ਪੱਤਰਕਾਰਾਂ ਨਾਲ ਵਧੀਕੀ ਬਰਦਾਸ਼ਤ ਨਹੀ ਕੀਤੀ ਜਾਵੇਗੀ – ਜਸਬੀਰ ਪੱਟੀ
ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਲੰਧਰ ਤੋ ਅੰਗਰੇਜ਼ੀ ਅਖਬਾਰ ਦੀ ਇੱਕ ਪੱਤਰਕਾਰ ਮੈਡਮ ਰਚਨਾ ਖਹਿਰਾ ਦੇ ਖਿਲਾਫ ਦਰਜ
ਕੀਤੇ ਗਏ ਮੁਕਦੱਮੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਚੰਡੀਗੜ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵੱਲੋ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਦਾ ਨਾਮ ਜਿਲੇ ਦੇ ਡਿਪਟੀ ਕਮਿਸ਼ਨਰ ਰਾਹੀ ਇੱਕ ਪੱਤਰ ਦਿੱਤਾ ਗਿਆ।ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਜਿਥੇ ਮੰਗ ਕੀਤੀ ਗਈ ਕਿ ਰਚਨਾ ਖਹਿਰਾ ਦੇ ਖਿਲਾਫ ਦਰਜ ਮੁਕੱਦਮਾ ਹੀ ਰੱਦ ਨਾ ਕੀਤਾ ਜਾਵੇ ਸਗੋਂ ਭਵਿੱਖ ਵਿੱਚ ਯਕੀਨੀ ਵੀ ਬਣਾਇਆ ਜਾਵੇ ਅਜਿਹੀ ਹਰਕਤ ਦੁਬਾਰਾ ਨਹੀ ਹੋਵੇਗੀ।
ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਕੀਤੇ ਗਏ ਮਾਰਚ ਵਿੱਚ ਮੋਦੀ ਸਰਕਾਰ ਦੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਤੇ ਸਰਕਾਰ ਵਿਰੋਧੀ ਨਾਅਰੇ ਲਗਾਉਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਦਾ ਗਲਾ ਘੁੱਟਣ ਦੀ ਕਿਸੇ ਵੀ ਕੀਮਤ ਤੇ ਇਜ਼ਾਜਤ ਨਹੀ ਦਿੱਤੀ ਜਾਵੇਗੀ ਅਤੇ ਜੇਕਰ ਮੀਡੀਆ ਦੀ ਅਜ਼ਾਦੀ ਲਈ ਕੁਰਬਾਨੀਆਂ ਤੋ ਵੀ ਜਥੇਬੰਦੀ ਪਿੱਛੇ ਨਹੀ ਹੱਟੇਗੀ।ਉਹਨਾਂ ਕਿਹਾ ਕਿ ਰਚਨਾ ਖਹਿਰਾ ਨੇ ਨਾ ਤਾਂ ਕੋਈ ਕਨੂੰਨ ਦੀ ਉਲੰਘਣਾ ਕੀਤੀ ਹੈ ਅਤੇ ਨਾ ਹੀ ਸੰਵਿਧਾਨ ਨੂੰ ਕੋਈ ਠੇਸ ਪਹੁੰਚਾਈ ਹੈ, ਸਗੋ ਇੱਕ ਪੱਤਰਕਾਰ ਦਾ ਰੋਲ ਸਰਕਾਰ ਤੇ ਸਮਾਜ ਵਿਚਕਾਰ ਕੜੀ ਦਾ ਕੰਮ ਕਰਕੇ ਬਾਖੂਬੀ ਨਿਭਾਇਆ ਹੈ।ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ।ਮੀਡੀਆ ਦਾ ਕਾਰਜ ਹੀ ਸਰਕਾਰ ਦੀਆ ਨੀਤੀਆਂ ਤੇ ਸਮਾਜ ਦੀਆਂ ਮੁਸ਼ਕਲਾਂ ਨੂੰ ਉਜਾਗਰ ਕਰਨ ਦੇ ਨਾਲ ਨਾਲ ਸਰਕਾਰ ਦੀਆ ਗਲਤ ਨੀਤੀਆਂ ਕਾਰਨ ਸਮਾਜ ਨੂੰ ਪੁੱਜ ਰਹੇ ਨੁਕਸਾਨ ਨੂੰ ਜਨਤਾ ਦੇ ਸਾਹਮਣੇ ਲਿਆਉਣਾ ਹੈ।
ਅਧਾਰ ਕਾਰਡ ਨੂੰ ਅਧਾਰ ਬਣਾ ਕੇ ਸਰਕਾਰ ਦੇਸ਼ ਦੇ ਨਾਗਰਿਕਾਂ ਦੇ ਸਾਰੇ ਲਿੰਕ ਇਸ ਨਾਲ ਹੀ ਜੋੜਣਾ ਚਾਹੁੰਦੀ ਹੈ ਪਰ ਰਚਨਾ ਖਹਿਰਾ ਨੇ ਉਹ ਸ਼ੱਕ ਸੱਚਾਈ ਵਿੱਚ ਬਦਲ ਦਿੱਤਾ, ਜਿਸ ਬਾਰੇ ਪਿਛਲੇ ਸਾਢੇ ਤਿੰਨ ਸਾਲਾਂ ਤੋ ਬੁੱਧੀਜੀਵੀ ਵਰਗ ਕਾਵਾਂਰੌਲੀ ਪਾ ਰਿਹਾ ਹੈ ਕਿ ਆਧਾਰ ਕਾਰਡ ਨਾਲ ਹਰ ਕੁਨੈਕਸ਼ਨ ਨੂੰ ਜੋੜਣ ਨਾਲ ਹਰ ਨਾਗਰਿਕ ਦੀ ਸਮਾਜਿਕ ਸੁਰੱਖਿਆ ਖਤਰੇ ਵਿੱਚ ਪੈ ਜਾਵੇਗੀ।ਉਹਨਾਂ ਕਿਹਾ ਕਿ ਯੂਨੀਕ ਆਈਡੈਂਟਿਟੀ ਅਥਾਰਟੀ ਆਫ ਇੰਡੀਆ ਨੇ ਆਪਣੀ ਨਲਾਇਕੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਿਆਂ ਰਚਨਾ ਦੇ ਖਿਲਾਫ ਪਰਚਾ ਦਰਜ ਕਰਵਾ ਕੇ ਇੱਕ ਮਰਿਆ ਸੱਪ ਗਲ ਵਿੱਚ ਪਾ ਲਿਆ ਜਿਹੜਾ ਹੁਣ ਇਸ ਵਿਭਾਗ ਦੇ ਗਲੋ ਲਹਿ ਨਹੀ ਰਿਹਾ। ਭਾਵੇਂ ਸਰਕਾਰ ਨੇ ਕਹਿ ਦਿੱਤਾ ਹੈ ਕਿ ਕਿਸੇ ਵੀ ਵਿਅਕਤੀ ਦੀ ਗ੍ਰਿਫਤਾਰੀ ਨਹੀ ਹੋਵੇਗੀ, ਸਗੋ ਪੜਤਾਲ ਕੀਤੀ ਜਾ ਰਹੀ ਹੈ ਕਿ ਅਜਿਹਾ ਕਿਉ ਹੋਇਆ, ਪਰ ਪੱਤਰਕਾਰਤਾ ਦੇ ਇਖਲਾਕ ਨੂੰ ਜਿਹੜੀ ਸੱਟ ਵੱਜੀ ਹੈ ਉਸ ਨੂੰ ਕਿਸੇ ਵੀ ਕੀਮਤ ਤੇ ਅੱਖੋ ਪਰੋਖੇ ਨਹੀ ਕੀਤਾ ਜਾ ਸਕਦਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਵੀ ਮੀਡੀਆ ਦੇ ਹੱਕ ਵਿੱਚ ਖਲੋਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੈਪਟਨ ਸਾਹਿਬ ਦੇ ਸੂਬੇ ਦੇ ਮੁੱਖੀ ਹੋਣ ਨਾਤੇ ਸਹੀ ਭੂਮਿਕਾ ਨਿਭਾਈ ਹੈ।ਇਸੇ ਤਰਾਂਐਸੋਸੀਏਸ਼ਨ ਵੱਲੋ ਇੱਕ ਪੱਤਰ ਮੁੱਖ ਮੰਤਰੀ ਦੇ ਨਾਮ ਵੀ ਦਿੱਤਾ ਗਿਆ ਜਿਸ ਵਿੱਚ ਪੰਜਾਬ ਸਰਕਾਰ ਤੋ ਵੀ ਮੰਗ ਕੀਤੀ ਗਈ ਕਿ ਪੱਤਰਕਾਰ ਨਾਲ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦੇ ਸਰਕਾਰ ਤੁਰੰਤ ਪੂਰੇ ਕਰੇ।
