Thursday, June 11, 2026

ਪੰਜਾਬ ਦੇ ਪਾਣੀ ਤੇ ਆਬੋ-ਹਵਾ ਨੂੰ ਗੰਦਲਾ ਕਰਨ ਵਾਲਿਆਂ ਨੂੰ ਮਿਲੇ ਸਖਤ ਸਜ਼ਾ – ਸਿੱਧੂ

ਅੰਮ੍ਰਿਤਸਰ ਤੋਂ ਮਿਸ਼ਨ ਤੰਦਰੁਸਤ ਪੰਜਾਬ ਦਾ ਆਗਾਜ਼
ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਪਾਣੀ, ਹਵਾ, ਸਿਹਤ ਅਤੇ ਵਾਤਾਵਰਣ PPN0506201809ਬਚਾਉਣ ਲਈ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਦਾ ਆਗਾਜ਼ ਕਰਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਡੀ ਨਿੱਜ ਦੀ ਸੋਚ ਨੇ ਪੰਜਾਬ ਦਾ ਵਾਤਾਵਰਣ ਪਲੀਤ ਕਰ ਕੇ ਰੱਖ ਦਿੱਤਾ ਹੈ ਅਤੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਹਿਰੀਲਾ ਪਾਣੀ, ਗੰਦੀ ਹਵਾ, ਕੂੜੇ ਦੇ ਢੇਰ ਅਤੇ ਜਮਾਂਦਰੂ ਬਿਮਾਰੀਆਂ ਦੇ ਰਹੇ ਹਾਂ।ਉਨਾਂ ਕਿਹਾ ਕਿ ਜੇਕਰ ਅਸੀਂ ਨਾ ਸੁਧਰੇ ਤਾਂ ਉਹ ਦਿਨ ਦੂਰ ਨਹੀਂ ਜਦ ਪੰਜ ਦਰਿਆਵਾਂ ਦੀ ਇਸ ਧਰਤੀ ਤੋਂ ਮਨੁੱਖੀ ਜੀਵਨ ਖਤਮ ਹੋ ਜਾਵੇਗਾ।ਉਨਾਂ ਕਿਹਾ ਕਿ ਪੰਜਾਬ ਦੀ ਆਬੋ-ਹਵਾ ਨੂੰ ਗੰਦਾ ਕਰਨ ਤੇ ਮਿਲਾਵਟਖੋਰਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।  
         ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਜਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਵਿਸ਼ੇਸ਼ ਪ੍ਰੋ੍ਰਰਾਮ ਨੂੰ ਸੰਬੋਧਨ ਕਰਦੇ ਸ. ਸਿੱਧੂ ਨੇ ਕਿਹਾ ਕਿ ਬਚਪਨ ਵਿਚ ਅਸੀਂ ਸਾਰੇ ਨਲਕੇ ਨੂੰ ਮੂੰਹ ਲਗਾ ਕੇ ਪਾਣੀ ਪੀਂਦੇ ਸੀ ਅਤੇ ਅੱਜ ਪੰਜਾਬ ਦੇ ਬਹੁਤੇ ਹਿੱਸੇ ਵਿਚ ਨਲਕੇ ਸੁੱਕ ਗਏ ਹਨ। ਸ਼ੁੱਧ ਪਾਣੀ ਦਾ ਪੱਧਰ ਜੋ ਪੰਜ-ਦਸ ਫੁੱਟ ’ਤੇ ਸੀ ਅੱਜ 250 ਫੁੱਟ ਹੇਠਾਂ ਚਲਾ ਗਿਆ ਹੈ ਅਤੇ ਉਹ ਵੀ ਸ਼ੁੱਧ ਨਹੀਂ ਮਿਲ ਰਿਹਾ, ਯੂਰੇਨੀਅਮ ਵਰਗਾ ਜ਼ਹਿਰ ਪਾਣੀ ਵਿਚ ਪਹੁੰਚ ਗਿਆ ਹੈ।