Friday, March 13, 2026

ਵਿਦੇਸ਼ੀ ਗੁਰਦੁਆਰਿਆਂ ’ਚ ਭਾਰਤੀ ਅਧਿਕਾਰੀਆਂ ’ਤੇ ਲੱਗੀ ਰੋਕ ਪਿੱਛੇ ਪ੍ਰਵਾਸੀ ਸਿੱਖਾਂ ਦਾ ਦਰਦ – ਦਿੱਲੀ ਕਮੇਟੀ

ਜੀ.ਕੇ ਨੇ ਸਰਕਾਰਾਂ ਨੂੰ ਆਪਣੀ ਨੀਤੀਆਂ ਦੀ ਪੜਚੋਲ ਕਰਨ ਦੀ ਕੀਤੀ ਅਪੀਲ

ਨਵੀਂ ਦਿੱਲੀ, 8 ਜਨਵਰੀ (ਪੰਜਾਬ ਪੋਸਟ ਬਿੳਰੋ) – ਵਿਦੇਸ਼ਾਂ ਦੇ ਗੁਰਦੁਆਰਿਆਂ ’ਚ ਭਾਰਤੀ ਅਧਿਕਾਰੀਆਂ ਦੇ ਦਾਖਲੇ ’ਤੇ ਰੋਕ ਲਗਾਉਣ ਦੇ ਸਾਹਮਣੇ ਆਏ ਰੁਝਾਨ manjit-singh-gkਪਿੱਛਲੇ ਦਰਦ ਨੂੰ ਸਮਝਣ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੌਕਾ ਦਿੱਤਾ ਹੈ। ਕੈਨੇਡਾ ਦੇ 14 ਗੁਰਦੁਆਰਾ ਸਾਹਿਬਾਨਾ ਤੋਂ ਬਾਅਦ ਹੁਣ ਅਮਰੀਕਾ ਦੇ 96 ਗੁਰਦੁਆਰਿਆਂ ਵੱਲੋਂ ਭਾਰਤੀ ਅਧਿਕਾਰੀਆਂ ਦੇ ਦਾਖਲੇ ’ਤੇ ਰੋਕ ਲਗਾਉਣ ਦੇ ਕੀਤੇ ਗਏ ਐਲਾਨ ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪ੍ਰਵਾਸੀ ਸਿੱਖਾਂ ਦੇ ਪੰਜਾਬ ਅਤੇ ਸਿੱਖਾਂ ਪ੍ਰਤੀ ਦਰਦ ਵੱਜੋਂ ਪ੍ਰਭਾਸ਼ਿਤ ਕੀਤਾ ਹੈ।
ਜੀ.ਕੇ ਨੇ ਕਿਹਾ ਕਿ ਹਾਲਾਂਕਿ ਗੁਰੂ ਦਾ ਸਿਧਾਂਤ ਕਿਸੇ ਨੂੰ ਵੀ ਗੁਰਦੁਆਰਾ ਸਾਹਿਬ ’ਚ ਦਾਖਲ ਹੋਣ ਤੋਂ ਰੋਕਣ ਦੀ ਹਾਮੀ ਨਹੀਂ ਭਰਦਾ ਪਰ ਪ੍ਰਵਾਸੀ ਸਿੱਖਾਂ ਵੱਲੋਂ ਭਾਰਤੀ ਅਧਿਕਾਰੀਆਂ ਤੇ ਸਮਰਥਕਾਂ ’ਤੇ ਲਗਾਈ ਗਈ ਰੋਕ ਪਿੱਛੇ ਪੰਜਾਬ ਅਤੇ ਸਿੱਖਾਂ ਦੇ ਰੌਸ਼ਨ ਭਵਿੱਖ ਨੂੰ ਸੁਰੱਖਿਤ ਕਰਨ ਦੀ ਆਸ਼ ਨਜ਼ਰ ਆਉਂਦੀ ਹੈ।