ਮੰਗਾਂ ਨਾ ਮੰਨੇ ਜਾਣ `ਤੇ ਕੇਂਦਰ ਸਰਕਾਰ ਨੂੰ ਮੁਕੰਮਲ ਹੜਤਾਲ `ਤੇ ਜਾਣ ਦੀ ਦਿੱਤੀ ਚੇਤਾਵਨੀ
ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ ਬਿਊਰੋ) – ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ (ਏ.ਆਈ.ਆਰ.ਐਫ) ਵਲੋਂ ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ
ਸਕੀਮ ਬਹਾਲ ਕਰਨ, ਰੇਲਵੇ ਵਿਚ ਨਿੱਜੀ ਕਰਨ ਨੂੰ ਖਤਮ ਕਰਨ ਅਤੇ ਦੋ ਲੱਖ ਖਾਲੀ ਆਸਾਮੀਆਂ ਨੂੰ ਤੁਰੰਤ ਭਰਨ ਦੀ ਮੰਗ ਨੂੰ ਲੈ ਕੇ ਦੇਸ਼ ਵਿਆਪੀ ਭੁੱਖ ਹੜਤਾਲ ਦੇ ਸੱਦੇ ’ਤੇ ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਦੀ ਵਰਕਸ਼ਾਪ, ਲੇਖਾ ਅਤੇ ਸਟੋਰ ਬਰਾਂਚ ਵਲੋਂ ਰੇਲਵੇ ਵਰਕਸ਼ਾਪ ਪੁਤਲੀਘਰ ਦੇ ਗੇਟ ਸਾਹਮਣੇ ਤਿੰਨ ਦਿਨ ਤੱਕ ਲਗਾਤਾਰ ਭੁੱਖ ਹੜਤਾਲ ਕੀਤੀ ਗਈ, ਜਿਸ ਵਿਚ ਮਕੈਨੀਕਲ, ਲੇਖਾ ਅਤੇ ਸਟੋਰ ਵਿਭਾਗ ਦੇ ਵੱਡੀ ਗਿਣਤੀ ਮੁਲਾਜ਼ਮਾਂ ਨੇ ਹਿੱਸਾ ਲਿਆ।
ਭੁੱਖ ਹੜਤਾਲ ਦੇ ਆਖਰੀ ਦਿਨ ਮੁਲਾਜ਼ਮਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਐਨ.ਆਰ.ਐਮ.ਯੂ ਦੀ ਵਰਕਸ਼ਾਪ ਬਰਾਂਚ ਦੇ ਮੰਡਲ ਪ੍ਰਧਾਨ ਕਾਮਰੇਡ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਏ.ਆਈ.ਆਰ.ਐਫ ਦੇ ਜਨਰਲ ਸੈਕਟਰੀ ਕਾਮਰੇਡ ਸ਼ਿਵ ਗੋਪਾਲ ਮਿਸ਼ਰਾ ਦੇ ਸੱਦੇ ਤੇ ਮੈਨਜ਼ ਯੂਨੀਅਨ ਵਲੋਂ ਮੋਦੀ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ ਤਿੰਨ ਦਿਨ ਦੇਸ਼ ਵਿਆਪੀ ਭੁੱਖ ਹੜਤਾਲ ਕਰਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ ਹੈ ਅਤੇ ਜੇਕਰ ਮੋਦੀ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਭਵਿੱਖ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਲੇਖਾ ਬਰਾਂਚ ਦੇ ਯੂਨੀਅਨ ਆਗੂ ਕਾਮਰੇਡ ਸੁਮੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਅਮਰੀਕੀ ਸਾਮਰਾਜ, ਵਿਸ਼ਵ ਬੈਂਕ ਅਤੇ ਵਿਸ਼ਵ ਵਪਾਰ ਸੰਸਥਾ ਨਾਲ ਕੀਤੇ ਲੋਕ ਮਾਰੂ ਸਮਝੌਤਿਆਂ ਦੇ ਦਬਾਅ ਹੇਠ ਦੇਸ਼ ਵਿਚ ਪਬਲਿਕ ਸੈਕਟਰ ਨੂੰ ਖ਼ਤਮ ਕਰਕੇ ਅਡਾਨੀ-ਅੰਬਾਨੀ ਵਰਗੇ ਮੁਨਾਫਾਖੋਰ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚਣ ਦੀਆਂ ਲੋਕ ਮਾਰੂ ਆਰਥਿਕ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਰੇਲਵੇ ਵਿਚ ਦੋ ਲੱਖ ਖਾਲੀ ਪਈਆਂ ਆਸਾਮੀਆਂ ਨੂੰ ਭਰਨ ਦੀ ਬਜਾਏ ਨਿੱਜੀਕਰਨ ਅਤੇ ਠੇਕੇਦਾਰੀ ਸਿਸਟਮ ਨੂੰ ਜਾਣ ਬੁੱਝ ਕੇ ਬਧਾਵਾ ਦਿੱਤਾ ਜਾ ਰਿਹਾ ਹੈ, ਜਿਸ ਦਾ ਯੂਨੀਅਨ ਵਲੋਂ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ।ਉਨ੍ਹਾਂ ਦੋਸ਼ ਲਾਇਆ ਕਿ ਬਹੁਮਤ ਦੇ ਨਸ਼ੇ ਵਿਚ ਚੂਰ ਮੋਦੀ ਸਰਕਾਰ ਵਲੋਂ ਜਨਵਰੀ 2004 ਤੋਂ ਭਰਤੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਤੋਂ ਮਹਿਰੂਮ ਕਰਕੇ ਮੁਲਾਜ਼ਮਾਂ ਦੇ ਸਮਾਜਕ ਸੁਰੱਖਿਆ ਦੇ ਸੰਵਿਧਾਨਕ ਅਧਿਕਾਰ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਖਿਲਾਫ ਸਮੁੱਚੀ ਭਾਰਤੀ ਰੇਲਵੇ ਦੇ ਲੱਖਾਂ ਮੁਲਾਜ਼ਮਾਂ ਵਲੋਂ ਤਿੰਨ ਦਿਨ ਲਗਾਤਾਰ ਭੁੱਖ ਹੜਤਾਲ ਕਰਕੇ ਕੇਂਦਰ ਸਰਕਾਰ ਨੂੰ ਮੁਕੰਮਲ ਹੜਤਾਲ ਉਤੇ ਜਾਣ ਦੀ ਚੇਤਾਵਨੀ ਦਿੱਤੀ ਗਈ ਹੈ।
ਲੇਖਾ ਵਿਭਾਗ ਦੇ ਆਗੂ ਕਾਮਰੇਡ ਰਜੇਸ਼ ਕੰਡਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਵਿਧਾਇਕ ਅਤੇ ਸੰਸਦ ਮੈਂਬਰ ਇਕ ਦਿਨ ਲਈ ਵੀ ਚੁਣੇ ਜਾਣ ਤਾਂ ਉਨ੍ਹਾਂ ਨੂੰ ਸਾਰੀ ਉਮਰ ਲਈ ਪੈਨਸ਼ਨ ਲਾ ਦਿੱਤੀ ਜਾਂਦੀ ਹੈ ਜਦੋਂਕਿ ਸਰਕਾਰੀ ਮੁਲਾਜ਼ਮ ਨੂੰ ਕਈ ਸਾਲ ਨੌਕਰੀ ਕਰਨ ਮਗਰੋਂ ਪੈਨਸ਼ਨ ਦੇ ਸੰਵਿਧਾਨਕ ਅਧਿਕਾਰ ਤੋਂ ਜਾਣ ਬੁੱਝ ਕੇ ਵਾਂਝਿਆ ਰਖਿਆ ਜਾ ਰਿਹਾ ਹੈ।
ਵਰਕਸ਼ਾਪ, ਸਟੋਰ ਵਿਭਾਗ ਦੇ ਮੁਲਾਜ਼ਮਾਂ ਤੋਂ ਇਲਾਵਾ ਲੇਖਾ ਵਿਭਾਗ ਦੇ ਕਾਮਰੇਡ ਰਵਿੰਦਰ ਮਹਾਜਨ, ਮਹਿੰਦਰਪਾਲ ਸਿੰਘ, ਅਰੁਨ ਜੋਸ਼ੀ ਅਤੇ ਗਗਨਪ੍ਰੀਤ ਸਿੰਘ ਨੇ ਲੜੀਵਾਰ ਭੁੱਖ ਹੜਤਾਲ ਵਿਚ ਹਿੱਸਾ ਲਿਆ ਅਤੇ ਮੋਦੀ ਸਰਕਾਰ ਦੀਆਂ ਮਜਦੂਰ-ਮੁਲਾਜ਼ਮ ਅਤੇ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਨਾਅਰੇਬਾਜੀ ਕੀਤੀ।
ਇਸ ਮੌਕੇ ਵੱਖ ਵੱਖ ਮਜਦੂਰ ਮੁਲਾਜ਼ਮ ਜਥੇਬੰਦੀਆਂ ਦੇ ਆਗੂਆ ਤੋਂ ਇਲਾਵਾ ਐਨ.ਆਰ.ਐਮ.ਯੂ ਵਰਕਸ਼ਾਪ ਬਰਾਂਚ ਦੇ ਕਾਮਰੇਡ ਅਸ਼ਵਨੀ ਕੁਮਾਰ, ਮਦਨ ਲਾਲ, ਅਜੀਤ ਸਿੰਘ, ਮੈਡਮ ਸਰਬਜੀਤ ਕੌਰ, ਰਕੇਸ਼ ਕੁਮਾਰ, ਨਰੇਸ਼ ਕੁਮਾਰ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਕੁਲਬੀਰ ਸਿੰਘ ਸਟੋਰ ਵਿਭਾਗ ਦੇ ਕਾਮਰੇਡ ਅਵਤਾਰ ਸਿੰਘ, ਭੁਪਿੰਦਰ ਸਿੰਘ, ਸਵਿੰਦਰ ਬਾਵਾ, ਤੇਜਿੰਦਰ ਸਿੰਘ ਆਦਿ ਆਗੂਆਂ ਸੰਬੋਧਨ ਕਰਨ ਤੋਂ ਇਲਾਵਾ ਭੁੱਖ ਹੜਤਾਲ ਵਿਚ ਸ਼ਮੂਲੀਅਤ ਵੀ ਕੀਤੀ।ਇਸ ਵਿਸ਼ਾਲ ਭੁੱਖ ਹੜਤਾਲ ਰੋਸ ਮੁਜਾਹਰੇ ਵਿਚ ਹੋਰਨਾਂ ਤੋਂ ਇਲਾਵਾ ਲਾਲ ਚੰਦ, ਪ੍ਰਵੀਨ ਮਲਿਕ, ਬਲਦੇਵ ਰਾਜ, ਮਹਿੰਦਰ ਸਿੰਘ, ਤਰਲੋਚਨ ਸਿੰਘ, ਰਾਜੀਵ ਸੂਦ, ਸੁਖਦੇਵ ਘਈ, ਰਾਜੀਵ ਖੁਰਾਣਾ, ਦੇਵੀ ਪ੍ਰਸਾਦਿ, ਮਨੋਹਰ ਸਿੰਘ, ਕੁਲਦੀਪ ਸਿੰਘ, ਅਮਰਜੀਤ ਕੌਰ, ਦੇਵਿੰਦਰ ਕੌਰ, ਪਰਮਜੀਤ ਕੌਰ, ਸਰਵਨ ਸਿੰਘ, ਨੀਰਜ ਮਹਾਜਨ, ਰਜੇਸ਼ ਮਹਾਜਨ ਆਦਿ ਮੁਲਾਜ਼ਮਾਂ ਵਲੋਂ ਸ਼ਮੂਲੀਅਤ ਕੀਤੀ ਗਈ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media