Thursday, August 13, 2026

ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ- ਨਵਜੋਤ ਸਿੰਘ ਸਿੱਧੂ

ਕੇਂਦਰ ਸਰਕਾਰ ਪਾਕਿਸਤਾਨ ਦੇ ਸਿੱਖਾਂ ਦਾ ਮੁੱਦਾ ਗੰਭੀਰਤਾ ਨਾਲ ਚੁੱਕੇ-ਸਿੱਧੂ

PPN2112201713ਅੰਮਿ੍ਤਸਰ, 21 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਕ੍ਰਿਸਮਿਸ ਸਬੰਧੀ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਵਿਭਾਗ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਿਥੇ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਕ੍ਰਿਸਮਿਸ ਦੀ ਵਧਾਈ ਦਿੱਤੀ, ਉਥੇ ਭਰੋਸਾ ਵੀ ਦਿੱਤਾ ਕਿ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਇਸ ਵਿਚ ਕੁਤਾਹੀ ਨਹੀਂ ਹੋਣ ਦਿੱਤੀ ਜਾਵੇਗੀ। ਮੁੱਖ ਮਹਿਮਾਨ ਵਜੋਂ ਸਮਾਗਮ ਵਿਚ ਪਹੁੰਚੇ ਸਿੱਧੂ ਨੇ ਕਿਹਾ ਕਿ ਪੰਜਾਬ ’ਚ ਸਾਰੇ ਧਰਮਾਂ ਤੇ ਜਾਤਾਂ ਦੇ ਲੋਕ ਰਲ-ਮਿਲ ਕੇ ਰਹਿ ਰਹੇ ਹਨ ਅਤੇ ਸਾਡੀ ਸਰਕਾਰ ਵਿਚ ਇਹ ਅਮਨ-ਸਾਂਤੀ  ਭੰਗ ਕਰਨ ਦੀ ਆਗਿਆ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ।
ਸਿੱਧੂ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਅਤੇ ਸਾਰੇ ਧਰਮ ਸਾਨੂੰ ਰਬ ਦੇ ਬਣਾਏ ਬੰਦੇ ਨਾਲ ਪਿਆਰ ਕਰਨ ਦਾ ਸੰਦੇਸ਼ ਦਿੰਦੇ ਹਨ, ਇਸ ਲਈ ਸਾਨੂੰ ਸਾਰਿਆਂ ਨੂੰ ਪਿਆਰ ਭਾਵਨਾ ਨਾਲ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਵਾਜੇ ਸਾਰੇ ਧਰਮਾਂ ਲਈ ਖੁੱਲੇ ਹਨ ਅਤੇ ਸਾਡਾ ਸੰਵਿਧਾਨ ਸਾਰਿਆਂ ਨੂੰ ਬਰਾਬਰ ਦੇ ਮੌਕੇ ਦਿੰਦਾ ਹੈ ਤਾਂ ਕਿਸੇ ਨਾਲ ਜਾਤ-ਧਰਮ ਦੇ ਨਾਂਅ ’ਤੇ ਵਿਤਕਰਾ ਸਹਿਣ ਨਹੀਂ ਕੀਤਾ ਜਾ ਸਕਦਾ। ਉਨਾਂ ਧਰਮ ਦੇ ਨਾਂਅ ’ਤੇ ਰਾਜਨੀਤੀ ਕਰਨ ਦੀ ਕਰੜੇ ਸਬਦਾਂ ਵਿਚ ਨਿੰਦਾ ਕੀਤੀ।
ਪਾਕਿਸਤਾਨ ਵਿਚ ਸਿੱਖਾਂ ਨੂੰ ਜਬਰੀ ਧਰਮ-ਪਰਿਵਰਤਨ ਲਈ ਮਜਬੂਰ ਕੀਤੇ ਜਾਣ ਸਬੰਧੀ ਆ ਰਹੀਆਂ ਖ਼ਬਰਾਂ ਬਾਰੇ ਬੋਲਦੇ ਸਿੱਧੂ ਨੇ ਜਿੱਥੇ ਪਾਕਿਸਤਾਨ ਸਰਕਾਰ ਨੂੰ ਇਹ ਜਬਰੀ ਧਰਮ ਪਰਿਵਰਤਨ ਰੋਕਣ ਲਈ ਸਖਤ ਕਦਮ ਚੁੱਕਣ ਦਾ ਸੱਦਾ ਦਿੱਤਾ, ਉਥੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਿੱਖਾਂ ਦਾ ਇਹ ਮੁੱਦਾ ਪਾਕਿਸਤਾਨ ਸਰਕਾਰ ਕੋਲ ਗੰਭੀਰਤਾ ਨਾਲ ਚੁੱਕੇ ਅਤੇ ਇਸ ਦਾ ਹੱਲ ਕਰਵਾਏ।
ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਮੌਕੇ ਸੰਬੋਧਨ ਕਰਦੇ ਕਿ੍ਰਸਮਿਸ ਦੀ ਵਧਾਈ ਦਿੰਦੇ ਕਿਹਾ ਕਿ ਇਸਾਈ ਭਾਈਚਾਰਾ ਸੱਚ ਦਾ ਸਾਥ ਦੇਣ ਅਤੇ ਵਿਦਿਆ ਦਾ ਦਾਨ ਵੰਡਣ ਵਾਲੇ ਲੋਕਾਂ ਦਾ ਗੁਲਦਸਤਾ ਹੈ। ਉਨਾਂ ਕਿਹਾ ਕਿ ਜਿੱਥੇ-ਜਿੱਥੇ ਵੀ ਇੰਨਾਂ ਦੇ ਲੋਕ ਪਹੁੰਚੇ ਹਨ, ਉਥੇ ਨਸ਼ੇ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਘੱਟ ਹੋਈ ਹੈ। ਉਨਾਂ ਸਰਕਾਰ ਵੱਲੋਂ ਹਰ ਸੰਭਵ ਸਰੁੱਖਿਆ ਦਾ ਭਰੋਸਾ ਵੀ ਭਾਈਚਾਰੇ ਨੂੰ ਦਿੱਤਾ। ਸਮਾਗਮ ਨੂੰ ਸੰਬੋਧਨ ਕਰਦੇ ਬਿਸ਼ਪ ਫਰੈਂਕੋ ਮੁਅਕੱਲਕ ਨੇ ਜਿੱਥੇ ਇਹ ਸਮਾਗਮ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉਥੇ ਇਹ ਐਲਾਨ ਵੀ ਕੀਤਾ ਕਿ ਇਸਾਈ ਭਾਈਚਾਰੇ ਦੇ ਲੋਕ ਸਰਕਾਰ ਨਾਲ ਮਿਲਕੇ ਰਾਜ ਦੇ ਲੋਕਾਂ ਦੀ ਭਲਾਈ ਵਿਚ ਸਾਥ ਦੇਣਗੇ। ਇਸ ਮੌਕੇ ਬਿਸ਼ਪ ਪੀ. ਵੀ. ਸਾਮੰਤਰਾਏ ਅਤੇ ਬਿਸ਼ਪ ਫਰੈਂਕੋ ਮੁਅਕੱਲਕ ਨੇ ਨਵਜੋਤ ਸਿੰਘ ਸਿੱਧੂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ  ਸੰਘਾ, ਫਾਦਰ ਪੀਟਰ, ਪਾਸਟਰ ਵਿਜੈ ਬਿਡੈਂਕਟ, ਮੇਜਰ ਵਿਜੈਪਾਲ ਸਿੰਘ, ਡੈਨੀਅਲ ਬੀ ਦਾਸ, ਪਾਸਟਰ ਬਲਵਿੰਦਰ ਜੌਹਨ, ਮੋਨਾ ਪਹਿਲਵਾਨ, ਡੈਨੀਅਲ ਮਸੀਹ, ਜਤਿੰਦਰ ਗੌਰਵ, ਵਿਲਸਨ ਗਿਲ, ਤਰਸੇਮ ਮਸੀਹ, ਅਮਨਦੀਪ ਗਿੱਲ ਅਤੇ ਇਸਾਈ ਭਾਈਚਾਰੇ ਦੀਆਂ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply