ਨਵੀਂ ਦਿੱਲੀ, 29 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ
ਖ਼ਿਤਾਬ ਵਾਪਸ ਲੈਣ ਦੀ ਮੰਗ ਕੀਤੀ ਹੈ।ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵੱਲੋਂ 1984 ਸਿੱਖ ਕਤਲੇਆਮ ਦੌਰਾਨ ਰਾਜੀਵ ਗਾਂਧੀ ਦੇ ਦਿੱਲੀ ’ਚ ਘੁੰਮਣ ਦੇ ਮੀਡੀਆ ਰਾਹੀਂ ਸਾਹਮਣੇ ਆਏ ਖੁਲਾਸੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ 33 ਸਾਲ ਬਾਅਦ ਟਾਈਟਲਰ ਵੱਲੋਂ ਕੀਤੇ ਗਏ ਖੁਲਾਸੇ ’ਤੇ ਸਵਾਲ ਵੀ ਚੁੱਕੇ ਹਨ।
ਜੀ.ਕੇ ਨੇ ਪੁੱਛਿਆ ਕਿ ਇੰਦਰਾ ਗਾਂਧੀ ਦਾ ਵਕਾਰ ਕੀ ਮਹਾਤਮਾ ਗਾਂਧੀ ਤੋਂ ਉਚਾ ਸੀ, ਕਿਉਂਕਿ ਮਹਾਤਮਾ ਗਾਂਧੀ ਦਾ ਕਤਲ ਇੱਕ ਮਰਾਠੇ ਵੱਲੋਂ ਕਰਨ ਉਪਰੰਤ ਮਰਾਠਿਆਂ ਦਾ ਕਤਲੇਆਮ ਨਹੀਂ ਹੋਇਆ ਸੀ, ਜਦਕਿ ਇੰਦਰਾ ਗਾਂਧੀ ਦੇ ਕਤਲ ਉਪਰੰਤ ਸਿੱਖਾਂ ਦਾ ਕਤਲੇਆਮ ਹੋਇਆ ਸੀ।ਜੀ.ਕੇ ਨੇ ਕਿਹਾ ਕਿ ਟਾਈਟਲਰ ਦੇ ਖੁਲਾਸੇ ਤੋਂ ਇੱਕ ਗੱਲ ਸਾਬਤ ਹੁੰਦੀ ਹੈ ਕਿ ਰਾਜੀਵ ਗਾਂਧੀ ਨੂੰ ਕਤਲੇਆਮ ਦੀ ਵਿਊਂਤਬੰਦੀ ਦੀ ਪੂਰੀ ਜਾਣਕਾਰੀ ਸੀ।ਇਹੀ ਕਾਰਨ ਸੀ ਕਿ ਦਿੱਲੀ ਕੈਂਟ ’ਚ ਫੌਜ ਹੋਣ ਦੇ ਬਾਵਜੂਦ 3 ਦਿਨ ਬਾਅਦ ਮੇਰਠ ਕੈਂਟ ਤੋਂ ਫੌਜ ਬੁਲਾਈ ਗਈ।ਇਹਨਾਂ 3 ਦਿਨਾ ਦੌਰਾਨ ਸਿੱਖਾਂ ਦੇ ਜਾਨ-ਮਾਲ ਨੂੰ ਕਾਂਗਰਸੀ ਆਗੂਆਂ ਨੇ ਜੱਮ ਕੇ ਪੈਰਾਂ ਤਲੇ ਰੋਲਿਆ।
ਜੀ.ਕੇ ਨੇ ਕਿਹਾ ਕਿ ਦੂਰਦਰਸ਼ਨ ਟੀ.ਵੀ ਚੈਨਲ ’ਤੇ ਰਾਜੀਵ ਗਾਂਧੀ ਨੇ ‘ਜਬ ਬੜਾ ਪੇੜ ਗਿਰਤਾ…’ ਦੀ ਗੱਲ ਕਰਕੇ ਕਾਂਗਰਸੀਆਂ ਨੂੰ ਅਸਿੱਧੇ ਤੌਰ ’ਤੇ ਸਿੱਖਾਂ ਦਾ ਕਤਲ ਕਰਨ ਦਾ ਲਾਈਸੈਂਸ ਦੇ ਦਿੱਤਾ ਸੀ।ਜੀ.ਕੇ ਨੇ ਸੰਭਾਵਨਾ ਜਤਾਈ ਕਿ ਟਾਈਟਲਰ ਦਾ ਇਹ ਖੁਲਾਸਾ ਸਿੱਧੇ ਤੌਰ ’ਤੇ ਗਾਂਧੀ ਪਰਿਵਾਰ ਨੂੰ ਇਸ਼ਾਰਾ ਦੇਣ ਦੀ ਕੋਸ਼ਿਸ਼ ਲੱਗਦਾ ਹੈ ਕਿ ਜਾਂ ਤੇ ਮੈਨੂੰ ਬਚਾਓ ਜਾਂ ਫਿਰ ਮੈਂ ਸਾਰੇ ਭੇਦ ਖੋਲ ਦੇਵਾਂਗਾ।
ਜਿਕਰਯੋਗ ਹੈ ਕਿ ਇੱਕ ਚੈਨਲ ਨਾਲ ਇੰਟਰਵਿਊ ਦੌਰਾਨ ਆਪਣੇ ਆਪ ਨੂੰ ਨਿਰਦੋਸ਼ ਦੱਸਦਿਆਂ ਸਿੱਖ ਕਤਲੇਆਮ ਵਿੱਚ ਸ਼ਮੂਲੀਅਤ ਦੇ ਲੱਗੇ ਦੋਸ਼ਾਂ ਸਬੰਧੀ ਕੇਸਾਂ ਦਾ ਸਾਹਮਣਾ ਕਰ ਰਹੇ ਜਗਦੀਸ਼ ਟਾਈਟਲਰ ਨੇ ਖੁਲਾਸਾ ਕੀਤਾ ਹੈ ਕਿ 1 ਨਵੰਬਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕਾਰ ਖੁੱਦ ਚਲਾ ਕੇ ਬਿਨਾਂ ਕਿਸੇ ਸਕਿਓਰਟੀ ਗਾਰਡ ਦੇ ਦਿੱਲੀ ਦੇ ਕਈ ਇਲਾਕਿਆਂ ਦਾ ਦੌਰਾ ਕੀਤਾ ਸੀ ਅਤੇ ਇਸ ਕਾਰ ਵਿੱਚ ਉਹ (ਟਾਈਟਲਰ) ਵੀ ਬੈਠੇ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media