾ ਸਿਧਾਣਾ, ਬਲਜਿੰਦਰ ਸਿੰਘ ਬਾਗ਼ੀ ਕੋਟਭਾਰਾ ਸਮੇਤ ਵੱਡੀ ਗਿਣਤੀ ਵਿੱਚ ਕੀਤੀ ਬੈਠਕ ਦੌਰਾਨ ਫ਼ਰੀਦਕੋਟ ਜੇਲ੍ਹ ਅੱਗਿਓਂ ਲੱਖਾ ਸਿਧਾਣਾ ਦੇ ਸਵਾਗਤ ਲਈ ਮਾਲਵਾ ਯੂਥ ਫੈਡਰੇਸ਼ਨ ਦੇ ਸੈਂਕੜੇ ਵਰਕਰਾਂ ਨੂੰ ਉਹਨਾਂ ਦੀਆਂ ਗੱਡੀਆਂ ਸਮੇਤ ਥਾਣਿਆਂ ਵਿੱਚ ਲੈ ਕੇ ਜਾਣਾ ਪੁਲਿਸ ਰਾਜ ਦੀ ਗੁੰਡਾਗਰਦੀ ਦੀ ਨਿਸ਼ਾਨੀ ਹੈ ਜੋ ਕਿ ਤਾਨਾਸ਼ਾਹੀ, ਫਾਸ਼ੀਵਾਦ ਹਕੂਮਤ ਦੀ ਦੇਣ ਕਰਾਰ ਦਿੱਤਾ।ਉਹਨਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਬਹਾਲ ਕਰਵਾਉਣ ਲਈ ਸੰਘਰਸ਼ ਨੂੰ ਦਵਾਉਣ ਲਈ ਇਹ ਪੰਜਾਬ ਪੁਲਿਸ ਦੀ ਕੋਝੀ ਚਾਲ ਹੈ।
ਬੈਠਕ ਦੌਰਾਨ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬੀ ਮਾਂ ਬੋਲੀ ਦੇ ਸਪੂਤਾਂ ’ਤੇ ਬਣੇ ਪਰਚੇ ਵਾਪਸ ਲੈਣ ਦੇ ਫ਼ੈਸਲੇ ਵਾਲੇ ਐਲਾਨ ’ਤੇ ਅਜੇ ਤੱਕ ਕੋਈ ਅਮਲ ਨਹੀਂ ਹੋਇਆ ਤੇ ਇਸ ਸਬੰਧੀ ਜਾਂ ਤਾਂ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਵਿੱਚ ਝੂਠ ਬੋਲ ਰਿਹਾ ਹੈ ਜਾਂ ਫਿਰ ਅਫ਼ਸਰਸ਼ਾਹੀ ਉਸ ਦਾ ਫ਼ੈਸਲਾ ਲਾਗੂ ਨਹੀਂ ਕਰ ਰਹੀ, ਉਹ ਆਪਣਾ ਪੱਖ ਸਪੱਸਟ ਕਰੇ ਕਿ ਇਹ ਪਰਚੇ ਰੱਦ ਹੋ ਰਹੇ ਹਨ ਜਾਂ ਨਹੀਂ।ਇਸ ਮੌਕੇ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਬਹਾਲ ਕਰਵਾਉਣ ਲਈ ਸੰਘਰਸ਼ ਜਾਰੀ ਰੱਖਣ ਦੇ ਵੱਖ ਵੱਖ ਪੱਖਾਂ ’ਤੇ ਵਿਚਾਰ ਕਰਕੇ ਇਸ ਨੂੰ ਸਿਖ਼ਰ ਵੱਲ ਲਿਜਾਣ ਦਾ ਮਤਾ ਵੀ ਪਾਸ ਕੀਤਾ।
ਜ਼ਿਕਰਯੋਗ ਹੈ ਕਿ ਪੰਜਾਬੀ ਮਾਂ ਬੋਲੀ ਦੇ ਹਿਤੈਸੀਆਂ ਦੇ ਹੌਸਲੇ ਪਸਤ ਕਰਨ ਲਈ ਲਖਵੀਰ ਸਿੰਘ ਲੱਖਾ ਸਿਧਾਣਾ ਦੀ ਰਿਹਾਈ ਮਗਰੋਂ ਫ਼ਰੀਦਕੋਟ ਪੁਲਿਸ ਵੱਲੋਂ ਸਖ਼ਤ ਨਾਕੇਬੰਦੀ ਕਰਕੇ ਸ਼ੈਕੜੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈਣ ਦੇ ਮਗਰੋਂ ਸਵਾਗਤੀ ਕਾਫ਼ਲਾ ਕੋਟਕਪੂਰਾ ਤੋਂ ਸ਼ੁਰੂ ਹੋ ਕੇ ਸਲਾਬਤਪੁਰਾ, ਸਮਾਧ ਭਾਈ, ਪੱਤੋ ਹੀਰਾ, ਦੀਨਾ ਕਾਂਗੜ, ਦਿਆਲਪੁਰਾ ਭਾਈ ਕਾ ਦੇ ਇਤਿਹਾਸ ਗੁਰੂਦੁਆਰਾ ਸਾਹਿਬ ਪੁੱਜਿਆ ਜਿੱਥੇ ਦਲ ਖ਼ਾਲਸਾ ਦੇ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਤੇ ਭਾਈ ਗੁਰਬਿੰਦਰ ਸਿੰਘ ਬਠਿੰਡਾ ਨੇ ਲਖਵੀਰ ਸਿੰਘ ਲੱਖਾ ਸਿਧਾਣਾ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।
ਇਸ ਮਗਰੋਂ ਇਹ ਕਾਫ਼ਲਾ ਭਾਈ ਰੂਪਾ, ਸੇਲਬਰਾਹ ਹੁੰਦਿਆ ਹੋਇਆ ਸਿਧਾਣਾ ਪਿੰਡ ਪੁੱਜਿਆ।ਭਾਈ ਰੂਪਾ ਦੇ ਚੌਂਕ ਵਿੱਚ ਇਕੱਤਰ ਵੱਡੀ ਗਿਣਤੀ ’ਚ ਲੋਕਾਂ ਨੂੰ ਬਾਬਾ ਮਹਿਰਾਜ ਤੇ ਲੱਖਾ ਸਿਧਾਣਾ ਨੇ ਸੰਬੋਧਨ ਕਰਦਿਆ ਮਾਂ ਬੋਲੀ ਲਈ ਚੱਲ ਰਹੇ ਸੰਘਰਸ਼ ਵਿੱਚ ਸਮੂਲੀਅਤ ਕਰਨ ਦਾ ਸੱਦਾ ਦਿੱਤਾ।ਇਸ ਮੌਕੇ ਦਲ ਖ਼ਾਲਸਾ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਬਿੰਦਰ ਸਿੰਘ ਬਠਿੰਡਾ, ਮਨਪ੍ਰੀਤ ਸਿੰਘ ਨਿੱਕਾ ਸਿਧਾਣਾ, ਗੁਰਪ੍ਰੀਤ ਸਿੰਘ ਮੋਢੀ ਸਿਧਾਣਾ, ਮੇਜਰ ਸਿੰਘ ਕਾਲੋਕੇ, ਰਾਜਵਿੰਦਰ ਸਿੰਘ ਰਾਏਖਾਨਾ ਆਦਿ ਸਮੇਤ ਸ਼ੈਕੜੇ ਨੌਜਵਾਨ ਮੌਜੂਦ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply