Saturday, April 25, 2026

ਸਰਕਾਰ ਬਿਜਲੀ ਸਬਸਿਡੀ ਘਟਾਉਣ ਬਾਰੇ ਸੋਚ ਵੀ ਨਹੀਂ ਸਕਦੀ- ਸੁਰੇਸ਼ ਕੁਮਾਰ

ਕਿਸਾਨ ਗੋਸ਼ਟੀਆਂ ਨਿਰੰਤਰ ਕੀਤੀਆਂ ਜਾਣੀਆਂ ਚਾਹੀਦੀਆਂ-ਕਾਹਨ ਸਿੰਘ ਪੰਨੂੰ

PPN0405201809ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੇ ਵਿਸ਼ੇਸ਼ ਯਤਨਾਂ ਸਦਕਾ ਜਿਲ੍ਹੇ ਵਿਚ ਵਪਾਰਕ ਖੇਤੀ ਨੂੰ ਹੁਲਾਰਾ ਦੇਣ ਲਈ ਕਰਵਾਈ ਗਈ ਪਲੇਠੀ ਕਿਸਾਨ ਗੋਸ਼ਟੀ ਨੂੰ ਸੰਬੋਧਨ ਕਰਦੇ ਪ੍ਰਮੁੱਖ ਸਕੱਤਰ ਪੰਜਾਬ ਸ੍ਰੀ ਸੁਰੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਦੀ ਕਿਰਸਾਨੀ ਦੀ ਮੌਜੂਦਾ ਹਾਲਤ ਵੇਖਦੇ ਹੋਏ ਸਰਕਾਰ ਕਿਸੇ ਹਾਲਤ ਵਿਚ ਵੀ ਬਿਜਲੀ ਸਬਸਿਡੀ ਘਟਾਉਣ ਜਾਂ ਬੰਦ ਕਰਨ ਬਾਰੇ ਸੋਚ ਵੀ ਨਹੀਂ ਸਕਦੀ। ਕਿਸਾਨਾਂ ਅਤੇ ਸਨਤਕਾਰਾਂ ਦੀ ਸਾਂਝ ਪਾਉਣ ਦੇ ਉਦੇਸ਼ ਨਾਲ ਕਰਵਾਈ ਗਈ ਗੋਸ਼ਟੀ ਦੀ ਪ੍ਰਸੰਸਾ ਕਰਦੇ ਸੁਰੇਸ਼ ਕੁਮਾਰ ਨੇ ਕਿਹਾ ਕਿ ਕਿਰਸਾਨੀ ਦੀ ਮੌਜੂਦਾ ਹਾਲਤ ਸਰਕਾਰ ਦੇ ਧਿਆਨ ਵਿਚ ਹੈ ਅਤੇ ਇਸ ਹਾਲਤ ਵਿਚ ਖੇਤੀ ਲਈ ਬਿਜਲੀ ਸਬਸਿਡੀ ਬੰਦ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।ਉਨਾਂ ਕਿਹਾ ਕਿ ਅੱਜ ਲੋੜ ਹੈ ਕਿ ਬੰਜ਼ਰ ਹੋ ਰਹੀ ਪੰਜਾਬ ਦੀ ਜ਼ਮੀਨ ਅਤੇ ਪਲੀਤ ਤੇ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਦੇ ਨਾਲ-ਨਾਲ ਕਿਸਾਨ ਦੇ ਖੇਤੀ ਖਰਚੇ ਘੱਟ ਕਰਕੇ ਉਸਦੀ ਜੇਬ ਵਿਚ ਕੁੱਝ ਪਾਇਆ ਜਾਵੇ।
               ਕੁਮਾਰ ਨੇ ਕਿਹਾ ਕਿ ਕਿਸਾਨ ਨੂੰ ਕਰੀਬ 6 ਹਜ਼ਾਰ ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ 50 ਹਜ਼ਾਰ ਕਰੋੜ ਰੁਪਏ ਦਾ ਕੁੱਲ ਖੇਤੀ ਉਤਪਾਦਨ ਹੈ।ਇਸ ਹਾਲਤ ਵਿਚ ਜੇਕਰ ਬਿਜਲੀ ਸਬਸਿਡੀ  ਬੰਦ ਕਰਕੇ ਕਿਸਾਨ ’ਤੇ ਬਿਜਲੀ ਦਾ ਖਰਚਾ ਪਾ ਦਿੱਤਾ ਜਾਵੇ ਤਾਂ ਕਿਸਾਨ ਜਿਉਂਦਾ ਨਹੀਂ ਰਹੇ ਸਕੇਗਾ। ਉਨਾਂ ਦੱਸਿਆ ਕਿ ਇਸ ਸਬਸਿਡੀ ਨੂੰ ਵਿਸ਼ਵ ਬੈਂਕ ਨੇ ਵੀ ਜਾਇਜ਼ ਕਰਾਰ ਦਿੱਤਾ ਹੈ ਅਤੇ ਜਾਰੀ ਰੱਖਣ ਦੀ ਵਕਾਲਤ ਕੀਤੀ ਹੈ। ਉਨਾਂ ਕਿਹਾ ਕਿ ਖੇਤੀ ਵਿਗਿਆਨੀਆਂ ਨੂੰ ਚਾਹੀਦਾ ਹੈ ਕਿ ਉਹ ਅਜਿਹਾ ਰਸਤਾ ਲੱਭਣ, ਜਿਸ ਨਾਲ ਬਿਜਲੀ ਸਬਸਿਡੀ ਜਾਰੀ ਵੀ ਰਹੇ ਅਤੇ ਕੁਦਰਤੀ ਸਾਧਨਾਂ ਦੀ ਦੁਰਵਰਤੋਂ ਵੀ ਨਾ ਹੋਵੇ।
       ਖੇਤੀ ਵਿਭੰਨਤਾ ਦੀ ਗੱਲ ਕਰਦੇ ਸੁਰੇਸ਼ ਕੁਮਾਰ ਨੇ ਕਿਹਾ ਕਿ ਇਕ ਪਾਸੇ ਤਾਂ ਕੇਂਦਰ ਸਰਕਾਰ ਕਣਕ-ਝੋਨੇ ਹੇਠੋਂ ਰਕਬਾ ਘੱਟ ਕਰਨ ਲਈ ਪੰਜਾਬ ਨੂੰ ਆਰਥਿਕ ਸਹਾਇਤਾ ਦੇ ਦਿੰਦੀ ਹੈ, ਪਰ ਦੂਸਰੇ ਪਾਸੇ ਅਨਾਜ ਦੇ ਉਤਪਾਦਨ ਦਾ ਟੀਚਾ ਦੇਸ਼ ਦੀ ਲੋੜ ਨੂੰ ਵੇਖਦੇ ਹੋਏ ਘੱਟ ਨਹੀਂ ਕੀਤਾ ਜਾਂਦਾ। ਉਨਾਂ ਕਿਹਾ ਕਿ ਖੇਤੀ ਵਿਭੰਨਤਾ ਤਾਂ ਹੀ ਕਾਮਯਾਬ ਹੋ ਸਕਦੀ ਹੈ, ਜੇਕਰ ਕਣਕ-ਝੋਨੇ ਦੇ ਫਸਲੀ ਚੱਕਰ ਨਾਲੋਂ ਵੱਧ ਰਕਮ ਕਿਸਾਨ ਦੀ ਜੇਬ ਵਿਚ ਪਵੇ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਅਤੇ ਘਰੇਲੂ ਖਰਚੇ ਘੱਟ ਕਰਨ।ਉਨਾਂ ਕਿਹਾ ਕਿ ਫਸਲਾਂ ਦਾ ਉਤਪਾਦਨ ਲਗਭਗ ਸਥਿਰ ਹੈ, ਪਰ ਖੇਤੀ ਖਰਚੇ ਲਗਾਤਾਰ ਵੱਧ ਰਹੇ ਹਨ। ਉਨਾਂ ਹਾਜ਼ਰ ਅਗਾਂਹਵਧੂ ਕਿਸਾਨਾਂ, ਖੇਤੀ ਵਿਗਿਆਨੀਆਂ ਅਤੇ ਅਰਥ ਸਾਸ਼ਤਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਦੇ ਭਵਿੱਖ ਲਈ ਨਵਾਂ ਖੇਤੀ ਮਾਡਲ ਉਲੀਕਣ, ਉਸ ਲਈ ਸਰਕਾਰ ਫੰਡਾਂ ਜਾਂ ਸਾਧਨਾਂ ਦੀ ਕੋਈ ਘਾਟ ਨਹੀਂ ਆਉਣ ਦੇਵੇਗੀ।
                 ਇਸ ਮੌਕੇ ਹਾਜ਼ਰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਅੱਜ ਵਿਸ਼ਵ ਮੰਡੀ ਦਾ ਯੁੱਗ ਹੈ ਅਤੇ ਜੋ ਕਿਸਾਨ ਆਪਣੀ ਉਪਜ ਵੇਚਦਾ ਨਹੀਂ, ਮੰਡੀ ਵਿਚ ਸੁੱਟਦਾ ਹੈ, ਉਸ ਨੂੰ ਮੁਨਾਫਾ ਨਹੀਂ ਹੋ ਸਕਦਾ।ਉਨਾਂ ਕਿਹਾ ਕਿ ਕਿਸਾਨ ਕਿਸੇ ਖੇਤੀ ਵਿਗਿਆਨੀ ਤੋਂ ਘੱਟ ਨਹੀਂ ਰਿਹਾ ਅਤੇ ਹੁਣ ਉਸ ਨੂੰ ਵਪਾਰੀ ਬਣਨ ਦੀ ਲੋੜ ਹੈ।ਉਨਾਂ ਅਜਿਹੀਆਂ ਗੋਸ਼ਟੀਆਂ ਦਾ ਪ੍ਰਵਾਹ ਨਿਰੰਤਰ ਚਾਲੂ ਕਰਨ ਦੀ ਵਕਾਲਤ ਕਰਦੇ ਕਿਹਾ ਕਿ ਕਿਸਾਨ ਅਤੇ ਵਪਾਰੀਆਂ ਦੀ ਰੈਅ ਨਾਲ ਹੀ ਨਵਾਂ ਖੇਤੀ ਮਾਡਲ ਤਿਆਰ ਕੀਤਾ ਜਾ ਸਕਦਾ ਹੈ।
                 ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਅੱਜ ਕਿਸਾਨ, ਵਪਾਰੀ, ਸਨਅਤਕਾਰ, ਸਰਕਾਰ ਅਤੇ ਖੇਤੀ ਵਿਗਿਆਨੀਆਂ ਨੂੰ ਇਕ ਪਲੇਟਫਾਰਮ ’ਤੇ ਇਕੱਠੇ ਹੋ ਕੇ ਸਲਾਹ-ਮਸ਼ਵਰੇ ਨਾਲ ਕੰਮ ਕਰਨ ਦੀ ਲੋੜ ਹੈ ਤਾਂ ਹੀ ਖੇਤੀ ਵਿਭੰਨਤਾ ਨੂੰ ਅਪਨਾ ਕੇ ਕਿਸਾਨ ਦੀ ਉਪਜ ਦਾ ਸਹੀ ਮੁੱਲ ਮਿਲ ਸਕੇਗਾ ਅਤੇ ਸਨਅਤਕਾਰ ਨੂੰ ਆਪਣੀ ਲੋੜ ਲਈ ਕੱਚਾ ਮਾਲ।ਉਨਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਜਸਪਾਲ ਸਿੰਘ ਸੰਧੂ ਨੇ ਇਸ ਮੌਕੇ ਐਲਾਨ ਕੀਤਾ ਕਿ ਉਹ ਅਗਲੇ ਵਿਦਿਅਕ ਵਰ੍ਹੇ ਤੋਂ ਯੂੂੀਵਰਸਿਟੀ ਵਿਚ ਮਾਡਰਨ ਖੇਤੀ ਨਾਲ ਸੰਬਧਤ ਕੋਰਸ ਸ਼ੁਰੂ ਕਰਨਗੇ, ਜਿਸ ਨਾਲ ਕਿਸਾਨਾਂ ਨੂੰ ਵਪਾਰਕ ਖੇਤੀ ਲਈ ਤਿਆਰ ਕੀਤਾ ਜਾ ਸਕੇਗਾ।
ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ ਪਸਾਰ ਡਾ. ਜਸਕਰਨ ਸਿੰਘ ਮਾਹਲ, ਮਾਰਕਫੈਡ ਦੇ ਅਧਿਕਾਰੀ ਬਾਲ ਮੁਕੰਦ ਸ਼ਰਮਾ, ਖੇਤੀ ਵਿਗਿਆਨੀ ਸ੍ਰੀ ਨਿੱਝਰ ਤੇ ਰਮਦੀਪ ਸਿੰਘ ਤੋਂ ਇਲਾਵਾ ਪ੍ਰਸਿਧ ਕਿਸਾਨ ਅਵਤਾਰ ਸਿੰਘ ਢੀਂਡਸਾ, ਕਰਮਬੀਰ ਸਿੰਘ ਸਿੱਧੂ, ਸੰਦੀਪ ਸਿੰਘ ਰੰਧਾਵਾ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਏ.ਡੀ.ਸੀ ਸੁਭਾਸ਼ ਕੁਮਾਰ ਤੇ ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਮੈਡਲ ਅਲਕਾ ਕਾਲੀਆ ਤੇ ਸ਼ਿਵਰਾਜ ਸਿੰਘ ਬੱਲ ਵੀ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply