Sunday, March 29, 2026

ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਧੰਦਾ ਕਿਸਾਨਾਂ ਲਈ ਲਾਹੇਵੰਦ – ਛੀਨਾ

PPN2712201712ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਖੇਤੀ ਨਾਲ ਸਬੰਧਤ ਸਹਾਇਕ ਧੰਦਿਆਂ ਵਿੱਚ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਧੰਦਾ ਬਹੁਤ ਅਸਾਨ ਤੇ ਮੁਨਾਫੇ ਵਾਲਾ ਹੈ ਅਤੇ ਸ਼ਹਿਦ ਦਾ ਇਹ ਧੰਦਾ ਕਿਸਾਨਾਂ ਦੀ ਜ਼ਿੰਦਗੀ ਵਿੱਚ ਨਵੀਂ ਮਿਠਾਸ ਭਰ ਸਕਦਾ ਹੈ। ਕਿਸਾਨ ਭਰਾ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਧੰਦਾ ਸ਼ੁਰੂ ਕਰਕੇ ਚੋਖੀ ਆਮਦਨ ਕਮਾ ਸਕਦੇ ਹਨ।ਇਸ ਧੰਦੇ ਦੀ ਸਿਖਲਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਜਾਂ ਕਿ੍ਰਸ਼ੀ ਵਿਗਿਆਨ ਕੇਂਦਰਾਂ ਤੋਂ ਲੈ ਸਕਦੇ ਹਨ।
ਸ਼ਹਿਦ ਦੀਆਂ ਮੱਖੀਆਂ ਪਾਲਣ ਦੇ ਧੰਦੇ ਬਾਰੇ ਜਾਣਕਾਰੀ ਦਿੰਦਿਆਂ ਅੰਮਿ੍ਰਤਸਰ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਗੁਰਸ਼ਰਨਜੀਤ ਸਿੰਘ ਛੀਨਾ ਨੇ ਦੱਸਿਆ ਕਿ ਇਸ ਧੰਦੇ ਨੂੰ ਸ਼ੁਰੂ ਕਰਨ ਲਈ ਹਾਈਵ, ਸਿਰ ਅਤੇ ਚਿਹਰੇ ਉੱਪਰ ਪਹਿਣਨ ਵਾਲੀ ਜਾਲੀ, ਹਾਈਵ ਟੂਲ, ਸਮੋਕਰ, ਮੋਮ ਦੀਆਂ ਬੁਨਿਆਦੀ ਸੀਟਾਂ, ਰਾਣੀ ਨਖੇੜੂ ਜਾਲੀ ਆਦਿ ਸਮਾਨ ਚਾਹੀਦਾ ਹੁੰਦਾ ਹੈ।ਇਸ ਤੋਂ ਬਾਅਦ ਮੱਖੀ ਦੇ ਡੱਬੇ ਰੱਖਣ ਲਈ ਥਾਂ ਦੀ ਸਹੀ ਚੋਣ ਕਰਨੀ ਬਹੁਤ ਜਰੂਰੀ ਹੁੰਦੀ ਹੈ। ਜਿੱਥੇ ਸਾਰਾ ਸਾਲ ਸ਼ਹਿਦ ਮੱਖੀਆਂ ਲਈ ਉਪਯੋਗੀ ਫੁੱਲ, ਤਾਜ਼ੇ ਪਾਣੀ ਦਾ ਪ੍ਰਬੰਧ, ਲੋੜ ਅਨੁਸਾਰ ਧੁੱਪ ਅਤੇ ਛਾਂ, ਹੜ ਆਦਿ ਦੀ ਮਾਰ ਤੋਂ ਦੂਰ, ਘੱਟ ਤੋਂ ਘੱਟ ਖੜਕਾ-ਦੜਕਾ ਅਤੇ ਗੱਡੀ ਜਾਂ ਟਰੈਕਟਰ ਟਰਾਲੀ ਆਦਿ ਪਹੁੰਚਣ ਦੀ ਸੌਖ ਹੋਵੇ, ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਢੁਕਵੀਂ ਥਾਂ ਹੁੰਦੀ ਹੈ।
ਸ਼ਹਿਦ ਮੱਖੀਆਂ ਲਈ ਵਾਧੂ ਸ਼ਹਿਦ ਇਕੱਠਾ ਕਰਨ ਦੇ ਮੁੱਖ ਸੋਮੇ ਸਫ਼ੈਦਾ, ਤੋਰੀਆ, ਸਰੋਂ/ਰਾਇਆ, ਟਾਹਲੀ, ਬਰਸੀਮ, ਸੂਰਜਮੁਖੀ, ਅਰਹਰ, ਨਾਸ਼ਪਤੀ, ਕਪਾਹ, ਨਰਮਾ ਅਤੇ ਹੋਰ ਬਹਾਰੀ ਫੁੱਲ ਹਨ।ਸ਼ਹਿਦ ਦੀਆਂ ਮੱਖੀ ਖਰੀਦਣ ਸਮੇਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਪੂਰੇ ਭਰੇ ਹੋਏ ਅੱਠ ਛੱਤਿਆਂ ਤੋਂ ਘੱਟ ਮੱਖੀਆਂ ਨਾ ਹੋਣ।ਰਾਣੀ ਮੱਖੀ ਨਵੀਂ ਤੇ ਗਰਭਤ ਹੋਵੇ।ਨਵੀਂ ਗਰਭਤ ਰਾਣੀ ਮੱਖੀ ਦਾ ਧੜ ਹਲਕੇ ਸੰਤਰੀ ਰੰਗੀ ਅਤੇ ਚਮਕੀਲੀ ਹੁੰਦੀ ਹੈ।ਪੁਰਾਣੀ ਰਾਣੀ ਮੱਖੀ ਦਾ ਧੜ ਗੂੜੇ ਭੂਰੇ ਜਾਂ ਕਾਲੇ ਰੰਗ ਦਾ ਅਤੇ ਭੱਦੀ ਚਮਕ-ਦਮਕ ਵਾਲਾ ਹੁੰਦਾ ਹੈ।ਖ਼ਰੀਦੇ ਛੱਤਿਆਂ ਵਿੱਚ ਕਾਫੀ ਮਿਕਦਾਰ ਵਿੱਚ ਕਾਮਾ ਮੱਖੀਆਂ, ਅੰਡੇ ਅਤੇ ਬੰਦ ਬਰੂਡ ਆਦਿ ਹੋਣੇ ਚਾਹੀਦੇ ਹਨ।ਲੋੜੀਂਦੀ ਮਾਤਰਾ ਵਿੱਚ ਸ਼ਹਿਦ ਅਤੇ ਪੋਲਣ ਵੀ ਹੋਣਾ ਚਾਹੀਦਾ ਹੈ।ਅੰਡੇ ਸਹੀ, ਸੈਲਾਂ ਦੇ ਥੱਲੇ, ਵਿਚਕਾਰ ਅਤੇ ਹਰ ਸੈਲ ਵਿਚ ਇੱਕ-ਇੱਕ ਹੋਣੇ ਚਾਹੀਦੇ ਹਨ।ਜ਼ਿਆਦਾ ਡਰੋਨ ਬਰੂਡ ਵਾਲੇ ਛੱਤੇ ਨਵੇਂ ਕਟੁੰਬ ਵਿੱਚ ਨਹੀਂ ਹੋਣੇ ਚਾਹੀਦੇ।
ਸ਼ਹਿਦ ਮੱਖੀਆਂ ਦੇ ਕਟੁੰਬਾਂ ਦੇ ਗੇਟ ਬੰਦ ਕਰਨ ਉੁਪਰੰਤ ਇਨਾਂ ਦੀ ਢੋਆ-ਢੁਆਈ ਰਾਤ ਦੇ ਸਮੇਂ ਹੀ ਕਰੋ। ਕਟੁੰਬਾਂ ਨੂੰ ਘੱਟੋ-ਘੱਟ ਦਸ-ਦਸ ਫੁੱਟ ਦੂਰੀ ਦੀਆਂ ਲਾਈਨਾਂ ਵਿੱਚ ਹਾਈਵ ਤੋਂ ਹਾਈਵ ਦੀ ਵਿੱਥ 6 ਤੋਂ 8 ਫੁੱਟ ਅਤੇ ਗੇਟ ਚੜਦੇ ਪਾਸੇ ਵੱਲ ਪਰ ਆਮ ਆਵਾਜਾਈ ਦੇ ਰਸਤੇ ਤੋਂ ਉਲਟ ਪਾਸੇ ਵੱਲ ਕਰਕੇ ਰੱਖ ਕੇ ਟਿਕਾਉ ਅਤੇ ਇਨਾਂ ਦੇ ਗੇਟ ਖੋਲ ਦੇਣ ਚਾਹੀਦੇ ਹਨ।
ਇਸ ਤਰਾਂ ਕਿਸਾਨ ਵੀਰ ਸ਼ਹਿਦ ਦੀਆਂ ਮੱਖੀਆਂ ਪਾਲਣ ਦੇ ਧੰਦੇ ਤੋਂ ਚੋਖੀ ਮਾਤਰਾ ਵਿੱਚ ਸ਼ਹਿਦ ਪ੍ਰਾਪਤ ਕਰਕੇ ਚੰਗੀ ਆਮਦਨ ਕਮਾ ਸਕਦੇ ਹਨ।ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹਿਦ ਦੇ ਧੰਦੇ ਨੂੰ ਸ਼ੁਰੂ ਕਰਨ।ਇਸ ਲਈ ਹੋਰ ਜਾਣਕਾਰੀ ਲਈ ਬਾਗਬਾਨੀ ਵਿਭਾਗ ਦੇ ਦਫ਼ਤਰਾਂ ਨਾਲ ਰਾਬਤਾ ਕੀਤਾ ਜਾ ਸਕਦਾ ਹੈ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply