ਸਮਰਾਲਾ, 19 ਮਾਰਚ (ਪੰਜਾਬ ਪੋਸਟ- ਕੰਗ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕਨਵੀਨਰਾਂ ਪ੍ਰੇਮ ਸਾਗਰ ਸ਼ਰਮਾ, ਮਹਿੰਦਰ ਸਿੰਘ ਪਰਵਾਨਾ, ਕੇਵਲ ਸਿੰਘ ਅਤੇ ਮਹਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਭਖਦੀਆਂ ਅਤੇ ਹੱਕੀ ਮੰਗਾਂ ਦਾ ਨਿਪਟਾਰਾ ਨਹੀਂ ਕਰ ਰਹੀ।ਜਿਸ ਕਾਰਨ ਪੰਜਾਬ ਭਰ ਦੇ ਪੈਨਸ਼ਨਰਾਂ ਵਿੱਚ ਗੁੱਸੇ ਅਤੇ ਪਰੇਸ਼ਾਨੀ ਦੀ ਲਹਿਰ ਫੈਲ ਚੁੱਕੀ ਹੈ।ਉਨਾਂ ਕਿਹਾ ਕਿ ਮਤਰੇਈ ਮਾਂ ਵਾਲਾ ਸਲੂਕ ਹੁਣ ਸਹਿਣ ਨਹੀਂ ਕੀਤਾ ਜਾਵੇਗਾ।ਮਜ਼ਬੂਰੀ ਵੱਸ ਇਸ ਬੁਢਾਪੇ ਦੀ ਉਮਰੇ 22 ਮਾਰਚ ਦਿਨ ਵੀਰਵਾਰ ਨੂੰ ਮੁਹਾਲੀ ਦੇ 6 ਫੇਜ਼ ਪੈਟਰੋਲ ਪੰਪ ਲਾਗੇ ਇੱਕ ਵਿਸ਼ਾਲ ਹੱਲਾ ਬੋਲ ਰੈਲੀ ਕੀਤੀ ਜਾ ਰਹੀ ਹੈ ਅਤੇ ਸੁੱਤੀ ਪਈ ਸਰਕਾਰ ਨੂੰ ਢੋਲ ਅਤੇ ਨਗਾਰੇ ਵਜਾ ਕੇ ਜਗਾਇਆ ਜਾਵੇਗਾ।ਉਨਾਂ ਦੋਸ਼ ਲਾਇਆ ਕਿ ਸਰਕਾਰ ਮੁਲਾਜ਼ਮਾਂ ਦੀਆਂ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਦੱਬੀ ਬੈਠੀ ਹੈ।6ਵੇਂ ਪੰਜਾਬ ਪੇਅ-ਕਮਿਸ਼ਨ ਰਿਪੋਰਟ ਲਾਗੂ ਨਹੀਂ ਕੀਤੀ ਜਾ ਰਹੀ ਤੇ ਬੱਝਵਾਂ ਫਿਕਸ ਮੈਡੀਕਲ ਭੱਤਾ 2000/-ਰੁਪਏ ਪ੍ਰਤੀ ਮਹੀਨਾ ਵੀ ਜਾਰੀ ਨਹੀਂ ਕੀਤਾ।ਜਦਕਿ ਕੇਂਦਰੀ ਪੈਨਸ਼ਨਰਾਂ ਅਤੇ ਪੰਜਾਬ ਦੇ ਵਿਧਾਇਕਾਂ ਦੀਆਂ ਪੈਨਸ਼ਨਾਂ ਵਿੱਚ ਕਾਫੀ ਵਾਧਾ ਕੀਤਾ ਜਾ ਚੁੱਕਾ ਹੈ।ਇਸ ਤੋਂ ਇਲਾਵਾ ਮਾਨਯੋਗ ਹਾਈ ਕੋਰਟ ਵੱਲੋਂ ਕੀਤੇ ਫੈਸਲਿਆਂ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ।ਬਿਮਾਰੀਆਂ ਦੇ ਇਲਾਜ ਲਈ ਵੀ ਮੁਫ਼ਤ ਸਹੂਲਤ ਬੰਦ ਕੀਤੀ ਹੋਈ ਹੈ। ਉਨਾਂ ਕਿਹਾ ਕਿ ਰੈਲੀ ਸ਼ੁਰੂ ਕਰਨ ਉਪਰੰਤ 2 ਵਜੇ ਵਿਧਾਨ ਸਭਾ ਨੂੰ ਘੇਰਨ ਲਈ ਮਾਰਚ ਕੀਤਾ ਜਾਵੇਗਾ। ਪੈਨਸ਼ਨਰ ਕਨਵੀਨਰਾਂ ਨੇ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇ ਤੁਰੰਤ ਉਪਰੋਕਤ ਹੱਕੀ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਦੁਬਾਰਾ ਪੰਜਾਬ ਪੱਧਰੀ ਮੀਟਿੰਗ ਕਰਕੇ ਇਸ ਤੋਂ ਵੀ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media