ਪਾਣੀ ਦਾ ਬੋਰ ਜੋ ਸੈਂਕੜਿਆਂ ਵਿਚ ਹੁੰਦਾ ਸੀ ਹੁਣ ਲੱਖਾਂ ਰੁਪਏ ਖਰਚਣੇ ਪੈ ਰਹੇ ਹਨ।ਉਨਾਂ ਕਿਹਾ ਕਿ ਉਸ ਵੇਲੇ ਰਾਜ ਦਾ 47 ਫੀਸਦੀ ਭਾਗ ਜੰਗਲ ਹੇਠ ਸੀ ਅਤੇ ਹੁਣ ਕੇਵਲ 3 ਫੀਸਦੀ ਰਹਿ ਗਿਆ।ਸਿੱਧੂ ਨੇ ਕਿਹਾ ਕਿ ਸਾਡੇ ਨਿੱਜੀ ਮੁਫਾਦ ਨੇ ਅੰਮਿ੍ਰਤ ਰੂਪੀ ਦੁੱਧ ਵਿਚ ਜ਼ਹਿਰ ਘੋਲ ਦਿੱਤਾ, ਫਲ ਤੇ ਸਬਜੀਆਂ ਜ਼ਹਿਰੀ ਬਣ ਗਈਆਂ, ਖਾਣ-ਪੀਣ ਨੂੰ ਸ਼ੁੱਧ ਪਦਾਰਥ ਨਹੀਂ ਮਿਲ ਰਹੇ, ਕਿਸਾਨ ਬੇਤਹਾਸ਼ਾ ਖਾਦਾਂ ਰੂਪੀ ਜ਼ਹਿਰ ਧਰਤੀ ਵਿਚ ਪਾ ਰਿਹਾ ਅਤੇ ਸਨਅਤਕਾਰ ਆਪਣਾ ਛੋਟਾ ਜਿਹਾ ਖਰਚਾ ਬਚਾਉਣ ਲਈ ਜ਼ਹਿਰੀਲਾ ਪਾਣੀ ਸਿੱਧਾ ਬਰਸਾਤੀ ਨਾਲਿਆਂ ਅਤੇ ਬੋਰ ਕਰਕੇ ਧਰਤੀ ਵਿਚ ਪਾ ਰਹੇ ਹਨ।
      ਉਨਾਂ ਕਿਹਾ ਕਿ ਇਸ ਸਭ ਭੈੜੇ ਵਰਤਾਰੇ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪੈਣਾ ਹੈ ਅਤੇ ਜਦ ਤੱਕ ਇਹ ਲੋਕ ਲਹਿਰ ਨਹੀਂ ਬਣਦੀ, ਤਦ ਤੱਕ ਇਹ ਗੰਭੀਰ ਮਸਲਾ ਹੱਲ ਨਹੀਂ ਹੋਣਾ। ਸ. ਸਿੱਧੂ ਨੇ ਕਿਹਾ ਕਿ ਮੈਂ ਤਾਂ ਆਪਣਾ ਬਚਦਾ ਜੀਵਨ ਪੰਜਾਬ ਦੇ ਨਾਮ ਲਗਾ ਦਿੱਤਾ ਹੈ ਪਰ ਇਸ ਕੰਮ ਵਿਚ ਮੈਨੂੰ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ।ਉਨਾਂ ਕਿਹਾ ਕਿ ਪੰਜਾਬੀ ਆਪਣੀ ਅਲਖ ਜਗਾਉਣ ਤਾਂ ਪੰਜਾਬ ਬਚ ਸਕਦਾ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬ ਬੰਜ਼ਰ ਹੋ ਜਾਵੇਗਾ।
        ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਇਹ ਬਣ ਚੁੱਕੇ ਹਨ ਕਿ ਪਾਣੀ ਦੀ ਵਰਤੋਂ ਕਰਨ ਵਾਲੀਆਂ ਸਨਅਤਾਂ ਨੂੰ ਡਾਰਕ ਜ਼ੋਨਾਂ ਵਿਚ ਸਨਅਤ ਲਗਾਉਣ ਲਈ ਲਾਇਸੈਂਸ ਤੱਕ ਨਹੀਂ ਮਿਲ ਰਹੇ ਅਤੇ ਸਨਅਤ ਤੋਂ ਬਿਨਾਂ ਰੋਜ਼ਗਾਰ ਦੇ ਮੌਕੇ ਪੈਦਾ ਹੋਣੇ ਅਸੰਭਵ ਹਨ। ਉਨਾਂ ਕਿਹਾ ਕਿ ਜੇਕਰ ਇਸੇ ਤਰਾਂ ਪਾਣੀ ਹੇਠਾਂ ਜਾਂਦਾ ਰਿਹਾ ਅਤੇ ਹਵਾ ਗੰਦਲੀ ਹੁੰਦੀ ਰਹੀ ਤਾਂ ਪੰਜਾਬ ਦੀਆਂ ਜ਼ਮੀਨਾਂ ਸਨਅਤ ਲਗਾਉਣ ਜੋਗੀਆਂ ਵੀ ਨਹੀਂ ਰਹਿਣੀਆਂ।ਉਨਾਂ ਸਰਕਾਰ ਦੇ ਉਦਮ ਦੀ ਸਰਾਹਨਾ ਕਰਦੇ ਕਿਹਾ ਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਦਾ ਉਦਮ ਹੈ ਅਤੇ ਲੋੜ ਹੈ ਕਿ ਆਪਾਂ ਸਾਰੇ ਪੰਜਾਬ ਨੂੰ ਬਚਾਉਣ ਲਈ ਅੱਗੇ ਆਈਏ।
       ਹੋਰਨਾਂ ਤੋਂ ਇਲਾਵਾ ਇਸ ਮੌਕੇ ਪੀ.ਏ.ਯੂ ਦੇ ਡਾਕਟਰ ਰਿਸ਼ੀ ਇੰਦਰ ਗਿੱਲ ਤੇ ਡਾ. ਸ਼ੰਮੀ ਕਪੂਰ, ਆਈ.ਐਮ.ਏ ਦੇ ਡਾਕਟਰ ਰਾਹੁਲ, ਡਾ. ਜਸਵਿੰਦਰ ਸਿੰਘ ਬਿਲਗਾ, ਡਾ. ਦਲਬੀਰ ਸਿੰਘ ਛੀਨਾ, ਡਾ. ਮਨਪ੍ਰੀਤ ਸਿੰਘ ਭੱਟੀ ਨੇ ਵੀ ਲੋਕਾਂ ਨੂੰ  ਸੰਬੋਧਨ ਕੀਤਾ।ਵਿਰਸਾ ਵਿਹਾਰ ਦੀ ਟੀਮ ਵੱਲੋਂ ਵਿਸ਼ੇ ’ਤੇ ਅਧਾਰਤ ਨਾਟਕ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ। ਜੰਗਲਾਤ ਵਿਭਾਗ ਵੱਲੋਂ ਲੋਕਾਂ ਨੂੰ ਮੁਫ਼ਤ ਬੂਟੇ ਵੰਡੇ ਗਏ।ਇਸ ਮੌਕੇ ਵਾਤਾਵਰਣ ਬਚਾਉਣ ਵਿਚ ਯੋਗਦਾਨ ਬਦਲੇ ਸੇਵਾ ਮੁੱਕਤ ਆਈ.ਜੀ ਸਰੂਪ ਸਿੰਘ, ਅਰਜਨ ਐਵਾਰਡੀ ਖਿਡਾਰੀ ਬ੍ਰਿਗੇਡੀਅਰ ਹਰਚਰਨ ਸਿੰਘ, ਹਰਦੀਪ ਸਿੰਘ ਭੁੱਲਰ ਤੇ ਮਿਸ ਸੁਮਨ ਸ਼ਰਮਾ ਨੂੰ ਵਿਸ਼ੇਸ ਤੌਰ ’ਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ।ਕਣਕ ਦਾ ਨਾੜ ਤੇ ਪਰਾਲੀ ਨਾ ਸਾੜਨ ਵਾਲੇ 103 ਕਿਸਾਨਾਂ ਦਾ ਸਨਮਾਨ ਵੀ ਮੁੱਖ ਮਹਿਮਾਨ ਵੱਲੋਂ ਕੀਤਾ ਗਿਆ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply