ਮਾਡਲ ਪਿੰਡ ਵਜੋ ਵਿਕਸਤ ਕੀਤਾ ਜਾਵੇਗਾ ਹੇਰ – ਰਵਿੰਦਰ ਸਿੰਘ
ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸੰਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਚੁਣੇ ਗਏ ਪਿੰਡ ਹੇਰ ਨੇੜੇ ਹਵਾਈ ਅੱਡਾ ਅੰਮ੍ਰਿਤਸਰ ਨੂੰ ਮਾਡਲ
ਪਿੰਡ ਵਜੋਂ ਵਿਕਸਤ ਕੀਤਾ ਜਾਵੇਗਾ।ਇਸ ਸਬੰਧੀ ਪਿੰਡ ਹੇਰ ਵਿੱਚ ਚੱਲ ਰਹੇ ਅਤੇ ਚੱਲਣ ਵਾਲੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਅਧਾਰ ’ਤੇ ਕਰਨ ਲਈ ਸਬੰਧਤ ਵਿਭਾਗਾਂ ਨੂੰ ਹੁਕਮ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਦਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਪਿੰਡ ਨੂੰ ਸੰਸਦ ਆਦਰਸ਼ ਗਰਾਮ ਯੋਜਨਾ ਅਧੀਨ ਚੁਣਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਮਨਰੇਗਾ ਤਹਿਤ ਪਿੰਡ ਹੇਰ ਅੰਦਰ ਪਾਰਕ ਦੀ ਉਸਾਰੀ, ਆਂਗਣਵਾੜੀ ਸੈਂਟਰ ਅਤੇ ਛੱਪੜਾਂ ਦੀ ਸਫਾਈ ਕਰਵਾਈ ਜਾ ਰਹੀ ਹੈ।ਵਧੀਕ ਡਿਪਟੀ ਕਮਿਸਨਰ ਨੇ ਦੱਸਿਆ ਕਿ ਕਾਰਜਕਾਰੀ ਇੰਜ: ਪੰਚਾਇਤੀ ਰਾਜ ਵੱਲੋਂ ਕਮਿਊਨਟੀ ਹਾਲ, ਸਟੇਡੀਅਮ, ਸਿਵਲ ਡਿਸਪੈਂਸਰੀ ਵਿੱਚ ਪਖਾਨਿਆਂ ਦੀ ਉਸਾਰੀ, ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਦੇ ਬੈਠਣ ਲਈ ਬੈਂਚਾਂ ਦਾ ਪ੍ਰਬੰਧ, ਸਟਰੀਟ ਲਾਈਟ ਆਦਿ ਕੰਮ ਕਰਵਾਏ ਜਾ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪਿੰਡ ਮਾਡਲ ਗ੍ਰਾਮ ਵਜੋਂ ਵਿਕਸਤ ਕਰਨ ਲਈ ਪਿੰਡ ਵਿੱਚ ਪੌਦੇ ਲਗਾਉਣੇ, ਰੂਰਲ ਲੈਟਰੀਨਜ਼ ਦੀ ਉਸਾਰੀ, ਨਵੇਂ ਲਿੰਕ ਅਤੇ ਪੁਰਾਣੇ ਪੈਚ ਵਰਕ ਦਾ ਕੰਮ, ਪਿੰਡ ਦੇ ਬਾਹਰਵਾਰ ਬੱਸ ਸਟਾਫ ਸੈਲਟਰ, ਬਿਜਲੀ ਦੀਆਂ ਤਾਰਾਂ ਦਾ ਰੱਖ ਰਖਾਵ, ਟਰਾਂਸਫਰ ਲਗਾਉਣ ਸਬੰਧੀ ਵੱਖ-ਵੱਖ ਵਿਭਾਗਾਂ ਨੂੰ ਐਸਟੀਮੇਟ ਤਿਆਰ ਕਰਨ ਲਈ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।ਰਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਇਨ੍ਹਾਂ ਕੰਮਾਂ ਨੂੰ ਪੂਰਾ ਕਰਨ ਲਈ ਹਰ ਵਿਭਾਗ ਸਭ ਤੋਂ ਪਹਿਲਾਂ ਆਪਣੀਆਂ ਵਿਭਾਗੀ ਸਕੀਮਾਂ ਰਾਹੀਂ ਫੰਡਜ ਜਟਾਉਣਗੇ ਅਤੇ ਹੋਰ ਲੋੜੀਂਦੇ ਫੰਡ ਐਮ:ਪੀ ਲੈਂਡ ਸਕੀਮ ਵਿੱਚੋ ਪੂਰੇ ਕੀਤੇ ਜਾਣਗੇ।ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਹੇਰ ਵਿੱਚ ਬੁਢਾਪਾ, ਅੰਗਹੀਣ, ਵਿਧਵਾਂ ਪੈਨਸ਼ਨਾਂ ਤਹਿਤ 245 ਲੋਕਾਂ ਦੀਆਂ ਪੈਨਸ਼ਨ ਲਗਾਈਆਂ ਜਾ ਚੁੱਕੀਆਂ ਹਨ।
ਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਸਥਿਤ ਹੱਡਾ ਰੋੜੀ ਨੂੰ ਮੌਜੂਦਾ ਸਥਾਨ ਤੋਂ ਬੰਦ ਕਰਕੇ ਕਿਸੇ ਹੋਰ ਥਾਂ ਤੇ ਤਬਦੀਲ ਕਰਨ ਲਈ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਕਿਹਾ ਗਿਆ ਹੈ।ਉਨ੍ਹਾਂ ਦੱਸਿਆ ਕਿ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਰਵੇ ਅਨੁਸਾਰ 100 ਘਰਾਂ ਵਿੱਚ ਪਖਾਨੇ ਬਣਾਏ ਜਾਣੇ ਹਨ, ਜਿੰਨਾਂ ਤੇ ਤੇਜੀ ਨਾਲ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਦੱਸਿਆ ਗਿਆ ਹੈ ਕਿ 90 ਫੀਸਦੀ ਗਲੀਆਂ-ਨਾਲੀਆਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਛੱਪੜ ਤੋਂ ਡਰੇਨ ਤੱਕ ਨਾਲਾ ਪੱਕਾ ਕਰਨਾ ਅਤੇ ਗਲੀਆਂ ਵਿੱਚ ਇੰਟਰਲਾਕਿੰਗ ਦਾ ਕੰਮ ਕਰਨਾ ਬਾਕੀ ਰਹਿ ਗਿਆ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media