ਵਿਜੈ ਸਾਂਪਲਾ ਨੇ ਰੀਬਨ ਤੇ ਕੇਕ ਕੱਟ ਕੇ ਕੀਤੀ ਰਸਮੀ ਸ਼ੁਰੂਆਤ
ਅੰਮਿ੍ਤਸਰ, 23 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਸੰਸਦ ਸਮੇਤ ਸਾਰੇ ਪਲੇਟਫਾਰਮਾਂ ’ਤੇ ਕੀਤੀਆਂ
ਗਈਆਂ ਕੋਸ਼ਿਸ਼ਾਂ ਸਦਕਾ ਅੱਜ ਆਖਿਰ ਅੰਮ੍ਰਿਤਸਰ ਤੋਂ ਨਾਦੇੜ ਲਈ ਹਵਾਈ ਉਡਾਨ ਸ਼ੁਰੂ ਹੋ ਗਈ। ਫਿਲਹਾਲ ਇਹ 162 ਸਵਾਰੀਆਂ ਵਾਲੀ ਉਡਾਨ ਹਰੇਕ ਸ਼ਨਿਚਰਵਾਰ ਤੇ ਐਤਵਾਰ ਲਈ ਸ਼ੁਰੂ ਕੀਤੀ ਗਈ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਂਦਾਤੀ ਨੇ ਉਡਾਨ ਦੀ ਸਫਲਤਾ ਲਈ ਅਰਦਾਸ ਕੀਤੀ ਅਤੇ ਉਹ ਉਡਾਨ ਵਿਚ ਸੰਗਤ ਨਾਲ ਸ੍ਰੀ ਹਜ਼ੂਰ ਸਾਹਿਬ ਲਈ ਵੀ ਗਏ।
ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ੍ਰੀ ਨਾਦੇੜ ਸਾਹਿਬ ਲਈ ਉਡਾਨ ਸ਼ੁਰੂ ਕਰਨ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਸੁਲਤਾਨ ਸਿੰਘ ਨੇ ਜਹਾਜ਼ ਦੇ ਸਾਰੇ ਅਮਲੇ ਸਮੇਤ ਪਹਿਲੀ ਉਡਾਨ ਵਿਚ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ ਹੋਏ ਸਾਰੇ ਯਾਤਰੂਆਂ ਨੂੰ ਵੀ ਸਿਰੋਪਾਉ ਭੇਟ ਕਰਕੇ ਨਿਵਾਜਿਆ, ਜਦਕਿ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ੍ਰੀ ਦਰਬਾਰ ਸਾਹਿਬ ਤੋਂ ਲਿਆਂਦੇ ਸਿਹਰਿਆਂ ਨਾਲ ਹਵਾਈ ਅਮਲੇ ਦਾ ਸਨਮਾਨ ਕੀਤਾ।
ਉਡਾਨ ਸ਼ੁਰ੍ਰ ਕਰਨ ਲਈ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਵੀ ਉਚੇਚੇ ਤੌਰ ’ਤੇ ਅੰਮ੍ਰਿਤਸਰ ਪੁੱਜੇ ਅਤੇ ਉਨਾਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਓ.ਪੀ ਸੋਨੀ ਦੀ ਹਾਜ਼ਰੀ ਵਿਚ ਰਿਬਨ ਤੇ ਕੇਕ ਕੱਟ ਕੇ ਉਡਾਨ ਦੀ ਰਸਮੀ ਸ਼ੁਰੂਆਤ ਕੀਤੀ। ਏਅਰ ਇੰਡੀਆ ਦੀ ਉਡਾਨ ਏ.ਆਈ 815 ਰਾਹੀਂ ਅੱਜ ਲੋਕ ਸਭਾ ਮੈਂਬਰ ਔਜਲਾ ਸਮੇਤ 152 ਯਾਤਰੀ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ।ਵਿਜੈ ਸਾਂਪਲਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਲਈ ਹਵਾਈ ਉਡਾਨ ਸ਼ੁਰੂ ਕਰਨ ਦੇ ਯਤਨ ਵੀ ਜਾਰੀ ਹਨ ਅਤੇ ਆਸ ਹੈ ਕਿ ਛੇਤੀ ਹੀ ਇੰਨਾਂ ਨੂੰ ਵੀ ਬੂਰ ਪਵੇਗਾ।ਔਜਲਾ ਨੇ ਉਡਾਨ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆਸ ਪ੍ਰਗਟਾਈ ਕਿ ਸ਼ਰਧਾਲੂਆਂ ਦੇ ਉਤਸ਼ਾਹ ਸਦਕਾ ਛੇਤੀ ਹੀ ਇਹ ਉਡਾਨ ਰੋਜ਼ਾਨਾ ਹੋ ਜਾਵੇਗੀ। ਇਸ ਮੌਕੇ ਜਿਲਾ ਕਾਂਗਰਸ ਦੇ ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਸਾਬਕਾ ਮੰਤਰੀ ਅਨਿਲ ਜੋਸ਼ੀ, ਰਜਿੰਦਰ ਮੋਹਨ ਸਿੰਘ ਛੀਨਾ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media