Tuesday, July 7, 2026

ਖੁੱਲੇ੍ਆਮ ਵਿੱਕ ਰਹੀ ਹੈ ਪਾਬੰਦੀਸ਼ੁਦਾ ਚਾਈਨਾ ਡੋਰ, ਪੁਲਿਸ ਦੀ ਕਾਰਗੁਜਾਰੀ ਸ਼ੱਕ ਦੇ ਘੇਰੇ ’ਚ

ਚਾਈਨਾ ਡੋਰ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਹੀ ਜਾਵੇਗਾ- ਐਸ.ਡੀ.ਐਮ

PPN1701201811ਧੂਰੀ, 17 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਖ਼ਤ ਪਾਬੰਧੀ ਦੇ ਬਾਅਦ ਵੀ ਸ਼ਹਿਰ ’ਚ ਸ਼ਰੇਆਮ ਚਾਈਨਾ ਡੋਰ ਵੇਚੀ ਜਾ ਰਹੀ ਹੈ।ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਉਡ ਰਹੀਆਂ ਧੱਜੀਆਂ ਬਾਰੇ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਐਂਟੀ ਡਰੱਗਜ਼ ਫਾਉਂਡੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਪੋਹਾਲ ਨੇ ਕਿਹਾ ਕਿ ਆਪਣੇ ਨਿੱਜੀ ਲਾਭ ਲਈ ਅਤੇ ਬੇਜ਼ੁਬਾਨ ਪੰਛੀਆਂ ਦੀ ਜਾਨ ਖਤਰੇ ’ਚ ਪਾ ਕੇ ਜਿਥੇ ਦੁਕਾਨਦਾਰ ਚਾਈਨਾ ਡੋਰ ਸ਼ਰੇਆਮ ਵੇਚ ਰਹੇ ਹਨ, ਉਥੇ ਹੀ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਕਿਨ੍ਹਾਂ ਕੁ ਤਤਪਰ ਹੈ ਇਹ ਵੀ ਸਾਫ਼ ਜ਼ਾਹਿਰ ਹੋ ਰਿਹਾ ਹੈ। ਭਾਵੇਂ ਥਾਣਾ ਸਿਟੀ ਧੂਰੀ ਦੀ ਪੁਲਿਸ ਵੱਲੋਂ ਵੱਖ-ਵੱਖ ਤਿੰਨ ਮੁਕੱਦਮਿਆਂ ’ਚ ਪਿਉ-ਪੁੱਤ ਸਣੇ ਚਾਰ ਤੋਂ ਕਰੀਬ ਸਾਢੇ ਚਾਰ ਗੁੱਟ ਚਾਈਨਾ ਡੋਰ ਬਰਾਮਦ ਕਰ ਕੇ ਉਨ੍ਹਾਂ ਖਿਲਾਫ਼ ਮੁੱਕਦਮਾ ਦਰਜ ਕਰਕੇ ਆਪਣੀ ਪਿੱਠ ਥਪਥਪਾਈ ਜਾ ਰਹੀ ਹੈ, ਪ੍ਰੰਤੂ ਲੰਘੇ ਕੁੱਝ ਦਿਨਾਂ ’ਚ ਪੁਲਿਸ ਵੱਲੋਂ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੱਡੀ ਮਾਤਰਾ ’ਚ ਚਾਈਨਾ ਡੋਰ ਸਮੇਤ ਕਾਬੂ ਕਰਨ ਉਪਰੰਤ ਰਾਜਨੀਤਿਕ ਦਬਾਅ ਹੇਠ ਛੱਡਣ ਦੀਆਂ ਚਰਚਾਵਾਂ ਵੀ ਸ਼ਹਿਰ ਅੰਦਰ ਪੂਰੇ ਜ਼ੋਰਾਂ-ਸ਼ੋਰਾਂ `ਤੇ ਹੋਣ ਕਾਰਨ ਪੁਲਿਸ ਦੀ ਕਾਰਜਗੁਜਾਰੀ ਸ਼ੱਕ ਦੇ ਘੇਰੇ ’ਚ ਹੈ।ਉਹਨਾਂ ਅੱਗੇ ਕਿਹਾ ਕਿ ਚਾਈਨਾ ਡੋਰ ਇਕ ਮਾਰੂ ਹਥਿਆਰ ਹੈ, ਜਿਸ ਦੀ ਵਰਤੋਂ ਕਰਨ ਨਾਲ ਅਨੇਕਾਂ ਵਿਅਕਤੀ ਅਤੇ ਪਸ਼ੂ-ਪੰਛੀ ਆਪਣੀ ਜਾਨ ਗੁਆ ਚੁੱਕੇ ਹਨ।ਉਨ੍ਹਾਂ ਕਿਹਾ ਕਿ ਪੁਲਿਸ ਦੀ ਇਸ ਕਾਰਗੁਜਾਰੀ ਸਬੰਧੀ ਉਹ ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੂੰ ਵੀ ਮਿਲਣਗੇ ਅਤੇ ਮਾਮਲੇ ਦੀ ਜਾਂਚ ਕਰਨ ਸਬੰਧੀ ਮੰਗ ਕਰਨਗੇ।ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਸ਼ਹਿਰਾਂ ਅੰਦਰ ਜਲਦ ਹੀ ਪੈਦਲ ਮਾਰਚ ਵੀ ਕੱਢਿਆ ਜਾਵੇਗਾ।
ਜਦੋਂ ਇਸ ਸਬੰਧੀ ਡੀ.ਐਸ.ਪੀ ਧੂਰੀ ਅਕਾਸ਼ਦੀਪ ਸਿੰਘ ਔਲਖ ਅਤੇ ਐਸ.ਐਚ.ਓ ਥਾਣਾ ਸਿਟੀ ਧੂਰੀ ਰਾਜੇਸ਼ ਸਨੇਹੀ ਨਾਲ ਫੋਨ `ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਹੀ ਨਹੀ ਚੁੱਕਿਆ।ਜਦੋਂ ਨਿੱਜੀ ਤੋਰ `ਤੇ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਤਾਂ ਡੀ.ਐਸ.ਪੀ ਧੂਰੀ ਛੁੱਟੀ `ਤੇ ਸਨ ਅਤੇ ਐਸ.ਐਚ.ਓ ਸਿਟੀ ਧੂਰੀ ਥਾਣੇ ਵਿਚ ਮੌਜੂਦ ਨਹੀ ਸੀ।
ਜਦੋਂ ਇਸ ਸਬੰਧੀ ਐਸ.ਡੀ.ਐਮ ਧੂਰੀ ਅਮਰੇਸ਼ਵਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀ ਜਾਵੇਗਾ ਅਤੇ ਉਹ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਫੜ ਕੇ ਛੱਡਣ ਦੀ ਚਰਚਾਵਾਂ ਸਬੰਧੀ ਡੀ.ਐਸ.ਪੀ ਧੂਰੀ ਨਾਲ ਗੱਲ ਕਰਨਗੇ ਅਤੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply