ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ‘ਸਮਾਜ ’ਚ ਔਰਤ ਦੀ ਸਥਿਤੀ ਅਤੇ ਸੁਰੱਖਿਆ’
ਵਿਸ਼ੇ ਤਹਿਤ ਸਮਾਗਮ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਦੇ ਭਾਸ਼ਣ ਅਤੇ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ।ਵਿਸ਼ਵ ਔਰਤ ਦਿਵਸ ਨੂੰ ਸਮਰਪਿਤ ਸਮਾਗਮ ਦੌਰਾਨ ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜੌਕੇ ਸਮੇਂ ਦੀ ਔਰਤ ਸਮਾਜ ਦੁਆਰਾ ਦਿੱਤੀਆਂ ਜਾ ਰਹੀਆਂ ਹਰ ਪ੍ਰਕਾਰ ਦੀਆਂ ਚੁਣੌਤੀਆਂ ਦਾ ਹੱਸ ਕੇ ਸਾਹਮਣਾ ਕਰਦੀ ਹੋਈ ਹਰ ਖੇਤਰ ’ਚ ਆਪਣਾ ਲੋਹਾ ਮਨਵਾ ਰਹੀ ਹੈ।ਕਿਸੇ ਸਮੇਂ ਕਮਜ਼ੋਰ ਸਮਝੀ ਜਾਣ ਵਾਲੀ ਔਰਤ ਅੱਜ ਦੁਨੀਆ ਦੇ ਹਰ ਖੇਤਰ ’ਚ ਤਰੱਕੀ ਦੀਆਂ ਉਚਾਈਆਂ ਛੂਹ ਰਹੀ ਹੈ।ਕੋਈ ਵੀ ਅਜਿਹਾ ਖੇਤਰ ਨਹੀਂ ਹੈ, ਜਿੱਥੇ ਔਰਤ ਨੇ ਆਪਣੀ ਪਹਿਚਾਣ ਨਾ ਬਣਾਈ ਹੋਵੇ।ਸਮਾਜ ’ਚ ਔਰਤਾਂ ਦੇ ਯੋਗਦਾਨ ਨੂੰ ਦੇਖਦਿਆਂ ਇਕ ਦਿਨ ਨਹੀਂ ਸਗੋਂ ਰੋਜ਼ਾਨਾ ਹੀ ਮਹਿਲਾ ਦਿਵਸ ਮਨਾਇਆ ਜਾਣ ਦੀ ਜਰੂਰਤ ਹੈ।
ਉਨ੍ਹਾਂ ਕਿਹਾ ਕਿ ਇਕ ਪਾਸੇ ਅਸੀਂ ਲੜਕੀਆਂ ਨੂੰ ਦੇਵੀ ਸਮਝ ਕੇ ਉਨ੍ਹਾਂ ਦੀ ਕੰਜਕ ਪੂਜਾ ਕਰਦੇ ਹਾਂ ਅਤੇ ਦੂਜੇ ਪਾਸੇ ਅਸੀਂ ਉਨ੍ਹਾਂ ਨਾਲ ਭਰੂਣ ਹੱਤਿਆ, ਜਬਰ-ਜਨਾਹ, ਦਾਜ ਪ੍ਰਥਾ ਵਰਗੇ ਕੁਕਰਮ ਕਰਦੇ ਹਾਂ। ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਔਰਤਾਂ ਨੂੰ ਘਰ ਅਤੇ ਘਰ ਤੋਂ ਬਾਹਰ ਸੁਰੱਖਿਅਤ ਮਾਹੌਲ ਪ੍ਰਦਾਨ ਕਰੀਏ ਤਾਂ ਜੋ ਉਨ੍ਹਾਂ ਨੂੰ ਸਮਾਜ ’ਚ ਅਸਲੀ ਮਾਣ ਸਤਿਕਾਰ ਮਿਲ ਸਕੇ।ਇਸ ਸਮੇਂ ਪੰਜਾਬੀ ਵਿਭਾਗ ਤੋਂ ਡਾ. ਪ੍ਰਭਜੀਤ ਕੌਰ ਨੇ ਮੰਚ ਸੰਚਾਲਨ ਕਰਦਿਆਂ ਵਿਦਿਆਰਥੀਆਂ ਨੂੰ ਇਸ ਦਿਵਸ ਦੀ ਮਹੱਤਤਾ ਅਤੇ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੀਆਂ ਔਰਤਾਂ ਦੀਆਂ ਉਦਾਹਰਨਾਂ ਦੇ ਕੇ ਸਮਾਜ ’ਚ ਪੜ-ਲਿਖ ਕੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।ਸਮਾਗਮ ਦੇ ਅੰਤ ’ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ
ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …
Punjab Post Daily Online Newspaper & Print Media