Saturday, June 14, 2025
Breaking News

ਵਤਨੋਂ ਦੂਰ ਭਾਰਤ – ਪਾਕਿ ਦਾ ਸਾਂਝਾ ਆਜਾਦੀ ਦਿਵਸ ਮਨਾਉਣਾ ਦੋਸਤੀ ਦੀ ਮਿਸਾਲ- ਡਾ. ਚੀਮਾ

PPN13081401
ਐਡਮਿੰਟਨ, 13  ਅਗਸਤ ( ਬਿਊਰੋ)- ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿਚਾਲੇ ਪਿਆਰ ਅਤੇ ਸਾਂਝ ਦਾ ਰਿਸ਼ਤਾ ਬਹੁਤ ਹੀ ਪਕੇਰਾ ਹੈ ਤੇ ਇਸੇ ਸਾਂਝ ਤਹਿਤ ਵਤਨਾਂ ਤੋਂ ਦੂਰ ਬੈਠੇ ਪੰਜਾਬੀ ਭਰਾ ਭਾਰਤ-ਪਾਕਿਸਤਾਨ ਦੇ ਆਜਾਦੀ ਦਿਵਸ ਸਾਂਝੇ ਰੂਪ ਵਿਚ ਮਨਾ ਕੇ ਦੋਸਤੀ ਦੀ ਇਕ ਮਿਸਾਲ ਕਾਇਮ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਨੇ ਐਡਮਿੰਟਨ ਵਿਖੇ ਭਾਰਤ-ਪਾਕਿ ਭਾਈਚਾਰੇ ਵੱਲੋਂ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਡਾ ਚੀਮਾ ਨੇ ਹੋਰ ਕਿਹਾ ਕਿ ਭਾਰਤ ਅਤੇ ਪਾਕਿਸਤਾਨੀ ਭਾਈਚਾਰੇ ਵਿਚਾਲੇ ਮਜ਼ਬੂਤ ਸਾਂਝ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਪੁਰਖੇ ਵੀ ਪਾਕਿਸਤਾਨੀ ਪੰਜਾਬ ਨਾਲ ਸਬੰਧਿਤ ਸਨ। ਵੰਡ ਉਪਰੰਤ ਉਹਨਾਂ ਦੇ ਪਿਤਾ ਜੀ ਆਪਣੇ ਪਰਿਵਾਰ ਸਮੇਤ ਭਾਰਤੀ ਪੰਜਾਬ ਵਿਚ ਆਣ ਵੱਸੇ ਪਰ ਉਹ ਅਕਸਰ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਆਪਣੇ ਪਾਕਿਸਤਾਨ ਵਿਚਲੇ ਪਿੰਡ ਵੱਸਣਕੇ ਦਾ ਜ਼ਿਕਰ ਕਰਨਾ ਕਦੇ ਨਹੀਂ ਸੀ ਭੁੱਲਦੇ। ਉਹਨਾਂ ਵੱਲੋਂ ਵਾਰ ਵਾਰ ਆਪਣੇ ਪਿੰਡ ਵੱਸਣਕੇ ਦਾ ਜ਼ਿਕਰ ਕਰਨ ਨਾਲ ਉਹਨਾਂ ਦੇ ਸਾਰੇ ਪਰਿਵਾਰ ਦੇ ਮਨਾਂ ਵਿਚ ਵੀ ਵੱਸਣਕੇ ਪਿੰਡ ਵੱਸ ਗਿਆ। ਇਸ ਲਈ ਉਹ ਸਮਝਦੇ ਹਨ ਉਹਨਾਂ ਦੀ ਅੱਜ ਵੀ ਪਾਕਿਸਤਾਨੀ ਪੰਜਾਬ ਨਾਲ ਇਕ ਸਾਂਝ ਹੈ। ਉਹਨਾਂ ਭਾਰਤ ਦੇ ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਅਤੇ ਸਤਨਾਮ ਸਿੰਘ ਮਾਣਕ ਦੁਆਰਾ ਸੰਚਾਲਿਤ ਹਿੰਦ-ਪਾਕਿ ਦੋਸਤੀ ਮੰਚ ਵੱਲੋਂ ਦੋਵਾਂ ਮੁਲਕਾਂ ਵਿਚਾਲੇ ਦੋਸਤੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਹਰ ਸਾਲ ਆਜ਼ਾਦੀ ਦੀ ਪੂਰਵ ਸੰਧਿਆ ‘ਤੇ ਮੋਮਬੱਤੀਆਂ ਜਗਾਉਣ ਅਤੇ ਸਭਿਆਚਾਰਕ ਪ੍ਰੋਗਰਾਮ ਕੀਤੇ ਜਾਣ ਦਾ ਖਾਸ ਜ਼ਿਕਰ ਕੀਤਾ। ਉਹਨਾਂ ਕਿਹਾ ਉਹਨਾਂ ਨੂੰ ਅੱਜ ਵੀ ਇਸ ਗੱਲ ਦਾ ਮਾਣ ਹੈ ਕਿ ਉਹ ਹਿੰਦ ਪਾਕਿ ਦੋਸਤੀ ਮੰਚ ਦਾ ਲੰਬਾ ਸਮਾਂ ਇਕ ਹਿੱਸਾ ਰਹੇ ਹਨ। ਉਹਨਾਂ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਕਿ ਵਤਨੋਂ ਦੂਰ ਬੈਠਾ ਸਾਰਾ ਪੰਜਾਬੀ ਭਾਈਚਾਰਾ ਅਮਨ ਅਤੇ ਆਪਸੀ ਸਾਂਝ ਨੂੰ ਵਧਾਉਣ ਲਈ ਸਾਰਥਿਕ ਯਤਨ ਕਰ ਰਿਹਾ ਹੈ। ਇਸ ਮੌਕੇ ਭਾਰਤ-ਪਾਕਿਸਤਾਨ ਆਜਾਦੀ ਦਿਵਸ ਨੂੰ ਸਮਰਪਿਤ ਦੋਵਾਂ ਮੁਲਕਾਂ ਦੇ ਕੌਮੀ ਤਰਾਨੇ ਗਾਏ ਗਏ ਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਦੇ ਪ੍ਰਬੰਧਕ ਵਿਧਾਇਕ ਸੁਹੇਲ ਕਾਦਰੀ ਅਤੇ ਜਨਾਬ ਤਾਰਿਕ ਚੌਧਰੀ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ। 

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply