ਅੰਮ੍ਰਿਤਸਰ, 1 ਜਨਵਰੀ (ਪੰਜਾਬ ਪੋਸਟ- ਸਖਬੀਰ ਸਿੰਘ) – ਝਗੜੇ ਵਿੱਚ ਜਖਮੀ ਹੋਏ ਇੱਕ ਨੌਜਵਾਨ ਦੀ ਮੌਤ ਹੋ ਜਾਣ `ਤੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ
ਮੁਹੱਲਾ ਵਾਸੀਆਂ ਸਮੇਤ ਪੁਲਿਸ ਥਾਣਾ ਸੁਲਤਾਨਵਿੰਡ ਮੂਹਰੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਦੋਸ਼ੀਆਂ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ।
ਤਕਰੀਬਨ 22 ਸਾਲਾ ਮ੍ਰਿਤਕ ਨੌਜਵਾਨ ਬਿਕਰਮਜੀਤ ਸਿੰਘ ਦੀ ਮਾਤਾ ਪਰਮਜੀਤ ਕੌਰ ਵਿਧਵਾ ਹਰਜਿੰਦਰ ਸਿੰਘ ਵਾਸੀ ਨਿਊ ਕੋਟ ਆਤਮਾ ਰਾਮ ਸੁਲਤਾਨਵਿੰਡ ਰੋਡ ਅੰਮਿਤਸਰ ਨੇ ਦੱਸਿਆ ਕਿ ਰੰਜ਼ਿਸ਼ ਤਹਿਤ ਉਨਾਂ ਦੇ ਗਵਾਂਢੀ ਸੁਖਦੇਵ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਬੇਟੇ ਦੀ ਬਹੁਤ ਜਿਆਦਾ ਮਾਰਕੁੱਟ ਕੀਤੀ ਸੀ ।ਬੁਰੀ ਤਰਾਂ ਜਖਮੀ ਹੋਏ ਆਪਣੇ ਪੁੱਤਰ ਨੂੰ ਉਸ ਨੇ ਨਿੱਜੀ ਹਸਪਤਾਲ `ਚ ਦਾਖਲ ਕਰਵਾਇਆ ਸੀ, ਪ੍ਰੰਤੂ ਇਲਾਜ਼ ਦੌਰਾਨ ਅੱਜ ਉਸ ਦੀ ਮੌਤ ਹੋ ਗਈ ਹੈ।ਪਰਮਜੀਤ ਕੌਰ ਨੇ ਦੋਸ਼ ਲਾਇਆ ਕਿ ਪੁਲਿਸ ਵਲੋਂ ਇਸ ਮਾਮਲੇ `ਚ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸੇ ਦੌਰਾਨ ਸੁਲਤਾਨਵਿੰਡ ਥਾਣਾ ਇੰਚਾਰਜ ਨੀਰਜ਼ ਕੁਮਾਰ ਸਮੇਤ ਮੌਕੇ `ਤੇ ਪਹੁੰਚੇ ਏ.ਸੀ.ਪੀ ਸਾਊਥ ਮਨਜੀਤ ਸਿੰਘ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਤਾਂ ਇਹ ਧਰਨਾ ਚੁੱਕ ਲਿਆ ਗਿਆ।ਇਸ ਸਮੇਂ ਏ.ਸੀ.ਪੀ ਮਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕ ਬਿਕਰਮਜੀਤ ਸਿੰਘ ਪੁੱਤਰ ਲੇਟ ਹਰਜਿੰਦਰ ਸਿੰਘ ਦੇ ਦਾਦਾ ਬਲਬੀਰ ਸਿੰਘ ਵਲੋਂ ਦਿਤੇ ਬਿਆਨਾਂ `ਤੇ 26 ਦਸੰਬਰ 2017 ਨੂੰ ਥਾਣਾ ਸੁਲਤਾਨਵਿੰਡ ਵਿਖੇ ਐਫ.ਆਈ.ਆਰ ਨੰਬਰ 243 ਦਰਜ ਕੀਤੀ ਗਈ ਸੀ ਅਤੇ ਅੱਜ ਬਿਕਰਮਜੀਤ ਸਿੰਘ ਦੀ ਮੌਤ ਹੋਣ ਜਾਣ ਉਪਰੰਤ ਧਾਰਾ 302 ਜੋੜ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਉਨਾਂ ਕਿਹਾ ਕਿ ਇੱਕ ਕਥਿਤ ਦੋਸ਼ੀ ਸਿਮਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲ਼ਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਛੇਤੀ ਗ੍ਰਿਫਤਾਰ ਕਰ ਲ਼ਿਆ ਜਾਵੇਗਾ।ਦੱਸਣਯੋਗ ਹੈ ਕਿ ਧਰਨੇ ਕਾਰਣ ਘੰਟਿਆਂਬੱਧੀ ਆਵਾਜਾਈ ਰੁਕੀ ਰਹੀ ਤੇ ਸੜਕ ਦੇ ਦੋਵੇਂ ਪਾਸੇ ਵਾਹਣਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media