ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਮੁਹਿੰਮ ਦੀ ਸ਼ੁਰੂਆਤ
ਲੁਧਿਆਣਾ, 26 ਮਈ (ਪੰਜਾਬ ਪੋਸਟ ਬਿਊਰੋ) – ਵਾਤਾਵਰਣ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਅਮਰੀਕਾ ਅਧਾਰਿਤ ਸੰਸਥਾ, ਈਕੋਸਿੱਖ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਪੰਜਾਬ ਦੇ ਸਾਰੇ ਧਾਰਮਿਕ ਸਥਾਨਾਂ ‘ਤੇ ਆਲੂ ਅਤੇ ਮੱਕੀ ਦੇ ਮਿਸ਼ਰਣ ਤੋਂ ਬਣਾਏ ਗਏ ਕੰਪੋਸਟੇਬਲ ਬੈਗਾਂ ਦੀ ਵਰਤੋਂ ਨੂੰ ਪ੍ਰਫੁਲਿਤ ਕਰਨ ਲਈ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿਖੇ ਮੁਹਿੰਮ ਦੀ ਸ਼ੁਰੂਆਤ ਕੀਤੀ। ਅੱਜ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿਖੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਈਕੋਸਿੱਖ ਸੰਸਥਾ ਦੇ ਪ੍ਰਤੀਨਿੱਧਾਂ ਨੇ ਗੁਰਦੁਆਰਾ ਸਰਾਭਾ ਨਗਰ, ਜਾਮਾ ਮਸਜਿਦ ਫੀਲਡ ਗੰਜ਼, ਦੁਰਗਾ ਟੈਂਪਲ, ਗਿਆਨ ਸਥੱਲ ਅਤੇ ਸ੍ਰੀ ਕ੍ਰਿਸ਼ਨਾ ਮੰਦਰ ਦੇ ਅਹੁੱਦੇਦਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 14 ਮਾਰਚ ਨੂੰ ਸਿੱਖ ਵਾਤਾਵਰਣ ਦਿਵਸ ਮੌਕੇ ਪਹਿਲਾਂ ਹੀ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸ਼ਾਦਿ ਦੀ ਦੇਗ ਲਈ ਇਨ੍ਹਾਂ ਲਿਫਾਫਿਆਂ ਦੀ ਵਰਤੋਂ ਸ਼ੁਰੂ ਕਰਵਾਈ ਜਾ ਚੁੱਕੀ ਹੈ। ਉਦੋਂ ਤੋਂ ਹੀ ਵਾਤਾਵਰਣ ਪ੍ਰੇਮੀਆਂ ਵੱਲੋਂ ਇਨ੍ਹਾਂ ਲਿਫਾਫ਼ਿਆਂ ਦੀ ਵਰਤੋਂ ਨੂੰ ਹੋਰਨਾਂ ਗੁਰਦੁਆਰਾ ਸਹਿਬਾਨ ਤੇ ਧਾਰਮਿਕ ਸਥਾਨਾਂ ਤੇ ਵਰਤੋਂ ਵਿੱਚ ਲਿਆਉਣ ਅਤੇ ਮਾਰਕੀਟ ਵਿੱਚ ਆਮ ਲੋਕਾਂ ਲਈ ਉਪਲਬਧ ਕਰਵਾਉਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ।ਇਹ ਪ੍ਰੋਗਰਾਮ ਵਾਤਾਵਰਣ ਨੂੰ ਬਚਾਉਣ ਲਈ ਧਰਮਾਂ ਦੀ ਅਵਾਜ਼ ਦੇ ਤੌਰ ਤੇ ਵੱਧ ਤੋਂ ਵੱਧ ਦੁਨੀਆਂ ਤੱਕ ਸੁਨੇਹਾ ਪਣਾਉਣ ਲਈ ਉਲੀਕਿਆ ਗਿਆ।ਸੰਯੁਕਤ ਰਾਸ਼ਟਰ ਦੇ ਮੁਤਾਬਿਕ 80% ਲੋਕ ਕਿਸੇ ਨਾ ਕਿਸੇ ਧਰਮ ਨੂੰ ਮਨਦੇ ਹਨ।ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ, ਜਥੇਦਾਰ ਗਿਆਨੀ ਫੂਲ਼ਾ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੈਡ ਗ੍ਰੰਥੀ ਗਿਆਨੀ ਮਲਕੀਅਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਹਾਜਰ ਸਨ।
ਆਮ ਵਰਤੋਂ ਵਿੱਚ ਲਿਆਂਦੇ ਜਾ ਰਹੇ ਪਲਾਸਟਿਕ ਦੇ ਲਿਫਾਫ਼ੇ ਮਨੁੱਖਤਾ ਅਤੇ ਪਸ਼ੂਆਂ ਲਈ ਖ਼ਤਰਨਾਕ ਹੋਣ ਦੇ ਨਾਲ-ਨਾਲ ਪੰਜਾਬ ਦੇ ਵਾਤਾਵਰਣ ਨੂੰ ਗੰਧਲ਼ਾ ਕਰ ਰਹੇ ਹਨ, ਜਦਕਿ ਇਹ ਕੰਪੋਸਟ ਲਿਫਾਫ਼ੇ ਪਾਣੀ ਵਿੱਚ ਸੁੱਟਣ ਅਤੇ ਸੂਰਜ਼ ਦੀ ਧੁੱਪ ਵਿੱਚ ਰੱਖਣ ਨਾਲ ਕੇਵਲ 180 ਦਿਨ੍ਹਾਂ ਵਿੱਚ ਹੀ ਖ਼ਤਮ ਹੋ ਜਾਂਦੇ ਹਨ।ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ ਇੰਜੀਨੀਅਰ ਪ੍ਰਦੀਪ ਗੁਪਤਾ ਨੇ ਦੱਸਿਆ ਕਿ ਇਸ ਸਾਲ ਭਾਰਤ ਬਤੌਰ ਮੇਜ਼ਬਾਨ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਜਾ ਰਿਹਾ ਹੈ, ਜਿਸ ਦਾ ਮੁੱਖ ਥੀਮ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਨੂੰ ਖ਼ਤਮ ਕਰਨਾ ਰੱਖਿਆ ਗਿਆ ਹੈ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੁੱਖ ਟੀਚਾ ਇਨ੍ਹਾਂ ਕੰਪੋਸਟ ਲਿਫਾਫਿਆਂ ਨੂੰ ਬਣਾਉਣ ਅਤੇ ਮਾਰਕੀਟ ਵਿੱਚ ਵੇਚਣ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਾਤਾਵਰਣ ਪ੍ਰਤੀ ਚੇਤਨਤਾ ਪੈਦਾ ਕਰਨ ਵਾਲੀਆਂ ਸੰਸਥਾਵਾਂ ਦਾ ਧੰਨਵਾਦੀ ਹੈ ਜੋ ਕਿ ਸਰਕਾਰ ਦੇ ਵਾਤਾਵਰਣ ਨੂੰ ਬਚਾਉਣ ਦੇ ਉਪਰਾਲਿਆਂ ਵਿੱਚ ਵਧ ਚੜ੍ਹਕੇ ਹਿੱਸਾ ਲੈ ਰਹੀਆਂ ਹਨ।
ਪਿਛਲੇ 10 ਸਾਲਾਂ ਦੌਰਾਨ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਵਿੱਚ ਪੰਜਾਬ ਸਭ ਤੋਂ ਉੱਪਰਲੇ ਸਥਾਨ `ਤੇ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਰਿਪੋਰਟ ਮੁਤਾਬਕ ਪੰਜਾਬ ਵਿੱਚ ਰੋਜ਼ਾਨਾ 4300 ਟਨ ਪਲਾਸਟਿਕ ਕੂੜਾ ਪੈਦਾ ਹੁੰਦੀ ਹੈ। ਸ਼ਹਿਰੀ ਖੇਤਰਾਂ ਵਿੱਚੋਂ ਨਿੱਕਲਣ ਵਾਲੀ ਕੂੜੇ ਦਾ 25 ਪ੍ਰ੍ਰਤੀਸ਼ਤ ਹਿੱਸਾ ਪਲਾਸਟਿਕ ਦੇ ਲਿਫਾਫੇ ਹੁੰਦੇ ਹਨ, ਜਿਹੜਾ ਕਿ ਰੋਜ਼ਾਨਾ ਲੱਗਭਗ 1100 ਟਨ ਬਣਦਾ ਹੈ।ਇਨ੍ਹਾਂ ਵਿੱਚੋਂ ਬਹੁਤਾ ਪਲਾਸਟਿਕ ਖ਼ਤਮ ਹੋਣ ਯੋਗ ਨਹੀਂ ਹੁੰਦਾ ਅਤੇ ਅੰਤ ਵਿੱਚ ਪੰਜਾਬ ਦੇ ਦਰਿਆਵਾਂ ਅਤੇ ਮਿੱਟੀ ਵਿੱਚ ਘੁੱਲ਼ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦਾ ਹੈ।
ਗੁਰਦੁਆਰਾ ਦੁੂਖ ਨਿਵਾਰਣ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੀ ਸਮੂੰਹ ਸੰਗਤ ਇਨ੍ਹਾਂ ਕੰਪੋਸਟ ਲਿਫਾਫਿਆਂ ਨੂੰ ਕੜਾਹ ਪ੍ਰਸਾਦਿ ਲਈ ਵਰਤ ਕੇ ਕੁਦਰਤ ਦੀ ਸੇਵਾ ਕਰਨ ਵਿੱਚ ਅਗਵਾਈ ਦੇਵੇਗੀ।ਈਕੋਸਿੱਖ ਸੰਸਥਾ ਦੇ ਪ੍ਰਧਾਨ ਸੁਪਰੀਤ ਕੌਰ ਨੇ ਕਿਹਾ ਕਿ ਸਿੱਖ, ਦੁਨੀਆਂ ਭਰ ਵਿੱਚ ਸੇਵਾ ਅਤੇ ‘ਸਰਬੱਤ ਦੇ ਭਲੇ’ ਦੀ ਭਾਵਨਾਂ ਨਾਲ ਲਬਰੇਜ਼ ਹੋਣ ਕਾਰਨ ਜਾਣੇ ਜਾਂਦੇ ਹਨ।ਉਨ੍ਹਾਂ ਕਿਹਾ ਕਿ ਕੰਪੋਸਟ ਲਿਫਾਫਿਆਂ ਦੀ ਵਰਤੋਂ ਹਵਾ, ਪਾਣੀ ਅਤੇ ਮਿੱਟੀ ਨੂੰ ਬਚਾਉਣ ਲਈ ਦੂਰਦਰਸ਼ੀ ਵਿਚਾਰ ਹੈ।ਉਨ੍ਹਾਂ ਕਿਹਾ ਕਿ ਸਾਡੇ ਲਈ ਮਾਣ ਦੀ ਗੱਲ ਹੈ ਕਿ ਈਕੋਸਿੱਖ ਸੰਸਥਾ ਇਨ੍ਹਾਂ ਕੰਪੋਸਟ ਲਿਫਾਫਿਆਂ ਦੇ ਪ੍ਰਚਾਰ, ਵਪਾਰ ਅਤੇ ਪਸਾਰ ਵਿੱਚ ਅਗਾਂਹ ਵਧੂ ਭੂਮਿਕਾ ਨਿਭਾ ਰਹੀ ਹੈ।ਈਕੋਸਿੱਖ ਬੋਰਡ ਦੇ ਮੈਂਬਰ ਜਸਪ੍ਰੀਤ ਸਿੰਘ ਨੇ ਲਿਫਾਫਿਆਂ ਵਿੱਚ ਪ੍ਰਸਾਦਿ ਲੈਣ ਉਪਰੰਤ ਸੰਗਤ ਸਹੀ ਅਰਥਾਂ ਵਿੱਚ ਕੁਦਰਤ ਵੱਲੋਂ ਦਿੱਤੇ ਪ੍ਰਸਾਦਿ ਨੂੰ ਮਹਿਸੂਸ ਕਰੇਗੀ।
ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਜਨਾਬ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਇਸਲਾਮ ਧਰਮ ਹਮੇਸ਼ਾਂ ਤੋਂ ਵਾਤਾਵਰਣ ਨੂੰ ਬਚਾਉਣ ਅਤੇ ਵਾਤਾਵਰਣ ਦੇ ਅਨੁਕੂਲ ਜੀਵਨ ਜਿਉਣ ਦਾ ਹਾਮੀ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਵਪਾਰਕ ਘਰਾਣਿਆਂ ਨੂੰ ਅਪੀਲ ਕਰਦੇ ਹਨ ਕਿ ਇਨ੍ਹਾਂ ਉਤਪਾਦਾਂ ਨੂੰ ਬੜਾਵਾ ਦੇਣ ਅਤੇ ਖਾਣਖ਼ਪੀਣ ਦੀਆਂ ਵਸਤਾਂ ਲਈ ਇਨ੍ਹਾਂ ਕੰਪੋਸਟ ਲਿਫਾਫਿਆਂ ਦੀ ਵਰਤੋਂ ਕਰਨ।ਇਸ ਮੌਕੇ ਬਲਬੀਰ ਗੁਪਤਾ ਪ੍ਰਧਾਨ ਦੁਰਗਾ ਮੰਦਰ ਕਮੇਟੀ ਨੇ ਸਮੂਹ ਹਿੰਦੂ ਭਾਈਚਾਰੇ ਅਤੇ ਦੁਰਗਾ ਮੰਦਰ ਵੱਲੋਂ ਵੀ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਦਾ ਵਾਅਦਾ ਕੀਤਾ।
Punjab Post Daily Online Newspaper & Print Media