Monday, December 23, 2024

ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ `ਤੇ ਪੰਜਾਬ ਹਿੱਸੇ ਦੇ ਜੀ.ਐਸ.ਟੀ ਛੋਟ ਦਾ ਸਵਾਗਤ

ਸਮੁੱਚੇ ਗੁਰੂ ਘਰਾਂ ਤੋਂ ਹੀ ਜੀ.ਐਸ.ਟੀ ਖ਼ਤਮ ਕਰੇ ਸਰਕਾਰ- ਲੌਂਗੋਵਾਲ

ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਲੰਗਰ ’ਤੇ ਜੀ.ਐਸ.ਟੀ ਵਿਚੋਂ ਸੂਬੇ ਦੇ ਹਿੱਸੇ ਦੀ ਛੋਟ ਦੇਣ ਦਾ ਐਲਾਨ ਸਵਾਗਤਯੋਗ ਹੈ ਅਤੇ ਇਸ ਦੇ ਨਾਲ ਸਰਕਾਰ ਸਮੁੱਚੇ ਗੁਰੂ ਘਰਾਂ ਤੋਂ ਹੀ ਜੀ.ਐਸ.ਟੀ. ਨੂੰ ਵੀ ਖ਼ਤਮ ਕਰੇ।ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜਾਰੀ ਇਕ ਬਿਆਨ ਰਾਹੀਂ ਕੀਤਾ ਹੈ।ਲੌਂਗੋਵਾਲ ਨੇ ਕਿਹਾ ਕਿ ਜਦੋਂ ਤੋਂ ਗੁਰੂ ਘਰਾਂ ’ਤੇ ਜੀ.ਐਸ.ਟੀ ਲੱਗਿਆ ਹੈ, ਸ਼੍ਰੋਮਣੀ ਕਮੇਟੀ ਵਲੋਂ ਉਦੋਂ ਤੋਂ ਹੀ ਇਸ ਨੂੰ ਹਟਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ।ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਆਪਣੇ ਆਪਣੇ ਹਿੱਸੇ ਦਾ ਜੀ.ਐਸ.ਟੀ ਹਟਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ ਸਮੇਂ ਲਿਖੇ ਪੱਤਰਾਂ ’ਤੇ ਗੌਰ ਕਰਦਿਆਂ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਹਿੱਸੇ ਦਾ ਜੀ.ਐਸ.ਟੀ ਹਟਾਉਣ ਦਾ ਫੈਸਲਾ ਲਿਆ ਹੈ।ਲੌਂਗੋਵਾਲ ਨੇ ਸਰਕਾਰ ਦੇ ਇਸ ਫੈਸਲੇ ਨੂੰ ਅਜੇ ਅਧੂਰਾ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਇਕੱਲਾ ਸ੍ਰੀ ਦਰਬਾਰ ਸਾਹਿਬ ਤੋਂ ਹੀ ਨਹੀਂ ਸਗੋਂ ਸਾਰੇ ਗੁਰੂ ਘਰਾਂ ਤੋਂ ਸਰਕਾਰ ਨੂੰ ਜੀ.ਐਸ.ਟੀ ਮੁਆਫ ਕਰਨਾ ਚਾਹੀਦਾ ਹੈ, ਕਿਉਂਕਿ ਹਰ ਗੁਰੂ ਘਰ ਵਿਚ ਹੀ ਸੰਗਤਾਂ ਲਈ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਲੰਘੇ ਅਰਸੇ ਦੌਰਾਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਲਈ ਖ਼ਰੀਦ ਕੀਤੀਆਂ ਵਸਤਾਂ ’ਤੇ ਲਗਾਏ ਗਏ ਜੀ.ਐਸ.ਟੀ ਦੀ ਰਕਮ ਸ਼੍ਰੋਮਣੀ ਕਮੇਟੀ ਨੂੰ ਤੁਰੰਤ ਵਾਪਸ ਕਰੇ, ਤਾਂ ਜੋ ਸੰਗਤਾਂ ਦਾ ਇਹ ਪੈਸਾ ਲੋਕ ਸੇਵਾਵਾਂ ਲਈ ਵਰਤਿਆ ਜਾ ਸਕੇ।ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੇਂਦਰ ਸਰਕਾਰ ਨੂੰ ਵੀ ਗੁਰਦੁਆਰਾ ਸਾਹਿਬਾਨ ਤੋਂ ਜੀ.ਐਸ.ਟੀ ਤਰੰਤ ਖਤਮ ਕਰਨ ਦੀ ਅਪੀਲ ਕੀਤੀ ਹੈ।

ਸ਼੍ਰੋਮਣੀ ਕਮੇਟੀ ਜੀ.ਐਸ.ਟੀ ਹਟਾਉਣ ਦੀ ਕਰਦੀ ਰਹੀ ਹੈ ਮੰਗ
ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਘਰਾਂ ਦੇ ਪ੍ਰਬੰਧ ਚਲਾਉਣ ਲਈ ਖਰੀਦੀਆਂ ਜਾਣ ਵਾਲੀਆਂ ਵਸਤਾਂ ’ਤੇ ਲੱਗ ਰਹੇ ਜੀ.ਐਸ.ਟੀ ਟੈਕਸ ਨੂੰ ਹਟਾਉਣ ਲਈ ਸਰਕਾਰਾਂ ਨਾਲ ਲਗਾਤਾਰ ਚਿੱਠੀ ਪੱਤਰ ਰਾਹੀਂ ਰਾਬਤਾ ਕੀਤਾ ਜਾ ਰਿਹਾ ਸੀ।ਇਸੇ ਸਬੰਧ ਜੀ.ਐਸ.ਟੀ ਕੌਂਸਲ, ਭਾਰਤ ਦੇ ਪ੍ਰਧਾਨ ਮੰਤਰੀ, ਵਿੱਤ ਮੰਤਰੀ, ਸੰਸਦ ਮੈਂਬਰਾਂ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਚਿੱਠੀ ਲਿਖ ਕੇ ਗੁਰੂ ਘਰਾਂ ਦੀਆਂ ਰਸਦਾਂ ’ਤੇ ਲੱਗ ਰਹੇ ਜੀ.ਐਸ.ਟੀ ਹਟਾਉਣ ਦੀ ਮੰਗ ਕੀਤੀ ਗਈ ਸੀ।ਪੰਜਾਬ ਸਰਕਾਰ ਨੇ 2008 ਵਿਚ ਸੰਗਤਾਂ ਦੀ ਮੰਗ ਅਤੇ ਗੁਰੂ ਘਰ ਪ੍ਰਤੀ ਸਤਿਕਾਰ ਦੀ ਭਾਵਨਾ ਤਹਿਤ ਟੈਕਸ ਖ਼ਤਮ ਕਰ ਦਿੱਤਾ ਸੀ।ਪਰ ਜੀ.ਐਸ.ਟੀ ਨਾਲ ਗੁਰੂ ਘਰਾਂ `ਤੇ ਸਾਲਾਨਾ 10 ਕਰੋੜ ਤੋਂ ਵੀ ਜਿਆਦਾ ਦਾ ਵਾਧੂ ਬੋਝ ਪੈ ਰਿਹਾ ਹੈ।

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply