ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਵਿੱਦਿਅਕ ਅਦਾਰਿਆਂ ਖਾਲਸਾ
ਕਾਲਜ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਖ਼ਾਲਸਾ ਕਾਲਜ ਆਫ਼ ਲਾਅ, ਖ਼ਾਲਸਾ ਕਾਲਜ ਆਫ਼ ਨਰਸਿੰਗ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਅੱਜ ਲੋਹੜੀ ਤਿਉਹਾਰ ਮੌਕੇ ਵਿਦਿਆਰਥੀਆਂ ਵਲੋਂ ਭੰਗੜਾ ਅਤੇ ਗਿੱਧੇ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਖੁਸ਼ੀਆਂ ਤੇ ਚਾਵਾਂ ਨਾਲ ਤਿਉਹਾਰ ਨੂੰ ਬੜੇ ਹੀ ਉਤਸ਼ਾਹ ਅਤੇ ਜੋਸ਼ੋ-ਖਰੋਸ਼ ਨਾਲ ਮਨਾਇਆ।
ਖ਼ਾਲਸਾ ਕਾਲਜ ਕੈਂਪਸ ਗਰਾਊਂਡ ’ਚ ਢੋਲ ਦੇ ਡੱਗੇ ’ਤੇ ਵਿਦਿਆਰਥੀਆਂ ਨੇ ਧਮਾਲਾਂ ਪਾਉਂਦਿਆਂ ਲੋਹੜੀ ਦੇ ਤਿਉਹਾਰ ਦੀ ਖੁਸ਼ੀ ਸਾਂਝੀ ਕਰਦਿਆਂ ਰੀਤੀ-ਰਿਵਾਜ਼ਾਂ ਮੁਤਾਬਕ ਭੁੱਗਾ ਬਾਲਣ ਦੀ ਰਸਮ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੇ ਖੁਸ਼ੀ ’ਚ ‘ਸੁੰਦਰ ਮੁੰਦਰੀਏ’ ਅਤੇ ‘ਆਈ-ਬੋ ਕਾਟਾ’ ਦੇ ਗੀਤ ਗਾਏ।ਸੱਭਿਆਚਾਰਕ ਪਹਿਰਾਵੇ ਪਹਿਣ ਕੇ ਆਪਣੇ ਦਿਲਕਸ਼ ਅੰਦਾਜ਼ ਭੁੱਗੇ ਦੁਆਲੇ ਨੱਚਦੀਆਂ ਮੁਟਿਆਰਾਂ ਤੇ ਗੱਭਰੂਆਂ ਨੇ ਹਾਜ਼ਰ ਸਟਾਫ਼ ਨੂੰ ਨਾਲ ਨੱਚਣ ’ਤੇ ਮਜ਼ਬੂਰ ਕਰ ਦਿੱਤਾ।
ਇਸ ਦੌਰਾਨ ਖ਼ਾਲਸਾ ਕਾਲਜ ਦੇ ਪ੍ਰਿੰ: ਡਾ. ਮਹਿਲ ਸਿੰਘ ਅਤੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਨੌਜਵਾਨਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਕਿਵੇਂ ਉਹ ਆਪਣੀ ਜਾਗਰੂਕਤਾ ਨਾਲ ਸਮਾਜਿਕ ਕੁਰੀਤੀਆਂ ਦਾ ਸਾਹਮਣਾ ਕਰਦੇ ਹੋਏ ਸਮਾਜ ਨੂੰ ਨਵੀਂ ਸੇਧ ਪ੍ਰਦਾਨ ਕਰ ਸਕਦੇ ਹਨ।ਜਿਸ ਉਪਰੰਤ ਸਮਾਜ ’ਚ ਫੈਲੇ ਹੋਏ ਲੜਕਾ ਅਤੇ ਲੜਕੀ ਦੇ ਵਿਤਕਰੇ ਨੂੰ ਦੂਰ ਕਰਦੇ ਹੋਏ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਲੜਕੀਆਂ ਦੀ ਲੋਹੜੀ ਦਾ ਤਿਉਹਾਰ ਮਨਾਇਆ। ਉਨ੍ਹਾਂ ਕਿਹਾ ਕਿ ਲੜਕੀਆਂ ਦਾ ਵੀ ਪੁੱਤਾਂ ਜਿੰਨ੍ਹਾਂ ਸਮਾਜ ’ਚ ਮਾਣ-ਸਨਮਾਨ ਬਣਦਾ ਹੈ ਅਤੇ ਅੱਜ ਲੜਕੀਆਂ ਲੜਕਿਆਂ ਨੂੰ ਪਛਾੜ ਕੇ ਉੱਚ ਅਹੁੱਦਿਆਂ ’ਤੇ ਬਿਰਾਜਮਾਨ ਹੋ ਰਹੀਆਂ ਹਨ।
ਇਸ ਦੌਰਾਨ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਡਾ. ਨੀਲਮ ਹੰਸ ਅਤੇ ਸ: ਨਾਨਕ ਸਿੰਘ ਨੇ ਆਪਣੀ-ਆਪਣੀ ਗੱਲਬਾਤ ਦੌਰਾਨ ਕਿਹਾ ਕਿ ਆਧੁਨਿਕ ਯੁੱਗ ’ਚ ਲੜਕੀਆਂ ਪ੍ਰਤੀ ਸਮਾਜ ਨੂੰ ਆਪਣੀ ਵਿਚਾਰਧਾਰਾ ਬਦਲਣ ਦੀ ਲੋੜ ਹੈ, ਕਿਉਂਕਿ ਸਮਾਜ ’ਚ ਅਜੇ ਵੀ ਧੀਆਂ ਪ੍ਰਤੀ ਕਈ ਇਨਸਾਨਾਂ ਦੀ ਪੁਰਾਤਨ ਸੋਚ ਹੈ ਇਸ ਲਈ ਸੋਚ ਨੂੰ ਬਦਲਦਿਆਂ ਧੀਆਂ ਨੂੰ ਬਰਾਬਰਤਾ ਦਾ ਦਰਜਾ ਦੇਣ ਲਈ ਅਜਿਹੇ ਲੋਕਾਂ ਨੂੰ ਸਮਾਜ ਦੇ ਕਦਮ ਨਾਲ ਕਦਮ ਮਿਲਾਕੇ ਚਲਦਿਆਂ ਪੁੱਤਾਂ ਦੀ ਲੋਹੜੀ ਵਾਂਗੂੰ ਹੀ ਧੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ।ਇਸ ਮੌਕੇ ਉਕਤ ਕਾਲਜਾਂ ’ਚ ਸਮੂਹ ਸਟਾਫ਼ ਦੇ ਨਾਲ ਵਿਦਿਆਰਥੀ ਵੀ ਮੌਜ਼ੂਦ ਸਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media