Thursday, June 11, 2026

ਅੰਮ੍ਰਿਤਸਰ ਵਿਖੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਲਹਿਰਾਇਆ ਕੌਮੀ ਝੰਡਾ

PPN2601201816  ਅੰਮ੍ਰਿਤਸਰ, 26 ਜਨਵਰੀ (ਪੰਜਾਬ ਪੋਸਟ – ਮਨਜੀਤ ਸਿੰਘ) – 69ਵਾਂ ਗਣਤੰਤਰ ਦਿਵਸ ਅੰਮ੍ਰਿਤਸਰ ਵਿਖੇ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ।ਗੁਰੂ ਨਾਨਕ ਸਟੇਡੀਅਮ ਵਿਖੇ ਹੋਏ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ ਅਤੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੇ ਕੌਮੀ ਝੰਡਾ ਲਹਿਰਾਇਆ।ਮੁੱਖ ਮਹਿਮਾਨ ਨੇ ਪਰੇਡ ਦਾ ਨਿਰੀਖਣ ਕਰਨ ਤੋਂ ਬਾਅਦ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ।ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਤੇ ਪੁਲਿਸ ਕਮਿਸ਼ਨਰ ਐਸ.ਐਸ ਸ੍ਰੀਵਾਸਤਵਾ ਉਨ੍ਹਾਂ ਦੇ ਨਾਲ ਸਨ।ਪਰੇਡ ਕਮਾਂਡਰ ਪਰਮਿੰਦਰ ਕੌਰ ਏ.ਸੀ.ਪੀ ਦੀ ਅਗਵਾਈ ਵਿਚ ਪੁਲਿਸ, ਹੋਮਗਾਰਡਜ਼, ਐਨ.ਸੀ.ਸੀ ਕੈਡਿਟਾਂ, ਐਨ.ਐਸ.ਐਸ ਸਕਾਊਟਸ ਅਤੇ ਗਰਲਜ਼ ਗਾਈਡਜ਼ ਦੀਆਂ ਟੁਕੜੀਆਂ ਨੇ ਸ਼ਾਨਦਾਰ ਪਰੇਡ ਦਾ ਪ੍ਰਦਰਸ਼ਨ ਕੀਤਾ ਜਦ ਕਿ ਪੰਜਾਬ ਪੁਲਿਸ ਅਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਬੈਂਡ ਦੀਆਂ ਧੁਨਾਂ ਵਜਾ ਕੇ ਸਮਾਗਮ ਨੂੰ ਸੰਗੀਤਕ ਰੰਗਤ ਦਿੱਤੀ।ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵਲੋਂ ਵਿਕਾਸ ਨੂੰ ਦਰਸਾਉਂਦੀਆਂ ਸਾਨਦਾਰ ਝਾਕੀਆਂ ਨੇ ਦਿਲਕਸ਼ ਨਜ਼ਾਰਾ ਪੇਸ਼ ਕੀਤਾ।PPN2601201817
ਧਰਮਸੋਤ ਨੇ ਇਸ ਮੌਕੇ ਆਪਣੇ ਸੰਬੋਧਨ ’ਚ ਪੰਜਾਬ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਦੇਸ਼ ਦੇ ਲੋਕਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਆਜ਼ਾਦੀ ਦੀ ਲੜਾਈ ਲੜੀ ਅਤੇ ਅਥਾਹ ਕੁਰਬਾਨੀਆਂ ਦੇ ਕੇ ਆਜ਼ਾਦੀ ਪ੍ਰਾਪਤ ਕੀਤੀ।ਇਨ੍ਹਾਂ ਕੁਰਬਾਨੀਆਂ ਸਦਕਾ 15 ਅਗਸਤ, 1947 ਨੂੰ ਦੇਸ਼ ਆਜ਼ਾਦ ਹੋਇਆ।ਦੇਸ਼ ਦੇ ਨੇਤਾਵਾਂ ਅਤੇ ਚਿੰਤਕਾਂ ਨੇ ਦੇਸ਼ ਨੂੰ ਸੰਸਾਰ ਦਾ ਵੱਡਾ ਲੋਕਤੰਤਰ ਗਣਰਾਜ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਜਿਸ ਤਹਿਤ 26 ਜਨਵਰੀ, 1950 ਨੂੰ ਦੇਸ਼ ਵਿੱਚ ਸਵਿਧਾਨ ਲਾਗੂ ਹੋਣ ਨਾਲ ਦੇਸ਼ ਲੋਕਤੰਤਰੀ ਗਣਰਾਜ ਬਣ ਗਿਆ। ਉਨ੍ਹਾਂ ਕਿਹਾ ਕਿ ਸੰਵਿਧਾਨ ਤਹਿਤ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ।ਸਾਡੇ ਦੇਸ਼ ਵਿੱਚ ਕਿਸੇ ਵੀ ਵਿਅਕਤੀ ਨਾਲ ਜਾਤ, ਧਰਮ, ਫਿਰਕੇ ਬਰਾਦਰੀ, ਬੋਲੀ ਜਾਂ ਇਲਾਕੇ ਦੇ ਅਧਾਰ ਤੇ ਵਿਤਕਰਾ ਨਹੀਂ ਕੀਤਾ ਜਾਂਦਾ।ਉਨ੍ਹਾਂ ਕਿਹਾ ਕਿ ਸੰਵਿਧਾਨ ਵਿੱਚ ਰਾਸ਼ਟਰ ਨਿਰਮਾਣ ਵਾਸਤੇ ਨਾਗਰਿਕਾਂ ਦੇ ਫਰਜ ਵੀ ਅੰਕਿਤ ਕੀਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਫਸਲਾਂ ਦੇ ਖਰਾਬੇ ਦੀ ਮੁਆਵਜਾ ਰਾਸ਼ੀ 8000 ਰੁਪੲੈ ਤੋਂ ਵਧਾ ਕੇ 12000 ਰੁਪਏ ਪ੍ਰਤੀ ਏਕੜ ਕਰ ਦਿੱਤੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਦੀ ਅਲਾਮਤ ਦੇ ਖਾਤਮੇ ਲਈ ਇਕ ਵਿਸੇਸ਼ ਟਾਸਕ ਫੋਰਸ (ਐਸ:ਟੀ:ਐਫ) ਗਠਿਤ ਕੀਤੀ ਗਈ ਹੈ।ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਵਿਲੱਖਣ ਪਹਿਲਕਦਮੀ ਕਰਦਿਆਂ ਸਾਬਕਾ ਫੌਜੀਆਂ ਨੂੰ ਪ੍ਰਬੰਧਾਂ ਦੇ ਰਾਖੇ ਦੀ ਉਪਾਧੀ ਦਿੱਤੀ ਹੈ ਅਤੇ ਅਸ਼ੀਰਵਾਦ ਸਕੀਮ ਤਹਿਤ 15000 ਰੁਪਏ ਤੋਂ ਵਧਾ ਕੇ 21000 ਰੁਪਏ ਦੀ ਰਾਸ਼ੀ ਕਰ ਦਿੱਤੀ ਹੈ। PPN2601201818
ਸਾਧੂ ਸਿੰਘ ਧਰਮਸੋਤ ਨੇ ਅੰਮ੍ਰਿਤਸਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਵੇਲੇ ਜੰਗਲਾਤ ਅਧੀਨ ਰਕਬਾ 7 ਫੀਸਦੀ ਹੈ ਜਿਸ ਨੂੰ ਵਧਾ ਕੇ 15 ਫੀਸਦੀ ਕਰਨ ਦਾ ਟੀਚਾ ਮਿਥਿਆ ਗਿਆ ਹੈ ਅਤੇ ਆਸ ਹੈ ਕਿ ਛੇਤੀ ਹੀ ਗੁਰੂ ਨਗਰੀ ਦੀਆਂ ਸੜਕਾਂ ਤੇ ਹਰੇ ਭਰੇ ਦਰੱਖਤ ਨਜ਼ਰ ਆਉਣਗੇ।ਉਨ੍ਹਾਂ ਕਿਹਾ ਕਿ ਅੰਮਿ੍ਰਤਸਰ ਜਿਲੇ੍ਹ ਦੇ 9 ਬਲਾਕਾਂ ਵਿੱਚੋਂ 8 ਬਲਾਕਾਂ ਨੂੰ ਖੁੱਲੇ ਵਿੱਚ ਸ਼ੋਚ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਛੇਤੀ ਹੀ ਰਹਿੰਦਾ ਇਕ ਬਲਾਕ ਸ਼ੋਚ ਤੋਂ ਮੁਕਤ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅਸ਼ੀਰਵਾਦ, ਘਰ ਘਰ ਨੌਕਰੀ ਆਦਿ ਸਕੀਮਾਂ ਦਾ 13000 ਲੋਕਾਂ ਨੂੰ ਲਾਭ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਨੂੰ ਨਸ਼ਾ ਮ੍ਰੁਕਤ ਕਰਨ ਲਈ ਅੰਮਿ੍ਰਤਸਰ ਜਿਲੇ੍ਹ ਵਿੱਚ ਕਲੀਨਿਕ ਸ਼ੁਰੂ ਕੀਤੇ ਗਏ ਹਨ ਜਿਸ ਵਿੱਚ ਨਸ਼ਾ ਪੀੜਤਾਂ ਨੂੰ ਉਨ੍ਹਾਂ ਦੀ ਪਛਾਣ ਸਾਰਵਜਨਿਕ ਕੀਤੇ ਬਿਨਾਂ ਮੁਫ਼ਤ ਦਵਾਈ ਦਿੱਤੀ ਜਾਂਦੀ ਹੈ।
ਇਸ ਮੌਕੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੀਆਂ ਸ਼ਖਸੀਅਤਾਂ, ਪੜ੍ਹਾਈ ਅਤੇ ਖੇਡਾਂ ਵਿਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ।ਇਸ ਤੋਂ ਇਲਾਵਾ ਉਨ੍ਹਾਂ ਲੋੜਵੰਦਾਂ ਨੂੰ ਟਰਾਈ ਸਾਈਕਲ ਅਤੇ ਸਿਲਾਈ ਮਸ਼ੀਨਾਂ ਵੀ ਤਕਸੀਮ ਕੀਤੀਆਂ।
ਧਰਮਸੋਤ ਨੇ ਵਿਸੇਸ਼ ਤੌਰ ਤੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਪ੍ਰਧਾਨ ਮੰਤਰੀ ਵਿਕਾਸ ਯੋਜਨਾ ਸਕੀਮ ਦਾ 4 ਲਾਭਪਾਤਰੀਆਂ ਨੂੰ ਘਰਾਂ ਦੇ ਅਥਾਰਟੀ ਪੱਤਰ ਦਿੱਤੇ ਅਤੇ ਇਸੇ ਤਰ੍ਹਾਂ ਘਰ ਘਰ ਨੌਕਰੀ ਸਕੀਮ ਅਧੀਨ ਲਾਭਪਾਤਰੀਆਂ ਨੂੰ ਵੀ ਇਨ੍ਹਾਂ ਸਕੀਮਾਂ ਦਾ ਲਾਭ ਦਿੱਤਾ ਗਿਆ।
ਇਸ ਮੌਕੇ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ, ਕਰਮਜੀਤ ਸਿੰਘ ਰਿੰਟੂ ਮੇਅਰ ਨਗਰ ਨਿਗਮ ਅੰਮਿ੍ਰਤਸਰ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਓਮ ਪ੍ਰਕਾਸ਼ ਸੋਨੀ, ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ, ਹਰਪ੍ਰਤਾਪ ਸਿੰਘ ਅਜਨਾਲਾ, ਸ੍ਰੀ ਤਰਸੇਮ ਸਿੰਘ ਡੀ:ਸੀ (ਸਾਰੇ ਵਿਧਾਇਕ) ਜ਼ਿਲ੍ਹਾ ਤੇ ਸੈਸ਼ਨ ਜੱਜ ਕਰਮਜੀਤ ਸਿੰਘ ਕੰਗ, ਸ੍ਰੀ ਸੁਭਾਸ਼ ਕੁਮਾਰ ਵਧੀਕ ਡਿਪਟੀ ਕਮਿਸ਼ਨਰ, ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਜਨਰਲ, ਨਿਤਿਨ ਸਿੰਗਲਾ ਐਸ.ਡੀ.ਐਮ ਅੰਮ੍ਰਿਤਸਰ-2, ਰਮਨ ਬਖਸ਼ੀ ਸੀਨੀਅਰ ਡਿਪਟੀ ਮੇਅਰ, ਯੂਨਿਸ ਕੁਮਾਰ ਡਿਪਟੀ ਮੇਅਰ ਨਗਰ ਨਿਗਮ, ਜੁਗਲ ਕਿਸ਼ੋਰ ਸ਼ਰਮਾ ਕਾਂਗਰਸ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਭਗਵੰਤਪਾਲ ਸਿੰਘ ਸੱਚਰ ਕਾਂਗਰਸ ਪ੍ਰਧਾਨ ਦਿਹਾਤੀ ਤੋਂ ਇਲਾਵਾ ਹੋਰ ਪ੍ਰਸਾਸ਼ਨਿਕ ਅਧਿਕਾਰੀ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply