ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਦੁਨੀਆ ਭਰ `ਚ ਖੇਤਰੀ ਭਾਸ਼ਾਵਾਂ ਦੇ ਦਿਨ ਵਜੋਂ ਮਨਾਏ ਜਾਂਦੇ ਕੌਮਾਂਤਰੀ
ਮਾਂ ਬੋਲੀ ਦਿਵਸ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਦਿੱਤੇ ਪ੍ਰੋਗਰਾਮ ਦੇ ਤਹਿਤ ਪੰਜਾਬੀ ਮਾਤ ਭਾਸ਼ਾ ਦੇ ਹੱਕ ਵਿੱਚ ਯਾਦ ਪੱਤਰ ਜਿਲ੍ਹਾ ਪ੍ਰਸ਼ਾਸ਼ਨ ਨੂੰ ਲਿਖਤੀ ਰੂਪ ਵਿੱਚ ਸਥਾਨਕ ਲੇਖਕ ਭਾਈਚਾਰੇ ਵੱਲੋਂ ਸਮੂਹਿਕ ਰੂਪ ਵਿੱਚ ਸੌਂਪਿਆ ਗਿਆ।
ਇਸ ਤੋਂ ਪਹਿਲਾਂ ਕਾਮਰੇਡ ਸੋਹਨ ਸਿੰਘ ਜੋਸ਼ ਜਿਲ੍ਹਾ ਲਾਇਬਰੇਰੀ ਵਿੱਚ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਲਾਇਬ੍ਰੇਰੀਅਨ ਡਾ. ਪ੍ਰਭਜੋਤ ਕੌਰ ਸੰਧੂ ਅਤੇ ਸ਼ਾਇਰ ਨਿਰਮਲ ਅਰਪਨ ਦੀ ਅਗਵਾਈ `ਚ ਹਾਜ਼ਰ ਵਿਦਵਾਨਾਂ ਨੇ ਸਾਂਝੀ ਰਾਏ ਉਸਾਰੀ ਕਿ ਮਾਤ ਭਾਸ਼ਾ ਦਿਵਸ ਦੇ ਦਿਨਾਂ `ਚ ਕੇਵਲ ਬਿਆਨਬਾਜੀ ਤੇ ਫੋਕੀ ਸ਼ੋਹਰਤ ਹਾਸਲ ਕਰਨ `ਚ ਲੱਗੀ ਦੌੜ ਦੀ ਬਜਾਏ ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਨੂੰ ਸਮਝਦਿਆਂ ਇਸ ਤੇ ਪਹਿਰਾ ਦੇਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਤ ਭਾਸ਼ਾ ਨੂੰ ਰੁਜ਼ਗਾਰ ਮੁਖੀ ਬਨਾਉਣ ਅਤੇ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡਾਕਟਰੀ, ਕਾਨੂੰਨੀ ਅਤੇ ਤਕਨੀਕੀ ਪੜ੍ਹਾਈ ਕਰ ਰਹੇ ਬੱਚਿਆਂ ਦੀ ਪੜ੍ਹਨ ਸਮਗਰੀ ਪੰਜਾਬੀ `ਚ ਕਰਕੇ ਸਰਕਾਰਾਂ ਨੂੰ ਮਾਤ ਭਾਸ਼ਾ `ਚ ਰੁਜ਼ਗਾਰ ਦੇ ਵਸੀਲੇ ਪਹਿਲ ਦੇ ਅਧਾਰ ਤੇ ਪੈਦਾ ਕਰਨੇ ਚਾਹੀਦੇ ਹਨ। ਇਸ ਇਕੱਠ ਵਿੱਚ ਜਨਵਾਦੀ ਲੇਖਕ ਸੰਘ ਤੋਂ ਡਾ. ਹਜ਼ਾਰਾ ਸਿੰਘ ਚੀਮਾ, ਡਾ. ਕਸ਼ਮੀਰ ਸਿੰਘ, ਪੰਜਾਬੀ ਸਾਹਿਤ ਸੰਗਮ ਤੋਂ ਸਰਬਜੀਤ ਸਿੰਘ ਸੰਧੂ, ਸਾਹਿਤ ਸਭਾ ਚੋਗਾਵਾਂ ਤੋਂ ਧਰਵਿੰਦਰ ਔਲਖ, ਲੇਖਕ ਪਾਠਕ ਮੰਚ ਤੋਂ ਹਰਜੀਤ ਸੰਧੂ, ਸਭਿਆਚਾਰ ਸੱਥ ਤੋਂ ਜਗਤਾਰ ਗਿੱਲ, ਏਕਮ ਸਾਹਿਤਕ ਮੰਚ ਤੋਂ ਅਰਤਿੰਦਰ ਸੰਧੂ, ਤਰਕਸ਼ੀਲ ਸੁਮੀਤ ਸਿੰਘ, ਸਰਹੱਦੀ ਸਾਹਿਤ ਸਭਾ ਤੋਂ ਹਰੀ ਸਿੰਘ ਗਰੀਬ, ਸਾਹਿਤਕਾਰ ਬੇਦੀ ਲਾਲ ਸਿੰਘ ਯਾਦਗਾਰੀ ਕਮੇਟੀ ਤੋਂ ਐਮ.ਐਸ. ਢਿੱਲੋਂ, ਸਾਹਿਤ ਸਭਾ ਬਾਬਾ ਬਕਾਲਾ ਤੋਂ ਡਾ. ਪਰਮਜੀਤ ਸਿੰਘ ਬਾਠ ਆਦਿ ਲੇਖਕਾਂ ਨੇ ਸ਼ਮੂਲੀਅਤ ਕੀਤੀ।
Check Also
ਅਸੀਂ ਮਹਾਰਿਸ਼ੀ ਭਗਵਾਨ ਵਾਲਮੀਕਿ ਤੀਰਥ ਸਥਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰ ਰਹੇ ਹਾਂ – ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪ੍ਰਗਟ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਸੂਬਾ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ …
Punjab Post Daily Online Newspaper & Print Media