ਅੱਜ ਸਿਆਸੀ ਪਾਰਟੀਆਂ ਅਤੇ ਸਰਕਾਰਾਂ ਨੂੰ ਇਸ ਬਾਬਤ ਪੜਚੋਲ ਕਰਨ ਦੀ ਲੋੜ ਹੈ ਕਿ ਆਖਿਰ ਬਾਹਰ ਵੱਸਦੇ ਸਿੱਖਾਂ ’ਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਇਨ੍ਹਾਂ ਗੁੱਸਾ ਕਿਉਂ ਹੈ।ਸਰਕਾਰਾਂ ਪੰਜਾਬ ਹਿਤੈਸ਼ੀ ਪ੍ਰਵਾਸੀ ਸਿੱਖਾਂ ਨੂੰ ਖਾਲਿਸਤਾਨ ਸਮਰਥਕ ਦੱਸ ਕੇ ਕਦੋਂ ਤਕ ਸਿੱਖਾਂ ਨੂੰ ਉਨ੍ਹਾਂ ਦੇ ਬਣਦੇ ਹੱਕਾਂ ਨੂੰ ਦੇਣ ਤੋਂ ਕਿਨਾਰਾ ਕਰਦੀਆਂ ਰਹਿਣਗੀਆਂ।
ਜੀ.ਕੇ. ਨੇ ਕਿਹਾ ਕਿ ਪ੍ਰਵਾਸੀ ਸਿੱਖਾਂ ਵੱਲੋਂ ਰੋਕ ਲਗਾਉਣ ਦੇ ਪਿੱਛੇ ਦਿੱਤੀਆਂ ਗਈਆਂ ਜਿਆਦਾਤਰ ਦਲੀਲਾ ਨੂੰ ਅਸੀਂ ਖਾਰਜ਼ ਨਹੀਂ ਕਰ ਸਕਦੇ। ਜਿਸ ’ਚ 1984 ਸਿੱਖ ਕਤਲੇਆਮ ਦਾ ਇਨਸਾਫ਼, ਪੰਜਾਬ ਦੇ ਪਾਣੀਆਂ ਦੀ ਵੰਡ, ਫ਼ਰਜ਼ੀ ਪੁਲਿਸ ਮੁਕਾਬਲੇ, ਸਿੱਖਾਂ ਨੂੰ ਅੱਤਵਾਦੀ ਦੱਸਕੇ ਜੇਲ੍ਹਾਂ ’ਚ ਪਾਉਣਾ ਅਤੇ ਸੱਜਾ ਪੂਰੀ ਹੋਣ ਦੇ ਬਾਵਜੂਦ ਸਿੱਖ ਕੈਦੀਆਂ ਦੀ ਰਿਹਾਈ ਨਾ ਹੋਣਾ ਆਦਿਕ ਕਈ ਮਸਲੇ ਹਨ।ਜਿਨ੍ਹਾਂ ਦੇ ਹੱਲ ਪ੍ਰਤੀ ਸਰਕਾਰਾਂ ਦਾ ਰਵਇਆ ਡੰਗ ਟਪਾਉਣ ਵਾਲਾ ਜਾਪਦਾ ਹੈ।
ਜੀ.ਕੇ ਨੇ ਸਾਫ਼ ਕੀਤਾ ਕਿ ਉਹ ਗੁਰਦੁਆਰਿਆਂ ’ਚ ਭਾਰਤੀ ਅਧਿਕਾਰੀਆ ਦੇ ਦਾਖਲੇ ’ਤੇ ਲਗਾਈ ਗਈ ਰੋਕ ਦਾ ਬਿਲਕੁਲ ਸਮਰਥਨ ਨਹੀਂ ਕਰਦੇ ਹਨ ਪਰ ਭਾਰਤ ’ਚ ਵੱਸਦੇ ਸਿੱਖਾਂ ਅਤੇ ਪੰਜਾਬ ਸੂਬੇ ਨੂੰ ਕਾਂਣੀ ਅੱਖ ਨਾਲ ਵੇਖਣ ਦੀ ਸਰਕਾਰਾਂ ਦੀ ਸੋਚ ਨੂੰ ਬਦਲਣਾ ਭਾਰਤੀ ਕੂਟਨੀਤੀ ਦੀ ਹੁਣ ਲੋੜ ਬਣ ਗਈ ਹੈ।ਇੱਕ ਪਾਸੇ ਵਿਦੇਸ਼ਾਂ ’ਚ ਵੱਸਦਾ ਸਿੱਖ ਆਪਣੀ ਮਿਹਨਤ ਸੱਦਕਾ ਬੁਲੰਦੀਆਂ ਨੂੰ ਛੂਹਣ ਦੇ ਬਾਵਜੂਦ ਵੀ ਆਪਣੀਆਂ ਜੜ੍ਹਾਂ ਦੀ ਖੈਰਿਅਤ ਵਾਸਤੇ ਫ਼ਿਕਰਮੰਦ ਨਜ਼ਰ ਆਉਂਦਾ ਹੈ ਤੇ ਦੂਜੇ ਪਾਸੇ ਸਰਕਾਰੀ ਏਜੰਸੀਆਂ ਸਿੱਖਾਂ ਨੂੰ ਇਨਸਾਫ਼ ਦੇਣ ਦੀ ਥਾਂ ਉਨ੍ਹਾਂ ਨੂੰ ਅੱਤਵਾਦੀ ਦੱਸਣ ਦੇ ਆਪਣੇ ਪੁਰਾਣੇ ਰੁਝਾਨ ਨੂੰ ਬਦਲਣ ਪ੍ਰਤੀ ਗੰਭੀਰ ਨਹੀਂ ਜਾਪਦੀਆਂ ਹਨ।
ਇਹੀ ਕਾਰਨ ਹੈ ਕਿ ਸਰਕਾਰਾਂ ਦੀਆਂ ਇਨ੍ਹਾਂ ਖਾਮੀਆਂ ਦਾ ਫਾਇਦਾ ਚੁੱਕ ਕੇ ਗੁਆਂਡੀ ਮੁਲਕ ਦੀਆਂ ਖੁਫਿਆਂ ਏਜੰਸੀਆਂ ਸਿੱਖਾਂ ਨੂੰ ਭੜਕਾ ਕੇ ਦੇਸ਼ ਦੇ ਅਕਸ਼ ਨੂੰ ਵਿਦੇਸ਼ਾਂ ’ਚ ਖਰਾਬ ਕਰਨ ਦਾ ਕੋਈ ਮੌਕਾ ਨਹੀਂ ਛੱਡਦੀਆਂ। ਉਨ੍ਹਾਂ ਕਿਹਾ ਕਿ ਹਾਲਾਂਕਿ ਪੰਥ ਦੀ ਇੱਕ ਜਿੰਮੇਵਾਰ ਕਮੇਟੀ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਕਦੇ ਵੀ ਆਪਣੇ ਵਿਰੋਧੀ ਵਿਚਾਰਧਾਰਾ ਵਾਲੇ ਸ਼ਖ਼ਸ ਨੂੰ ਗੁਰਦੁਆਰਾ ਸਾਹਿਬ ਵਿਖੇ ਆਉਣ ਤੋਂ ਰੋਕਣ ਦਾ ਫੈਸਲਾ ਲੈਣ ਦੀ ਥਾਂ ਉਸਦੀ ਵਿਚਾਰਧਾਰਾ ਨੂੰ ਬਦਲਣ ਪ੍ਰਤੀ ਸੁਹਿਰਦਤਾ ਦਿਖਾਉਣ ਦੀ ਕੋਸ਼ਿਸ਼ ਕਰਦਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply