ਮਜੀਠੀਆ ਪਰਿਵਾਰ ਦਾ ਇਤਿਹਾਸ ਮਾਣਮੱਤਾ- ਛੀਨਾ
ਅੰਮ੍ਰਿਤਸਰ, 2 ਫ਼ਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਨੇ ਕੌਂਸਲ
ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਮਿਲ ਕੇ ਅੱਜ ਲੇਖਕ ਦਵਿੰਦਰ ਸਿੰਘ ਗਿੱਲ ਵਡਾਲਵੀ ਦੁਆਰਾ ਲਿਖ਼ਤ ਪੁਸਤਕ ‘ਮਜੀਠੀਆ (ਬੰਸਾਵਲੀ) ਘਰਾਣੇ ਦਾ ਇਤਿਹਾਸ’ ਦੀ ਘੁੰਡ ਚੁੱਕਾਈ ਕੀਤੀ।ਇਸ ਮੌਕੇ ਉਨ੍ਹਾਂ ਨਾਲ ਹੋਰ ਸਖਸ਼ੀਅਤਾਂ ਵੀ ਮੌਜਦ ਸਨ।
ਇਸ ਮੌਕੇ ਮਜੀਠੀਆ ਨੇ ਲੇਖਕ ਗਿੱਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਮਜੀਠੀਆ ਘਰਾਣੇ ਸਬੰਧੀ ਜਾਣਕਾਰੀ ਇਸ ਪੁਸਤਕ ਰਾਹੀਂ ਜੱਗ ਜਾਹਿਰ ਕੀਤੀ ਗਈ ਹੈ, ਜਿਸ ਵਿਚ ਸੁੰਦਰ ਸਿੰਘ ਮਜੀਠੀਆ ਵਲੋਂ ਖ਼ਾਲਸਾ ਕਾਲਜ ਅੰਮਿ੍ਰਤਸਰ ਦੀ ਸਥਾਪਨਾ ਤੋਂ ਪਹਿਲਾਂ ਤੇ 17 ਨਵੰਬਰ 1904 ਤੋਂ ਲੈ ਕੇ 2 ਅਪ੍ਰੈਲ 1941 ਨੂੰ ਆਪਣੇ ਹੋਏ ਦਿਹਾਂਤ ਤੱਕ ਦਾ ਜ਼ਿਕਰ ਹੈ।ਇਸੇ ਤਰ੍ਹਾਂ ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਦੇ ਬਤੌਰ ਸਕੱਤਰ ਤੇ ਪ੍ਰਧਾਨ ਵਜੋਂ ਕੀਤੇ ਕਾਰਜਾਂ ਦਾ ਵਿਸ਼ੇਸ਼ ਜ਼ਿਕਰ ਹੈ।ਇਸ ਤੋਂ ਇਲਾਵਾ ਸੈਂਟਰਲ ਯਤੀਮਖ਼ਾਨਾ ਖੋਲ੍ਹਣਾ, ਨੇਤਰਹੀਣ ਸੂਰਮਾ ਸਿੰਘ ਆਸ਼ਰਮ ਬਣਾਉਣਾ ਉਨ੍ਹਾਂ ਦੀਆਂ ਵਿਸ਼ੇਸ਼ ਉਪਲਬੱਧੀਆਂ ’ਚ ਸ਼ਾਮਿਲ ਹਨ।ਉਨ੍ਹਾਂ ਕਿਹਾ ਕਿ ਪੁਸਤਕ ’ਚ ਸਰਦਾਰ ਸੁਰਜੀਤ ਸਿੰਘ ਮਜੀਠੀਆ ਵਲੋਂ ਬਤੌਰ ਰਾਜਦੂਤ ਨਿਪਾਲ ਤੇ ਉਪ ਰਖਿਆ ਮੰਤਰੀ ਭਾਰਤ ਸਰਕਾਰ ਦੇ ਨਿਭਾਏ ਵਿਸ਼ੇਸ਼ ਕਾਰਜਾਂ ਦਾ ਜ਼ਿਕਰ ਵੀ ਦਰਜ ਕੀਤਾ ਗਿਆ ਹੈ।
ਛੀਨਾ ਨੇ ਪੁਸਤਕ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਗ-1 ’ਚ ‘ਸਰਦਾਰ ਇੱਜਤ ਸਿੰਘ ਮਜੀਠੀਆ ‘ਘਰਾਣਾ’, ਜਿਸ ’ਚ ਨਿਧੜਕ ਜਰਨੈਲ ਰਾਜਾ ਸੂਰਤ ਸਿੰਘ ਮਜੀਠੀਆ ਹੋਏ ਜੋ 13 ਜਨਵਰੀ 1849 ਚਿਲੀਆਂ ਵਾਲੇ ਦਾ ਜਗਤ ਪ੍ਰਸਿੱਧ ਯੁੱਧ ਦੇ ਜਾਂਬਾਜ਼ ਹੀਰੋ ਸਨ, ਜਿਨ੍ਹਾਂ ਦਾ ਮਹਾਰਾਣੀ ਜਿੰਦ ਕੌਰ ਨੂੰ ਚਿਨਾਰ ਦੇ ਕਿਲੇ ’ਚੋਂ ਅਜ਼ਾਦ ਕਰਵਾਉਣ ’ਚ ਖ਼ਾਸ ਰੋਲ ਰਿਹਾ ਬਾਰੇ ਜ਼ਿਕਰ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਾਗ-2 `ਚ ‘ਸਰਦਾਰ ਨੌਧ ਸਿੰਘ ਮਜੀਠੀਆ ‘ਘਰਾਣਾ’ ਅਤੇ ਭਾਗ-3 ’ਚ ‘ਸਰਦਾਰ ਮਾਹਣਾ ਸਿੰਘ ਮਜੀਠੀਆ ‘ਘਰਾਣਾ’ ਦਰਜ ਕੀਤਾ ਗਿਆ ਹੈ।
ਇਸ ਮੌਕੇ ਲੇਖਕ ਗਿੱਲ ਨੇ ਮਜੀਠੀਆ ਅਤੇ ਛੀਨਾ ਵਲੋਂ ਦਿੱਤੇ ਭਰਪੂਰ ਸਹਿਯੋਗ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਮਾਣਮੱਤੇ ਘਰਾਣੇ ਦੇ ਇਤਿਹਾਸ ਨੂੰ ਪੂਰਨ ਕਰਨ ਦੇ ਕੀਤੇ ਗਏ ਨਿਮਾਣੇ ਜਿਹੇ ਹੀਲੇ ਲਈ ਉਨ੍ਹਾਂ ਨੂੰ ਸਮੇਂ ਦੇ ਕਈ ਮਿਹਨਤਕਸ਼ ਪੜ੍ਹਾਵਾਂ ’ਚ ਗੁਜਰਣਾ ਪਿਆ ਅਤੇ ਅੱਜ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਉਹ ਇਸ ਪੁਸਤਕ ਨੂੰ ਪੂਰਾ ਕਰਨ ’ਚ ਸਫ਼ਲ ਹੋਏ ਹਨ।
ਇਸ ਮੌਕੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਲੇਖਕ ਗਿੱਲ ਦੁਆਰਾ ਲਿਖ਼ਤ ਪੁਸਤਕ ਬਾਰੇ ਕਿਹਾ ਕਿ ਇਸ ’ਚ ਇਕ ਖ਼ਾਸ ਗੱਲ ਹੈ ਕਿ ਇਸ ’ਚ ਸੰਨ 1937 ਸਰਦਾਰ ਸੁੰਦਰ ਸਿੰਘ ਮਜੀਠੀਆ ਜਦ ਸਾਂਝੇ ਪੰਜਾਬ ’ਚ ਬਣੀ ਪਹਿਲੀ ਅਸੈਬਲੀ ਸਰਕਾਰ ’ਚ ਪਹਿਲੇ ਸਿੱਖ ਰੈਵੀਨਿਊ ਮੰਤਰੀ ਬਣੇ ਤਾਂ ਉਨ੍ਹਾਂ ਖ਼ੁੱਦ ਮਜੀਠੇ ਦੇ ਕੁੱਝ ਪਰਿਵਾਰ ਜਿਨ੍ਹਾਂ ਦੀ ਬੰਸਾਵਲੀ ਦਾ ਸਬੰਧ ਦਿਆਲ ਸਿੰਘ ਮਜੀਠੀਆ ਤੋਂ 5 ਪੀੜ੍ਹੀਆਂ ਪਿੱਛੇ ਜਾ ਕੇ ਇਸ ਘਰਾਣੇ ਨਾਲ ਜਾ ਜੁੜਦਾ ਸੀ, ਉਨ੍ਹਾਂ ਨੂੰ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਲਵਾਰਜ਼ ਜਾਇਦਾਦ ਜੋ ਕਰੀਬ 9000 ਹਜ਼ਾਰ ਏਕੜ ਸੀ, ਦਾ ਕੇਸ ਖੁੱਦ ਅਦਾਲਤ ’ਚ ਪਵਾਇਆ ਤੇ ਇਨ੍ਹਾਂ ਪਰਿਵਾਰਾਂ ਦੇ ਹੱਕ ’ਚ ਗਵਾਹੀ ਦਿੱਤੀ, ਜਿਸ ਦਾ ਫ਼ੈਸਲਾ ਸੰਨ 1938 ਨੂੰ ਇਨ੍ਹਾਂ ਪਰਿਵਾਰਾਂ ਦੇ ਹੱਕ ’ਚ ਆਇਆ ਤਾਂ ਹੀ ਇਹ ਪਰਿਵਾਰ ਇਸ ਵਿਸ਼ਾਲ ਜ਼ਮੀਨ ਦੇ ਮਾਲਕ ਬਣੇ।ਜਿਨ੍ਹਾਂ ਦੀ ਦਰਿਆਦਿਲੀ ਦਾ ਦੇਣਾ ਮਜੀਠੇ ਵਾਲੇ ਕਦੇ ਨਹੀਂ ਦੇ ਸਕਦੇ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media