ਖਸਰਾ ਰੁਬੈਲਾਂ ਦੀ ਜਾਣਕਾਰੀ ਲਈ ਹੈਲਪ ਲਾਈਨ ਨੰਬਰ ਜਾਰੀ- ਸਵੇਰੇ 8 ਵਜੇ ਤੋਂ 2 ਵਜੇ ਤੱਕ ਲੱਗਣਗੇ ਟੀਕੇ
ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਖਸਰਾ ਰੂਬੈਲਾ ਟੀਕਾਕਰਨ ਮੁਹਿੰਮ ਤਹਿਤ ਜਿਲੇ੍ਹ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ 9 ਮਹੀਨੇ ਤੋਂ ਲੈ ਕੇ 15 ਸਾਲ ਦੇ ਬੱਚਿਆਂ ਦਾ ਟੀਕਾਕਰਣ ਕੀਤਾ ਜਾ ਰਿਹਾ ਸੀ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਅੱਜ ਤੋਂ ਸਰਕਾਰੀ ਸਕੂਲਾਂ ਵਿੱਚ ਛੁੱਟੀਆਂ ਹੋਣ ਕਰਕੇ ਟੀਕਾਕਰਣ ਲਈ 20 ਸੈਂਟਰ ਬਣਾਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ 1 ਜੂਨ ਤੋਂ ਲੈ ਕੇ 30 ਜੂਨ ਤੱਕ (ਸਿਵਾਏ ਐਤਵਾਰ) ਸਵੇਰੇ 8 ਵਜੇ ਤੋਂ 2 ਵਜੇ ਤੱਕ ਬੱਚਿਆਂ ਨੂੰ ਟੀਕੇ ਲਗਾਏ ਜਾਣਗੇ। ਸ੍ਰ ਸੰਘਾ ਨੇ ਦੱਸਿਆ ਕਿ ਸਿਵਲ ਹਸਪਤਾਲ ਇਹ ਟੀਕੇ ਕਮਰਾ ਨੰ: 12 ਅਤੇ ਸਰਕਾਰੀ ਮੈਡੀਕਲ ਕਾਲਜ ਦੇ ਬੇਬੇ ਨਾਨਕੀ ਵਾਰਡ ਦੇ ਕਮਰਾ ਨੰ: 7 ਵਿੱਚ ਇਹ ਟੀਕੇ ਲਗਾਏ ਜਾਣਗੇ।ਉਨ੍ਹਾਂ ਦੱਸਿਆ ਕਿ ਹਰੇਕ ਬੁੱਧਵਾਰ ਅਤੇ ਸ਼ੁਕਰਵਾਰ ਸਵੇਰੇ 9 ਵਜੇ ਤੋ ਲੈ ਕੇ ਬਾ: ਦੁ: 2 ਵਜੇ ਤੱਕ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਇਹ ਟੀਕੇ ਆਪਣੇ ਬੱਚਿਆਂ ਨੂੰ ਲਗਵਾਏ ਜਾ ਸਕਦੇ ਹਨ।
ਸੰਘਾ ਨੇ ਦੱਸਿਆ ਕਿ ਖਸਰਾ ਰੁਬੈਲਾ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ 2 ਹੈਲਪਲਾਈਲ ਨੰਬਰ ਜਾਰੀ ਕੀਤੇ ਗਏ ਹਨ। ਇਨ੍ਹਾਂ ਨੰਬਰਾਂ ਤੋ ਕੋਈ ਵੀ ਵਿਅਕਤੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਮੋਬਾਇਲ ਨੰ: 99154-59377 ਬਖਸੀਸ਼ ਸਿੰਘ ਅਤੇ ਮੋਬਾ ਨੰ: 94640-84470 ਸ੍ਰ ਮਨਮੋਹਨ ਸਿੰਘ ਤੋਂ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੱਚਿਆਂ ਨੂੰ ਟੀਕਾ ਲਗਾਉਣ ਲਈ ਸ਼ਹਿਰ ਵਿੱਚ ਅਰਬਨ ਪ੍ਰਾਇਮਰੀ ਹੈਲਥ ਸੈਂਟਰਾਂ ਤੇ ਟੀਕੇ ਲਗਵਾਏ ਜਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਟਰਾਂ ਤੇ ਸਵੇਰੇ 8 ਵਜੇ ਤੋਂ 2 ਵਜੇ ਤੱਕ ਬੱਚਿਆਂ ਦਾ ਟੀਕਾਕਰਣ ਕੀਤਾ ਜਾਵੇਗਾ।ਸੰਘਾ ਨੇ ਦੱਸਿਆ ਕਿ ਇਹ ਸੈਂਟਰ ਬਾਬਾ ਸ੍ਰੀ ਚੰਦ ਖੂਹੀ ਬਸੰਤ ਐਵਨਿਊ, ਭਗਤਾਂਵਾਲਾ ਚੌਂਕ, ਭੱਦਰਕਾਲੀ ਕਲੋਨੀ, ਗਵਾਲ ਮੰਡੀ ਕਲੋਨੀ, ਮੇਨ ਰੋਡ ਛੇਹਰਟਾ, ਮਜੀਠਾ ਰੋਡ, ਢਾਬ ਖਟੀਕਾ, ਮਾਤਾ ਕੌਲਾਂ ਹਸਪਤਾਲ, ਤੁੰਗ ਬਾਲਾ, ਘਨੂੰਪੁਰ ਕਾਲੇ, ਗੇਟ ਖਜਾਨਾ, ਹੀਰਪੁਰਾ, ਜੋਧ ਨਗਰ, ਸੈਲੀਬਰੇਸ਼ਨ ਬੈਕ ਸਾਈਡ, ਕੋਟ ਖਾਲਸਾ, ਲੋਹਗੜ੍ਹ, ਮੁਸਤਫਾਬਾਦ, ਪੁਤਲੀਘਰ, ਬੀ ਬਲਾਕ ਰਣਜੀਤ ਐਵੀਨਿਊ, ਸਬਜੀ ਮੰਡੀ ਰਾਮਬਾਗ, ਸਕੱਤਰੀ ਬਾਗ ਦੇ ਅਰਬਨ ਪ੍ਰਾਇਮਰੀ ਹੈਲਥ ਸੈਂਟਰਾਂ ਤੇ ਇਹ ਟੀਕੇ ਲੱਗਣਗੇ।ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਸਾਰੇ ਸਬ ਡਵੀਜਨਾਂ ਹਸਪਤਾਲ ਕਮੇਟੀ ਹੈਲਥ ਸੈਂਟਰ, ਪ੍ਰਾਇਮਰੀ ਹੈਲਥ ਸੈਂਟਰ, ਸਬ ਡਵੀਜਨਲ ਹੈਲਥ ਸੇਟਰ ਅਤੇ ਆਂਗਨਵਾੜੀ ਸੈਂਟਰਾਂ ਵਿੱਚ ਵੀ ਇਹ ਟੀਕੇ ਲਗਾਏ ਜਾਣਗੇ।ਸੰਘਾ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਜਿਹੜੇ ਬੱਚਿਆਂ ਦਾ ਖਸਰਾ ਰੁਬੈਲਾ ਟੀਕਾਕਰਣ ਰਹਿ ਗਿਆ ਹੈ ਉਹ ਨਿਰਧਾਰਤ ਨਜਦੀਕੀ ਸੈਂਟਰ ਵਿੱਚ ਜਾ ਕੇ ਟੀਕਾਕਰਣ ਕਰਵਾਉਣ।
Punjab Post Daily Online Newspaper & Print Media