ਇਸ ਮੁਜਾਹਰੇ ਵਿੱਚ ਪ੍ਰਧਾਨ ਜਸਬੀਰ ਸਿੰਘ ਪੱਟੀ ਤੋ ਇਲਾਵਾ, ਕਨਵੀਨਰ ਵਿਜੇ ਪੰਕਜ, ਜਗਜੀਤ ਸਿੰਘ ਜੱਗਾ, ਅਮਰੀਕ ਸਿੰਘ ਵੱਲਾ, ਪਰਮਜੀਤ ਸਿੰਘ ਬੱਗਾ ਵੇਰਕਾ, ਰਾਜੇਸ਼ ਡੈਨੀ, ਫੁਲਜੀਤ ਸਿੰਘ ਵਰਪਾਲ, ਹਰਪਾਲ ਸਿੰਘ, ਜਸਬੀਰ ਸਿੰਘ ਛੀਨਾ ਜਿਲਾ ਪ੍ਰਧਾਨ ਤਰਨ ਤਾਰਨ, ਬਲਵਿੰਦਰ ਕੁਮਾਰ ਭੱਲਾ ਇੰਚਾਰਜ ਬਟਾਲਾ, ਬਲਜੀਤ ਸਿੰਘ ਜੈਂਤੀਪੁਰ, ਭੁਪਿੰਦਰ ਸਿੰਘ ਸਰਪੰਚ ਕੱਥੂਨੰਗਲ, ਮਲਕੀਅਤ ਸਿੰਘ, ਤਰਸੇਮ ਸਿੰਘ ਸਾਧਪੁਰ, ਜਗਤਾਰ ਸਿੰਘ ਮਾਹਲਾ, ਜਗਜੀਤ ਸਿੰਘ ਕੰਗ, ਸਰਬਜੀਤ ਸਿੰਘ, ਜਸਬੀਰ ਸਿੰਘ ਗਿੱਲ ਭਕਨਾ, ਦਰਸ਼ਨ ਸਿੰਘ ਚੀਚਾ, ਵਿਜੇ ਕੁਮਾਰ ਸ਼ਰਮਾ, ਸਤਬੀਰ ਸਿੰਘ ਰਾਜੂ, ਮਲਕੀਅਤ ਸਿੰਘ ਗਾਡ ਫਾਦਰ, ਅਮਨ ਦੇਵਗਨ, ਵਿਸ਼ਾਲ ਸ਼ਰਮਾ, ਮਾਸਟਰ ਅਸ਼ੋਕ, ਕਸ਼ਮੀਰ ਸਿੰਘ ਸਹੋਤ, ਸੰਨੀ ਸਹੋਤਾ, ਸਵਿੰਦਰਪਾਲ ਸਿੰਘ, ਡਾਕਟਰ ਦਿਲਬਾਗ ਸਿੰਘ, ਮਨਜੀਤ ਸਿੰਘ ਸੰਨੀ, ਹਨੀ, ਸੁਰਜੀਤ ਸਿੰਘ ਪੰਜਾਬੀ ਜਾਗਰਣ, ਬਲਵਿੰਦਰ ਸ਼ਰਮਾ ਚਵਿੰਡਾ ਦੇਵੀ, ਅਰਵਿੰਦਰ ਸਿੰਘ ਭਾਟੀਆ ਬਟਾਲਾ ਅਤੇ ਅਰਵਿੰਦਰ ਕੁਮਾਰ ਤੋ ਇਲਾਵਾ ਹੋਰ ਵੀ ਬਹੁਤ ਸਾਰੇ ਪੱਤਰਕਾਰਾਂ ਨੇ ਹਿੱਸਾ ਲਿਆ।ਪੱਤਰਕਾਰਾਂ ਨੇ 7 ਸਤੰਬਰ 2016 ਨੂੰ ਪੱਤਰਕਾਰਾਂ `ਤੇ ਲਾਠੀਚਾਰਜ ਕਰਨ ਵਾਲੇ ਡੀ.ਐਸ.ਪੀ ਬਾਲ ਕ੍ਰਿਸ਼ਨ ਸਿੰਗਲਾ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ।ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਪੱਤਰਕਾਰਾਂ ਨਾਲ ਵਧੀਕੀ ਕਿਸੇ ਵੀ ਕੀਮਤ `ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media