Friday, March 20, 2026

ਸਿੱਖ ਰਹਿਤ ਮਰਿਯਾਦਾ `ਚ ਹਰ ਗੁਰਸਿੱਖ ਲਈ ਦਸਤਾਰ ਸਜਾਉਣੀ ਜ਼ਰੂਰੀ – ਜਥੇਦਾਰ ਅਕਾਲ ਤਖਤ ਸਾਹਿਬ

G. Gurbachan Singhਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮਸਕਟ ਤੋਂ ਫੋਨ ਰਾਹੀ ਆਖਿਆ ਹੈ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਇੱਕ ਸਿੱਖ ਨੂੰ ਹੈਲਮਟ ਪਾਉਣ ਲਈ ਮਜ਼ਬੂਰ ਕੀਤਾ ਜਾਵੇ।ਜਿਸ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਟਕਾਰਾ ਦੁਆਉਣ ਲਈ ਸਿੱਖਾਂ ਨੇ 87% ਕੁਰਬਾਨੀਆ ਕੀਤੀਆਂ ਹਨ।ਅੱਜ ਉਹਨਾਂ ਨੂੰ ਹੀ ਦੇਸ਼ ਵਿੱਚ ਦੋ ਨੰਬਰ ਦੇ ਸ਼ਹਿਰੀ ਗਿਣਿਆ ਜਾਣ ਲੱਗਾ ਹੈ।ਉਨਾਂ ਨੇ ਕਿਹਾ ਕਿ ਦਸਤਾਰ ਗੁਰੂ ਕੀ ਮੋਹਰ ਕੇਸਾਂ ਦੀ ਸੰਭਾਲ ਤਾਂ ਹੈ ਹੀ, ਪਰ ਇਹ ਸਿੱਖਾਂ ਦਾ ਤਾਜ ਅਤੇ ਸਿੱਖੀ ਦੀ ਪਛਾਣ ਲਈ ਨਿਸਚਿਤ ਹੋ ਚੁੱਕੀ ਹੈ।ਪ੍ਰਾਚੀਨ ਗ੍ਰੰਥਾਂ ਵਿੱਚ ਗੁਰੂ ਸਾਹਿਬਾਨ ਵਲੋਂ ਸਿੱਖਾਂ ਲਈ ਇਹ ਜ਼ਰੂਰੀ ਕੀਤੀ ਹੈ।ਸਿੱਖ ਰਹਿਤ ਮਰਿਯਾਦਾ ਵਿੱਚ ਵੀ ਦਸਤਾਰ ਹਰ ਗੁਰਸਿੱਖ ਲਈ ਸਜਾਉਣੀ ਜ਼ਰੂਰੀ ਹੈ।ਜੇਕਰ ਅਦਾਲਤਾਂ ਹੀ ਜਿਥੋ ਲੋਕਾਂ ਨੂੰ ਇਨਸਾਫ ਮਿਲਣਾ ਹੈ, ਉਹੀ ਸਿਆਸਤ ਦੀ ਭੇਟ ਚੜ ਜਾਣ ਤਾਂ ਆਮ ਲੋਕ ਕਿਥੇ ਜਾਣਗੇ।ਭਾਵੇਂ ਆਮਤੌਰ `ਤੇ ਅਦਾਲਤਾਂ ਨੂੰ ਇਨਸਾਫ ਦਾ ਮੰਦਰ ਮੰਨਿਆ ਜਾਂਦਾ ਹੈ ਪ੍ਰੰਤੂ ਜਿਸ ਤਰ੍ਹਾਂ ਦੇ ਸਵਾਲ ਭਾਰਤੀ ਨਿਆਪਾਲਿਕਾ ਸਬੰਧੀ ਖੜੇ ਹੋ ਰਹੇ ਹਨ।ਉਹਨਾਂ ਨਾਲ ਲੋਕਾਂ ਦਾ ਵਿਸ਼ਵਾਸ਼ ਇਹਨਾਂ ਅਦਾਲਤਾਂ ਤੋਂ ਉੱਠ ਜਾਵੇਗਾ।ਭਾਰਤ ਬਹੁ ਧਰਮਾਂ ਦਾ ਦੇਸ਼ ਹੈ ਅਤੇ ਹਰ ਧਰਮ ਦੀ ਰਾਖੀ ਕਰਨਾ ਸਰਕਾਰਾਂ ਦੀ ਜਿੰਮੇਵਾਰੀ ਬਣਦੀ ਹੈ।ਜਥੇਦਾਰ ਨੇ ਕਿਹਾ ਕਿ ਸਿੱਖ ਦੀ ਆਨ ਅਤੇ ਸ਼ਾਨ ਦਸਤਾਰ ਦੇ ਨਾਲ ਹੀ ਹੈ, ਜੇਕਰ ਉਚ ਅਦਾਲਤ ਵਲੋਂ ਦਸਤਾਰ ਸਬੰਧੀ ਕੋਈ ਇਤਰਾਜਯੋਗ ਫੈਸਲਾ ਆਵੇਗਾ ਤਾਂ ਸਿੱਖ ਕਦੇ ਵੀ ਬਰਦਾਸ਼ਤ ਨਹੀ ਕਰਨਗੇ।ਜਿਹੜੇ ਜੱਜਾਂ ਨੂੰ ਦਸਤਾਰ ਦੀ ਅਹਿਮੀਅਤ ਦਾ ਹੀ ਪਤਾ ਨਹੀ ਉਹ ਫੈਸਲਾ ਕਿਸ ਤਰ੍ਹਾਂ ਕਰਨਗੇ।ਉਹਨਾਂ ਤੋਂ ਚੰਗੇ ਫੈਸਲੇ ਦੀ ਕੀ ਉਮੀਦ ਰੱਖੀ ਜਾ ਸਕਦੀ ਹੈ।
