ਸਮਰਾਲਾ, 24 ਦਸੰਬਰ (ਪੰਜਾਬ ਪੋਸਟ- ਕੰਗ) – ਸਰਕਾਰੀ ਪ੍ਰਾਇਮਰੀ ਸਕੂਲ ਹੇਡੋਂ ਤੋਂ 20 ਸਾਲਾਂ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਹੋਏ ਮੈਡਮ ਰਣਵੀਰ ਕੌਰ ਕੰਗ ਨੇ ਸਕੂਲ ਲਈ ਇੱਕ ਵੱਡਾ ਇੰਨਵਰਟਰ ਸਮੇਤ ਦੋ ਵੱਡੀਆਂ ਬੈਟਰੀਆਂ, ਕੁਰਸੀਆਂ, ਮੇਜ, ਛੱਤ ਵਾਲੇ ਪੱਖੇ ਅਤੇ 5100/- ਰੁਪਏ ਦੀ ਮਾਲੀ ਮੱਦਦ ਵੀ ਕੀਤੀ ਹੈ।ਸਕੂਲ ਅਧਿਆਪਕ ਸੁਖਰਾਜ ਸਿੰਘ ਨੇ ਦੱਸਿਆ ਕਿ ਮੈਡਮ ਰਣਵੀਰ ਕੌਰ ਕੰਗ ਨੇ ਆਪਣੀ ਸੇਵਾ ਦੌਰਾਨ ਇਸ ਸਕੂਲ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਸਮਸ਼ਪੁਰ ਦੇ ਵਿਕਾਸ ਲਈ ਆਪਣੀ ਜੇਬ, ਦਾਨੀ ਸੱਜਣਾਂ, ਪਰਿਵਾਰਕ ਮੈਂਬਰਾਂ ਅਤੇ ਨਗਰ ਪੰਚਾਇਤਾਂ ਦੇ ਸਹਿਯੋਗ ਨਾਲ ਕਰੀਬ 10 ਲੱਖ ਰੁਪਏ ਖਰਚ ਕੀਤੇ, ਜਿਨਾਂ ਨਾਲ ਇਨਾਂ ਸਕੂਲਾਂ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਗਈ।ਇਸ ਤੋਂ ਇਲਾਵਾ ਮੈਡਮ ਕੰਗ ਨੇ ਸੇਵਾ ਦੌਰਾਨ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਪੂਰਾ ਧਿਆਨ ਦੇ ਕੇ ਬੱਚਿਆਂ ਨੂੰ ਪੰਜਾਬ ਪੱਧਰ ਦੀਆਂ ਖੇਡਾਂ ਲਈ ਤਿਆਰ ਕੀਤਾ ਅਤੇ ਪੁਜੀਸ਼ਨਾਂ ਹਾਸਲ ਕਰਨ ਵਿੱਚ ਪੂਰਨ ਸਹਿਯੋਗ ਦਿੱਤਾ। ਉਨਾਂ ਅੱਗੇ ਦੱਸਿਆ ਕਿ ਮੈਡਮ ਰਣਵੀਰ ਕੌਰ ਕੰਗ ਨੇ ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਸ਼ਮਸ਼ਪੁਰ ਲਈ 5100/- ਰੁਪਏ, ਹਾਈ ਸਕੂਲ ਲਈ 5100/- ਰੁਪਏ, ਸੈਂਟਰ ਸਕੂਲ ਕੋਟਾਲਾ ਲਈ 2100/- ਰੁਪਏ, ਬੀ.ਪੀ.ਈ.ਓ ਦਫਤਰ ਸਮਰਾਲਾ 2 ਲਈ ਓਵਨ ਦਾਨ ਕੀਤੇ ਅਤੇ ਇਸ ਤੋਂ ਇਲਾਵਾ ਪ੍ਰਾਇਮਰੀ ਅਤੇ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਮਿਡਲ ਸਕੂਲ ਹੇਡੋਂ ਦੇ 30 ਬੱਚਿਆਂ ਨੂੰ ਕੰਗ ਪ੍ਰੋਫਾਈਲਜ਼ ਵੱਲੋਂ ਸਪੋਰਟਸ ਕਿੱਟਾਂ ਵੀ ਦਿੱਤੀਆਂ ਗਈਆਂ।ਮੈਡਮ ਕੰਗ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੇਸ਼ੱਕ ਉਹ ਸਰਕਾਰੀ ਸੇਵਾ ਤੋਂ ਮੁਕਤ ਹੋ ਰਹੇ ਹਨ, ਪ੍ਰੰਤੂ ਆਪਣੀ ਦਸਾਂ ਨੌਂਹਾਂ ਦੀ ਕਿਰਤ ਵਿੱਚੋਂ ਇਸ ਸਕੂਲ ਲਈ ਹਰ ਤਰਾਂ ਦੀ ਮੱਦਦ ਲਈ ਤਿਆਰ ਰਹਿਣਗੇ।ਇਸ ਮੌਕੇ ਮੈਡਮ ਕੰਗ ਦੇ ਪਤੀ ਇੰਦਰਜੀਤ ਸਿੰਘ ਕੰਗ, ਬੇਟਾ ਜਗਵੀਰ ਸਿੰਘ ਕੰਗ, ਬੇਟੀ ਕਰਮਜੋਤ ਕੌਰ ਕੰਗ, ਸਰਪੰਚ ਰਮਨ ਕੁਮਾਰ, ਅਵਤਾਰ ਸਿੰਘ, ਹਰਦੇਵ ਸਿੰਘ, ਕਰਨ ਸਿੰਘ, ਅਮਨਦੀਪ ਸਿੰਘ, ਸੁਖਰਾਜ ਸਿੰਘ, ਮੈਡਮ ਸੁਨੀਤਾ ਪਵਾਰ, ਵਰਿੰਦਰ ਕੁਮਾਰੀ, ਹਰਿੰਦਰ ਕੌਰ, ਬਲਵੰਤ ਸਿੰਘ ਆਦਿ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਅਤੇ ਬੱਚਿਆਂ ਦੇ ਮਾਪੇ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media