Wednesday, June 10, 2026

ਪ੍ਰਧਾਨ ਲੋਂਗੋਵਾਲ ਨੇ ਫਰਾਂਸ `ਚ ਸਿੱਖਾਂ ਦੇ ਮਸਲੇ ਹੱਲ ਕਰਨ ਦੀ ਰਾਸ਼ਟਰਪਤੀ ਮੈਕਰੋਨ ਨੂੰ ਕੀਤੀ ਅਪੀਲ

ਪ੍ਰਧਾਨ ਲੋਂਗੋਵਾਲ ਨੇ ਫਰਾਂਸ `ਚ ਸਿੱਖਾਂ ਦੇ ਮਸਲੇ ਹੱਲ ਕਰਨ ਦੀ ਰਾਸ਼ਟਰਪਤੀ ਮੈਕਰੋਨ ਨੂੰ ਕੀਤੀ ਅਪੀਲ
ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਦੀ ਭਾਰਤ SGPCਫੇਰੀ ਮੌਕੇ ਫਰਾਂਸ ਵਿਚ ਰਹਿੰਦੇ ਸਿੱਖਾਂ ਦੇ ਮਸਲੇ ਹੱਲ ਕਰਨ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਫਰਾਂਸ ਵਿਚ 2004 ’ਚ ਦਸਤਾਰ ਸਬੰਧੀ ਪਾਬੰਦੀ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਪਰ ਫਰਾਂਸ ਸਰਕਾਰ ਵੱਲੋਂ ਅਜੇ ਤਕ ਇਹ ਮਸਲਾ ਜਿਉਂ ਦਾ ਤਿਉਂ ਲਟਕਾਇਆ ਜਾ ਰਿਹਾ ਹੈ।ਦੱਸਣਯੋਗ ਹੈ ਕਿ ਦਸਤਾਰ ’ਤੇ ਪਾਬੰਦੀ ਲੱਗਣ ਉਪਰੰਤ ਫਰਾਂਸ ਦੇ ਸਾਰੇ ਸਰਕਾਰੀ ਦਸਤਾਵੇਜ਼ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਹੈਲਥ ਕਾਰਡ, ਬੱਸ ਪਾਸ ਤੇ ਸਕੂਲ ਪਹਿਚਾਣ ਪੱਤਰ ਆਦਿ ਉਪਰ ਬਿਨਾਂ ਦਸਤਾਰ ਵਾਲੀ ਫੋਟੋ ਲਗਾਉਣੀ ਜ਼ਰੂਰੀ ਕੀਤੀ ਗਈ ਹੈ।ਲੌਂਗੋਵਾਲ ਨੇ ਕਿਹਾ ਕਿ ਦਸਤਾਰ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੋਣ ਕਰਕੇ ਮਾਣ ਦਾ ਪ੍ਰਤੀਕ ਹੈ।ਉਨ੍ਹਾਂ ਕਿਹਾ ਕਿ ਦਸਤਾਰ ਕਲਗੀਧਰ ਦਸਮੇਸ਼ ਪਿਤਾ ਵੱਲੋਂ ਸਿੱਖ ਨੂੰ ਬਖਸ਼ਿਆ ਗਿਆ ਤਾਜ ਹੈ ਤੇ ਦਸਤਾਰ ਨਾਲ ਹੀ ਸਿੱਖ ਦੀ ਵਿਲੱਖਣ ਪਹਿਚਾਣ ਹੈ।ਪਰ ਫਰਾਂਸ ਦੀ ਸਰਕਾਰ ਵੱਲੋਂ ਕੋਈ ਵੀ ਸਰਕਾਰੀ ਨੌਕਰੀ ਹਾਸਲ ਕਰਨ ਲਈ ਦਸਤਾਰ ਉਤਾਰਨੀ ਜ਼ਰੂਰੀ ਕੀਤੀ ਗਈ ਹੈ ਜੋ ਠੀਕ ਨਹੀਂ ਹੈ।ਇਥੋਂ ਤਕ ਕਿ ਸਕੂਲ ਵਿਚ ਪੜ੍ਹਦੇ ਸਿੱਖ ਬੱਚਿਆਂ ਦੇ ਪਟਕਾ ਬੰਨ੍ਹਣ ‘ਤੇ ਵੀ ਮਨਾਹੀ ਹੈ।ਯਾਦ ਰਹੇ ਕਿ ਪਹਿਲੀ ਸੰਸਾਰ ਜੰਗ ਵਿਚ ਸਿੱਖਾਂ ਨੇ ਫਰਾਂਸ ਵੱਲੋਂ ਸਿੱਖੀ ਸਰੂਪ ਵਿਚ ਹੀ ਜੰਗ ਲੜੀ ਸੀ ਪਰ ਫਰਾਂਸ ਸਰਕਾਰ ਦਾ ਇਹ ਵਤੀਰਾ ਸਿੱਖਾਂ ਵਿਚ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ।ਉਨ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਵੀ ਫਰਾਂਸ ਵਿਚ ਸਿੱਖਾਂ ਨੂੰ ਦਰਪੇਸ਼ ਮਸਲਿਆਂ ਦਾ ਕੋਈ ਠੋਸ ਹੱਲ ਕੱਢਣ ਲਈ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਦੀ ਭਾਰਤ ਫੇਰੀ ਦੌਰਾਨ ਗੱਲਬਾਤ ਲਈ ਫੌਰੀ ਹੱਲ ਕੱਢਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਕੇਵਲ ਦਸਤਾਰ ਹੀ ਨਹੀਂ ਬਲਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੇ ਪੰਜ ਕੱਕਾਰ ਵੀ ਸਿੱਖ ਨੂੰ ਪਹਿਨਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply