ਬਠਿੰਡਾ, 16 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਕੌਮੀ ਸੁਰੱਖਿਅਤ ਹਫ਼ਤੇ ਅਧੀਨ ਆਫ਼ਤਾਂ ਪ੍ਰਬੰਧਨ ਸਬੰਧੀ ਮੌਕ ਡਰਿੱਲ
ਬਾਰੇ ਸਿਖਲਾਈ ਡੀ.ਸੀ ਮੀਟਿੰਗ ਹਾਲ ਵਿਖੇ ਦਿੱਤੀ ਗਈ।ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਵਿਭਾਗਾਂ ਦੇ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਵਧੀਕ ਜਨਰਲ ਮੈਨੇਜਰ ਸਿਹਤ ਅਤੇ ਸੁਰੱਖਿਆ, ਐਚ.ਈ.ਐਮ.ਐਲ ਬਠਿੰਡਾ ਦੇ ਰਮੇਸ਼ ਨੰਦਨਵਰ ਨੇ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਆਫ਼ਤ ਜਾਂ ਐਮਰਜੈਂਸੀ ਦੌਰਾਨ ਮਨੁੱਖੀ ਜੀਵਨ ਬਚਾਉਣ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਫ਼ਤਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ ’ਤੇ ਜ਼ਿਲ੍ਹਾ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਜਿਸ ਦੇ ਪ੍ਰਧਾਨ ਡਿਪਟੀ ਕਮਿਸ਼ਨਰ ਬਠਿੰਡਾ ਹਨ। ਕਿਸੇ ਵੀ ਕਿਸਮ ਦੀ ਆਫ਼ਤਾਂ ਦੌਰਾਨ ਡਿਪਟੀ ਕਮਿਸ਼ਨਰ ਐਮਰਜੈਂਸੀ ਅਫ਼ਸਰ ਦਾ ਰੋਲ ਅਦਾ ਕਰਦੇ ਹਨ।ਉਨ੍ਹਾਂ ਆਫ਼ਤਾਂ ਦੌਰਾਨ ਵੱਖ-ਵੱਖ ਵਿਭਾਗ ਨੂੰ ਦਿੱਤੀਆਂ ਗਈਆਂ ਜਿੰਮੇਵਾਰੀਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਆਫ਼ਤਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦਾ ਅਹਿਮ ਰੋਲ ਅਹਿਮ ਕੰਮ ਹੁੰਦਾ ਹੈ। ਪ੍ਰਭਾਵਿਤ ਇਲਾਕੇ ’ਚ ਆਮ ਆਦਮੀ ਦੀ ਐਂਟਰੀ ਰੋਕਣਾ, ਉਸ ਅਸਥਾਨ ’ਤੇ ਮੌਜੂਦ ਪ੍ਰਭਾਵਿਤ ਵਿਅਕਤੀਆਂ ਨੂੰ ਮਦਦ ਦੇਣਾ, ਉਨ੍ਹਾਂ ਦੀ ਪਹਿਚਾਣ ਕਰਨੀ, ਆਦਿ ਸਾਰੇ ਕੰਮ ਅਹਿਮ ਹਨ।ਕਿਸੇ ਵੀ ਪ੍ਰਕਾਰ ਦੀਆਂ ਆਫ਼ਤਾਂ ਦੌਰਾਨ ਪ੍ਰਿੰਟ ਅਤੇ ਇਲੈਕਟਰਾਨਿਕ ਮੀਡੀਆ ਨੂੰ ਚਾਹੀਦਾ ਹੈ ਕਿ ਉਹ ਕੇਵਲ ਤੱਥਪੂਰਨ ਅਤੇ ਸਹੀ ਸੂਚਨਾ ਦੇਵੇ।ਸਹਾਇਕ ਡਾਇਰੈਕਟਰ ਫੈਕਟਰੀ ਵਿਭਾਗ ਸਾਹਿਲ ਗੋਇਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਹੁਤ ਜਲਦ ਸਾਰੇ ਵਿਭਾਗਾਂ ਨੂੰ ਸ਼ਾਮਲ ਕਰਕੇ ਜਲਦ ਹੀ ਇੱਕ ਮੌਕ ਡਰਿੱਲ ਕਰਵਾਈ ਜਾਵੇਗੀ।
ਪੰਜਾਬ ਕਾਲਜ ਆਫ਼ ਨਰਸਿੰਗ ਤੋਂ ਆਏ ਡਾ. ਜੀ.ਐਸ ਨਾਗਪਾਲ ਨੇ ਸੀ.ਪੀ.ਆਰ. ਸਬੰਧੀ ਸਿਖਲਾਈ ਦਿੱਤੀ।ਉਨ੍ਹਾਂ ਦੱਸਿਆ ਕਿ ਸੀ.ਪੀ.ਆਰ ਦਾ ਅਰਥ ਹੈ ਉਸ ਵਿਅਕਤੀ ਦੇ ਦਿਲ ਨੂੰ ਦਬਾਅ ਦੇ ਕੇ ਚਲਾਉਣਾ ਜਿਸ ਦੀ ਧੜਕਣ ਰੁੱਕ ਗਈ ਹੋਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਕਾਰਨ ਜੇਕਰ ਕੋਈ ਵੀ ਵਿਅਕਤੀ ਬੇਹੋਸ਼ ਹੁੰਦਾ ਹੈ ਜਾਂ ਉਸ ਦੇ ਦਿਲ ਦੀ ਧੜਕਣ ਰੁੱਕਦੀ ਹੈ ਤਾਂ ਉਸ ਨੂੰ ਤਿੰਨ ਮਿੰਟਾਂ ਦੇ ਅੰਦਰ-ਅੰਦਰ ਸੀ.ਪੀ.ਆਰ. ਦੇਣ ਨਾਲ ਉਸ ਦੀ ਜਾਨ ਬਚ ਸਕਦੀ ਹੈ।ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗਡਵਾਲ, ਜੀ.ਏ ਬਠਿੰਡਾ ਭੁਪਿੰਦਰ ਸਿੰਘ ਅਤੇ ਵੱਖ-ਵੱਖ ਸਬੰਧ ਵਿਭਾਗਾਂ ਤੋਂ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media