ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਦੁਬਈ `ਚ ਦਿਲ ਦਾ ਦੌਰਾ ਪੈ ਜਾਣ ਕਾਰਣ ਆਪਣੀ ਜਾਨ ਗੁਵਾ ਬੈਠੇ ਦੁਰਾਹੇ ਨੇੜਲੇ ਪਿੰਡ ਬੇਗੋਵਾਲ
ਨਾਲ ਸਬੰਧਿਤ 42 ਸਾਲਾ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਤੇ ਉੱਘੇ ਸਮਾਜ ਸੇਵਕ ਡਾ. ਐਸ.ਪੀ ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ।
ਕੁਲਵੰਤ ਸਿੰਘ ਕੁੱਝ ਵਰੇ ਪਹਿਲਾਂ ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦੇ ਬੋਝ ਤੋਂ ਮੁਕਤ ਕਰਾਉਣ ਦੇ ਸੁਪਨੇ ਦਿਲ `ਚ ਲੈ ਕੇ ਦੁਬਈ ਗਿਆ ਸੀ ਕਿ ਅਚਾਨਕ 14 ਅਪ੍ਰੈਲ ਨੂੰ ਦਿਲ ਦਾ ਦੌਰਾ ਪੈਣ ਕਾਰਣ ਉਸ ਦੀ ਮੌਤ ਦੀ ਹੋ ਗਈ ਸੀ।ਪਰਿਵਾਰ ਨੇ ਆਪਣੇ ਪੁੱਤਰ ਕੁਲਵੰਤ ਸਿੰਘ ਨਾਲ ਸੰਪਰਕ ਟੁੱਟਣ ਤੋਂ ਬਾਅਦ ਕੁੱਝ ਦਿਨ ਪਹਿਲਾਂ ਓਬਰਾਏ ਨਾਲ ਸੰਪਰਕ ਕਰ ਕੇ ਉਨਾਂ ਨੇ ਕੁਲਵੰਤ ਸਿੰਘ ਦੀ ਤਸਵੀਰ ਭੇਜ ਕੇ ਉਸ ਦੀ ਭਾਲ ਕਰਨ ਦੀ ਬੇਨਤੀ ਕੀਤੀ ਸੀ, ਜਿਸ `ਤੇ ਕਾਰਵਾਈ ਕਰਦਿਆਂ ਓਬਰਾਏ ਦੀ ਟੀਮ ਨੇ ਇੱਕ ਹਫ਼ਤਾ ਲਗਾਤਾਰ ਕੁਲਵੰਤ ਦੀ ਭਾਲ ਕਰਨ ਉਪਰੰਤ ਪਰਿਵਾਰ ਨੂੰ ਸੂਚਿਤ ਕੀਤਾ ਕਿ ਕੁਲਵੰਤ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਮ੍ਰਿਤਕ ਦੇਹ ਬਿਨਾਂ ਕਿਸੇ ਸ਼ਨਾਖਤ ਤੋਂ ਇੱਕ ਹਪਸਤਾਲ ਦੇ ਮੁਰਦਾ ਘਰ ਵਿੱਚ ਪਈ ਹੈ, ਇਹ ਖਬਰ ਸੁਣਨ ਉਪਰੰਤ ਆਪਣੇ ਪਰਿਵਾਰ ਦੀ ਅਤਿ ਨਾਜ਼ੁਕ ਆਰਥਿਕ ਹਾਲਤ ਬਾਰੇ ਸਮੁੱਚੀ ਜਾਣਕਾਰੀ ਦਿੰਦਿਆਂ ਪਰਿਵਾਰ ਨੇ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਦੁਬਈ ਤੋਂ ਵਾਪਸ ਭੇਜਣ ਦੀ ਅਰਜ਼ੋਈ ਕੀਤੀ, ਜਿਸ `ਤੇ ਡਾ. ਓਬਰਾਏ ਨੇ ਦੁਬਈ ਅੰਦਰ ਜਿੱਥੇ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਈ ਉੱਥੇ ਹੀ ਮ੍ਰਿਤਕ ਦੇਹ ਨੂੰ ਭਾਰਤ ਲੈ ਕੇ ਆਉਣ ਤੱਕ ਦਾ ਸਾਰਾ ਹੀ ਖਰਚ ਆਪਣੇ ਕੋਲੋਂ ਲਾਇਆ ਹੈ। ਦੱਸਣਯੋਗ ਹੈ ਕਿ ਕੁਲਵੰਤ ਸਿੰਘ ਦੇ ਪਿੰਡ ਦੇ ਹੀ ਇੱਕ ਜਸਵੰਤ ਸਿੰਘ ਨਾਮਕ ਵਿਅਕਤੀ ਨੂੰ ਸ. ਓਬਰਾਏ ਨੇ ਦੁਬਈ `ਚੋ ਫ਼ਾਂਸੀ ਦੀ ਸਜਾ ਤੋਂ ਨਿਜਾਕਤ ਦਵਾ ਕੇ ਵਾਪਸ ਪਰਿਵਾਰ ਵਿੱਚ ਭੇਜਿਆ ਸੀ।
ਹਵਾਈ ਅੱਡੇ `ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ ਟਰੱਸਟ ਦੇ ਮਾਝਾ ਜੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਨੌਜਵਾਨ ਸਮੇਤ ਸਰਬੱਤ ਦਾ ਭਲਾ ਟਰੱਸਟ ਵੱਲੋਂ ਹੁਣ ਤੱਕ ਵੱਖ-ਵੱਖ ਧਰਮਾਂ ਦੇ 58 ਨੌਜਵਾਨਾਂ ਦੇ ਮ੍ਰਿਤਕ ਸਰੀਰ ਉਨਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।ਉਨਾਂ ਇਹ ਵੀ ਦੱਸਿਆ ਕਿ ਕੁਲਵੰਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਭੇਜਣ `ਚ ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਤੇ ਪਰਦੀਪ ਸਿੰਘ ਨੇ ਵੀ ਜ਼ਿਕਰਯੋਗ ਭੂਮਿਕਾ ਨਿਭਾਈ ਹੈ।
ਏਸੇ ਦੌਰਾਨ ਮ੍ਰਿਤਕ ਦੇਹ ਲੈਣ ਪਹੁੰਚੇ ਕੁਲਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਡਾ. ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਤਾਂ ਉਨਾਂ ਲਈ ਰੱਬ ਬਣ ਬਹੁੜੇ ਹਨ ਅਤੇ ਜੇਕਰ ਓਬਰਾਏ ਉਨਾਂ ਦੀ ਬਾਂਹ ਨਾ ਫ਼ੜਦੇ ਤਾਂ ਉਹ ਕਦੇ ਵੀ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਨਹੀਂ ਕਰ ਸਕਦੇ ਸਨ ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media