ਜੇ ਜੱਜ ਨੇ ਸਿੱਖੀ ਸਰੂਪ ਬਾਰੇ ਅਤੇ ਸਿੱਖਾਂ ਦੀ ਦਸਤਾਰ ਦੀ ਆਨ-ਸ਼ਾਨ ਬਾਰੇ ਦੇਖਣਾ ਹੈ ਤਾਂ ਪਹਿਲਾਂ ਸਿੱਖ ਇਤਿਹਾਸ ਦੇ ਨਾਲ-ਨਾਲ ਭਾਰਤ ਦਾ ਇਤਿਹਾਸ ਵੀ ਪੜ ਲੈਣ ਕਿ ਇਸ ਦੇਸ਼ ਨੂੰ ਅਜ਼ਾਦੀ ਦਿਵਾਉਣ ਵਾਲੇ ਸਿੱਖਾਂ ਦੇ ਸਰੂਪ ਕੈਸੇ ਸਨ।ਉਨਾਂ ਨੇ ਅਦਾਲਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਵਾਰ-ਵਾਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕੀਤਾ ਜਾਵੇ।ਉਹਨਾਂ ਇਹ ਵੀ ਕਿਹਾ ਕਿ ਜਿਸ ਦੇਸ਼ ਦਾ ਪ੍ਰਧਾਨ ਮੰਤਰੀ,ਰਾਸ਼ਟਰਪਤੀ, ਫੌਜ ਮੁੱਖੀ ਅਤੇ ਇਸ ਅਦਾਲਤ ਵਿੱਚ ਹੀ ਚੀਫ ਜੱਜ ਦਸਤਾਰ ਧਾਰੀ ਸਿੱਖ ਰਹਿ ਚੁੱਕੇ ਹੋਣ, ਉਥੇ ਸੁਪਰੀਮ ਕੋਰਟ ਵਲੋਂ ਦਸਤਾਰ ਸਬੰਧੀ ਉਠਾਏ ਸਵਾਲਾਂ ਨਾਲ ਜੱਜਾਂ ਦੀ ਸੋਚ ਉੱਪਰ ਵੀ ਸਵਾਲ ਪੈਦਾ ਹੋ ਜਾਂਦਾ ਹੈ।ਜਿੰਨਾ ਦਸਤਾਰਧਾਰੀ ਸਿੱਖਾਂ ਨੇ ਦੂਜਿਆਂ ਦੀਆਂ ਬਹੁ-ਬੇਟੀਆ ਦੀ ਇੱਜ਼ਤ ਬਚਾਉਣ ਲਈ ਕੁਰਬਾਨੀਆਂ ਕੀਤੀਆਂ ਹੋਣ ਅੱਜ ਉਹਨਾਂ ਸਿੱਖਾਂ ਦੀ ਹੀ ਪਛਾਣ ਨੂੰ ਖਤਰਾ ਪੈਦਾ ਹੋ ਗਿਆ ਹੈ।ਇਸ ਤਰ੍ਹਾਂ ਜਾਪਦਾ ਹੈ ਕਿ ਇਨਸਾਫ ਦੀ ਕੁਰਸੀ `ਤੇ ਬੈਠੇ ਜਿੰਮੇਵਾਰਾਂ ਵਲੋਂ ਦਸਤਾਰ ਬਾਰੇ ਪੁੱਛੇ ਸਵਾਲ ਸ਼ੰਕਾ ਪੈਦਾ ਕਰਦੇ ਹਨ ਕਿ ਜਿਵੇਂ ਦੇਸ਼ ਦੀ ਨਿਆ ਪ੍ਰਣਾਲੀ ਵੀ ਸਿੱਖਾਂ ਨੂੰ ਹਿੰਦੂ ਧਰਮ ਦੇ ਅੰਗ ਵਜੋਂ ਹੀ ਵੇਖ ਰਹੀ ਹੈ ਤੇ ਉਹ ਸਿੱਖਾਂ ਦੇ ਸਿਰਾਂ ਉਪਰ ਦਸਤਾਰ ਵੇਖਣਾ ਹੀ ਨਹੀਂ ਚਾਹੁੰਦੀ ਹੈ।ਉਨਾਂ ਨੇ ਕਿਹਾ ਕਿ ਜੇਕਰ ਅਦਾਲਤ ਜਾਣ ਬੁੱਝ ਕੇ ਦਸਤਾਰ ਸਬੰਧੀ ਕੋਈ ਗਲਤ ਫੈਸਲਾ ਦਿੰਦੀ ਹੈ ਤਾਂ ਇਸ ਤੋਂ ਨਿਕਲਣ ਵਾਲੇ ਨਤੀਜਿਆ ਬਾਰੇ ਵੀ ਸੋਚ ਲੈਣ।ਜਥੇਦਾਰ ਗਿ. ਗੁਰਬਚਨ ਸਿੰਘ ਨੇ ਇਸ ਕੇਸ ਸਬੰਧੀ ਸ਼੍ਰੋਮਣੀ ਗੁ:ਪ੍ਰ:ਕਮੇਟੀ ਅਤੇ ਦਿੱਲੀ ਸਿੱਖ ਗੁ:ਮੈ:ਕਮੇਟੀ ਨੂੰ ਵੀ ਸੁਚੇਤ ਕਰਦਿਆਂ ਕਿਹਾ ਕਿ ਤੁਰੰਤ ਹੀ ਇਸ ਕੇਸ ਦੀ ਸਮਾਂ ਰਹਿੰਦਿਆਂ ਪੈਰਵਈ ਕਰਕੇ ਯੋਗ ਉਪਰਾਲੇ ਕੀਤੇ ਜਾਣ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply